ਟੋਕੀਓ (ਏਪੀ) : ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਕੋਰੋਨਾ ਵਾਇਰਸ ਕਾਰਨ ਇਕ ਸਾਲ ਲਈ ਮੁਲਤਵੀ ਕੀਤੇ ਗਏ ਓਲੰਪਿਕ ਖੇਡ ਅਗਲੇ ਸਾਲ ਕਰਵਾਏ ਜਾਣਗੇ। ਪ੍ਰਬੰਧਕਾਂ ਵੱਲੋਂ ਇਹ ਬਿਆਨ ਇਸ ਲਈ ਆਇਆ ਹੈ ਕਿਉਂਕਿ ਪਿਛਲੇ ਦਿਨੀਂ ਜਾਪਾਨ ਵਿਚ ਕਰਵਾਏ ਗਏ ਇਕ ਸਰਵੇਖਣ ਮੁਤਾਬਕ 77 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਅਗਲੇ ਸਾਲ ਇਨ੍ਹਾਂ ਖੇਡਾਂ ਨੂੰ ਕਰਵਾਇਆ ਜਾ ਸਕੇਗਾ। ਜਾਪਾਨ ਨਿਊਜ਼ ਨੈੱਟਵਰਕ ਵੱਲੋਂ ਕਰਵਾਏ ਗਏ ਇਸ ਸਰਵੇਖਣ ਮੁਤਾਬਕ ਸਿਰਫ਼ 17 ਫ਼ੀਸਦੀ ਲੋਕਾਂ ਨੂੰ ਲਗਦਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਅਗਲੇ ਸਾਲ ਟੋਕੀਓ ਓਲੰਪਿਕ ਖੇਡਾਂ ਨੂੰ ਕਰਵਾਇਆ ਜਾ ਸਕਦਾ ਹੈ। ਟੋਕੀਓ ਓਲੰਪਿਕ ਦੇ ਬੁਲਾਰੇ ਮਾਸਾ ਤਕਾਇਆ ਨੇ ਵੀਰਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਦੇ ਸਰਵੇਖਣ ਕਰਵਾਏ ਜਾਂਦੇ ਹਨ ਉਸ ਨਾਲੋਂ ਬਹੁਤ ਵੱਖ ਤਰ੍ਹਾਂ ਦੇ ਸੁਨੇਹੇ ਮਿਲ ਸਕਦੇ ਹਨ। ਸਾਡਾ ਇੱਕੋ ਇਕ ਟੀਚਾ ਓਲੰਪਿਕ ਖੇਡਾਂ ਨੂੰ 23 ਜੁਲਾਈ 2021 ਤੋਂ ਸ਼ੁਰੂ ਕਰਨ ਦਾ ਹੈ। ਪਿਛਲੇ ਮਹੀਨੇ ਜਾਪਾਨੀ ਨਿਊਜ਼ ਏਜੰਸੀ ਕਿਓਦੋ ਤੇ ਇਕ ਟੀਵੀ ਚੈਨਲ ਦੇ ਸਰਵੇਖਣ ਵਿਚ ਪਾਇਆ ਗਿਆ ਸੀ ਕਿ 51.7 ਫ਼ੀਸਦੀ ਲੋਕਾਂ ਨੂੰ ਨਹੀਂ ਲਗਦਾ ਕਿ ਅਗਲੇ ਸਾਲ ਖੇਡਾਂ ਹੋਣੀਆਂ ਚਾਹੀਦੀਆਂ ਹਨ ਪਰ 46 ਫ਼ੀਸਦੀ ਓਲੰਪਿਕ ਨੂੰ ਸਮੇਂ 'ਤੇ ਹੁੰਦੇ ਦੇਖਣਾ ਚਾਹੁੰਦੇ ਹਨ।