ਨਵੀਂ ਦਿੱਲੀ (ਪੀਟੀਆਈ) : ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2020 ਨੂੰ ਕੋਵਿਡ-19 ਮਹਾਮਾਰੀ ਕਾਰਨ ਚੱਲ ਰਹੀਆਂ ਪਾਬੰਦੀਆਂ ਤੇ ਗ਼ੈਰਯਕੀਨੀ ਕਾਰਨ ਵੀਰਵਾਰ ਨੂੰ ਰੱਦ ਕਰ ਦਿੱਤਾ ਗਿਆ।

ਨਿਊਜ਼ੀਲੈਂਡ 'ਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਨੂੰ ਇਸ ਤੋਂ ਪਹਿਲਾਂ ਜਨਵਰੀ 2021 ਤਕ ਮੁਲਤਵੀ ਕੀਤਾ ਗਿਆ ਸੀ। ਇਸ ਚੈਂਪੀਅਨਸ਼ਿਪ ਦਾ ਸ਼ੁਰੂਆਤੀ ਪ੍ਰੋਗਰਾਮ ਸਤੰਬਰ-ਅਕਤੂਬਰ ਦਾ ਸੀ। ਬੈਡਮਿੰਟਨ ਵਿਸ਼ਵ ਮਹਾਸੰਘ (ਬੀਡਬਲਯੂਐੱਫ) ਦੇ ਜਨਰਲ ਸਕੱਤਰ ਥਾਮਸ ਨੇ ਕਿਹਾ ਕਿ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਤੇ ਮੁਸ਼ਕਲਾਂ ਕਾਰਨ ਚੈਂਪੀਅਨਸ਼ਿਪ ਦੀ ਯੋਜਨਾ ਬਣਾਉਣਾ ਨਾਮੁਮਕਿਨ ਹੈ ਤੇ ਇਸ ਲਈ ਜਨਵਰੀ 2021 ਵਿਚ ਨਿਊਜ਼ੀਲੈਂਡ ਵਿਚ ਇਸ ਦੀ ਮੇਜ਼ਬਾਨੀ ਨਹੀਂ ਹੋ ਸਕੇਗੀ।

2021 ਦਾ ਮੇਜ਼ਬਾਨ ਪਹਿਲਾਂ ਹੀ ਤੈਅ ਹੈ ਤੇ ਕੋਵਿਡ-19 ਨਾਲ ਜੁੜੀ ਗ਼ੈਰਯਕੀਨੀ ਦੇ ਅਗਲੇ ਸਾਲ ਵੀ ਜਾਰੀ ਰਹਿਣ ਦਾ ਸ਼ੱਕ ਹੈ ਤੇ ਇਸ ਕਾਰਨ ਚੈਂਪੀਅਨਸ਼ਿਪ ਮੁਲਤਵੀ ਕਰਨਾ ਬਦਲ ਨਹੀਂ ਸੀ। ਹਾਲਾਂਕਿ ਬੈਡਮਿੰਟਨ ਨਿਊਜ਼ੀਲੈਂਡ ਬੀਡਬਲਯੂਐੱਫ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਹੁਣ ਵੀ ਵਚਨਬੱਧ ਹੈ ਤੇ ਬੀਡਬਲਯੂਐੱਫ ਨੇ ਮੌਜੂਦਾ ਟੂਰਨਾਮੈਂਟ ਦੀ ਥਾਂ 2024 ਦੀ ਮੇਜ਼ਬਾਨੀ ਦੇ ਉਨ੍ਹਾਂ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ।

ਬੀਡਬਲਯੂਐੱਫ ਕੌਂਸਲ 2018 ਵਿਚ ਹੀ 2021, 2022 ਤੇ 2023 ਦੀਆਂ ਚੈਂਪੀਅਨਸ਼ਿਪਾਂ ਦੇ ਮੇਜ਼ਬਾਨਾਂ ਦਾ ਐਲਾਨ ਕਰ ਚੁੱਕਾ ਹੈ ਜਿਸ ਕਾਰਨ ਅਗਲੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ 2024 ਵਿਚ ਹੀ ਉਪਲੱਬਧ ਹੈ।