ਸਾਲ 2021 ਖੇਡ ਜਗਤ ਲਈ ਅਮਿੱਟ ਯਾਦਾਂ ਛੱਡ ਗਿਆ। ਬੀਤਿਆ ਸਾਲ ਖੇਡਾਂ ਪੱਖੋਂ ਵੀ ਬੜਾ ਮਹੱਤਵਪੂਰਨ ਸਾਲ ਰਿਹਾ। ਇਸ ਸਾਲ ਭਾਰਤ ਨੇ ਟੋਕੀਓ ਓਲੰਪਿਕ ’ਚ ਕੁਝ ਖੱਟਿਆ ਵੀ ਤੇ ਗੁਆਇਆ ਵੀ। ਦੇਸ਼ ਨੂੰ ਕਈ ਸਾਲਾਂ ਬਾਅਦ ਹਾਕੀ ਅਤੇ ਅਥਲੈਟਿਕਸ ’ਚ ਮੈਡਲ ਹਾਸਲ ਹੋਏ। ਗੱਲ ਕਰਦੇ ਹਾਂ ਇਸ ਸਾਲ ਖੇਡ ਜਗਤ ਦੀਆਂ ਮਹੱਤਵਪੂਰਨ ਝਲਕੀਆਂ ਬਾਰੇ।

ਓਲੰਪਿਕਸ ’ਚ ਦੋ ਤਗਮੇ ਜਿੱਤਣ ਵਾਲੀ ਸ਼ਟਲਰ ਪੀਵੀ ਸਿੰਧੂ

ਪੀਵੀ ਸਿੰਧੂ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਹੈ, ਜਿਸ ਨੂੰ ਲਗਾਤਾਰ ਓਲੰਪਿਕ ਖੇਡਾਂ ਦੇ ਦੋ ਅਡੀਸ਼ਨਾਂ ’ਚ ਦੋ ਤਗਮੇ ਜਿੱਤਣ ਦਾ ਹੱਕ ਹਾਸਲ ਹੋਇਆ। ਮਹਿਲਾ ਤੇ ਪੁਰਸ਼ ਵਰਗ ’ਚ ਭਲਵਾਨ ਸੁਸ਼ੀਲ ਕੁਮਾਰ ਤੋਂ ਬਾਅਦ ਪੀਵੀ ਸਿੰਧੂ ਦੂਜੀ ਖਿਡਾਰਨ ਹੈ, ਜਿਸ ਨੇ ਰੀਓ-2016 ਓਲੰਪਿਕਸ ’ਚ ਚਾਂਦੀ ਤੇ ਟੋਕੀਓ-2020 ’ਚ ਤਾਂਬੇ ਦੇ ਤਗਮੇ ਨਾਲ ਓਲੰਪਿਕ ਖੇਡਾਂ ’ਚ ਦੋ ਮੈਡਲ ਜਿੱਤੇ ।

ਸਿਲਵਰ ਮੈਡਲਿਸਟ ਭਲਵਾਨ ਰਵੀ ਦਹੀਆ

ਹਰਿਆਣਾ ਦੇ ਭਲਵਾਨ ਰਵੀ ਦਹੀਆ ਨੇ ਟੋਕੀਓ ਓਲੰਪਿਕ ’ਚ ਫ੍ਰੀ-ਸਟਾਈਲ ਕੁਸ਼ਤੀ ਦੇ 57 ਕਿੱਲੋ ਭਾਰ ਵਰਗ ’ਚ ਦੇਸ਼ ਦੀ ਝੋਲੀ ’ਚ ਸਿਲਵਰ ਮੈਡਲ ਪਾਉਣ ’ਚ ਸਫਲਤਾ ਹਾਸਲ ਕੀਤੀ ਹੈ। ਸਾਬਕਾ ਓਲੰਪੀਅਨ ਭਲਵਾਨ ਸੁਸ਼ੀਲ ਕੁਮਾਰ ਤੋਂ ਬਾਅਦ ਰਵੀ ਦਹੀਆ ਦੇਸ਼ ਦਾ ਦੂਜਾ ਭਲਵਾਨ ਹੈ, ਜਿਸ ਨੂੰ ਓਲੰਪਿਕ ਖੇਡਾਂ ਦੇ ਰੈਸਿਗ ਈਵੈਂਟ ’ਚ ਚਾਂਦੀ ਦਾ ਤਗਮਾ ਹਾਸਲ ਹੋਇਆ।

ਸਿਲਵਰ ਮੈਡਲਿਸਟ ਮੀਰਾਬਾਈ ਚਾਨੂ

2018 ’ਚ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਹਾਸਲ ਵਾਲੀ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਖੇਡਾਂ ’ਚ ਇਤਿਹਾਸ ਸਿਰਜਦਿਆਂ ਚਾਂਦੀ ਦਾ ਤਗਮਾ ਹਾਸਲ ਕਰ ਕੇ ਦੇਸ਼-ਵਿਦੇਸ਼ ’ਚ ਚੰਗੀਆਂ ਸੁਰਖੀਆਂ ਬਟੋਰੀਆਂ। 27 ਸਾਲਾ ਮੀਰਾਬਾਈ ਦੇਸ਼ ਦੀ ਦੂਜੀ ਭਾਰਤੋਲਕ ਹੈ, ਜਿਸ ਨੇ ਓਲੰਪਿਕ ਖੇਡਾਂ ’ਚ ਮੈਡਲ ਹਾਸਲ ਕੀਤਾ।

ਸੇਗੂਰਾ ਬਣੀ ਮਹਿਲਾ ਬੈਸਟ ਫੁੱਟਬਾਲਰ

ਸਾਲ-2011 ’ਚ ਸਪੇਨ ਦੀ ਕੌਮੀ ਮਹਿਲਾ ਫੁੱਟਬਾਲ ’ਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਲੈਕਸਿਸ ਸੇਗੂਰਾ ਨੂੰ ਫੀਫਾ ਦੇ ਪ੍ਰਬੰਧਕਾਂ ਵੱਲੋਂ ਸਾਲ 2021 ਲਈ ‘ਬੈਸਟ ਮਹਿਲਾ ਫੁੱਟਾਲ ਪਲੇਅਰ ਆਫ ਦਿ ਈਅਰ’ ਦੇ ਖਿਤਾਬ ਨਾਲ ਸਨਮਾਨਿਆ ਗਿਆ। ਸਪੇਨ ਦੀ ਕੌਮੀ ਮਹਿਲਾ ਟੀਮ ਲਈ 116 ਆਲਮੀ ਮੈਚਾਂ ’ਚ 37 ਗੋਲ ਸਕੋਰ ਕਰਨ ਵਾਲੀ ਸੇਗੂਰਾ ਅਲੈਕਸਿਸ ਯੂਰਪ ਨੇ ਕਲੱਬ ਪੱਧਰ ’ਤੇ ਲੰਘੇ ਸੀਜ਼ਨ ’ਚ ਸਭ ਤੋਂ ਵੱਧ 26 ਗੋਲ ਸਕੋਰ ਕੀਤੇ ਹਨ।

ਲਵਲੀਨਾ ਨੇ ਜਿੱਤਿਆ ਤਾਂਬੇ ਦਾ ਤਗਮਾ

ਆਸਾਮ ਦੀ ਮੁੱਕੇਬਾਜ਼ ਲਵਲੀਨਾ ਨੇ ਟੋਕੀਓ ਓਲੰਪਿਕ ’ਚ ਵੈਲਟਰ ਵੇਟ ਮੁੱਕੇਬਾਜ਼ੀ ’ਚ ਤਾਂਬੇ ਦਾ ਤਗਮਾ ਹਾਸਲ ਕੀਤਾ।

ਭਲਵਾਨ ਬਜਰੰਗ ਪੂਨੀਆ ਨੇ ਜਿੱਤਿਆ ਤਾਂਬਾ

ਭਲਵਾਨ ਬਜਰੰਗ ਪੂਨੀਆ ਨੇ ਟੋਕੀਓ ਓਲੰਪਿਕ ’ਚ ਤਾਂਬੇ ਦਾ ਤਗਮਾ ਹਾਸਲ ਕਰ ਕੇ ਆਪਣੀ ਬੇਮਿਸਾਲ ਤਾਕਤ ਦਾ ਮੁਜ਼ਾਹਰਾ ਕੀਤਾ।

ਰੋਨਾਲਡੋ ਨੇ 801 ਗੋਲ ਕਰਨ ਦਾ ਬਣਾਇਆ ਰਿਕਾਰਡ

ਪੁਰਤਗਾਲੀ ਸੌਕਰ ਟੀਮ ਦੇ ਕਪਤਾਨ ਕਰਿਸਟੀਆਨੋ ਰੋਨਾਲਡੋ ਨੇ 8 ਗੋਲਾਂ ਦੀਆਂ ਸੈਂਚਰੀਆਂ ਪੂਰੀਆਂ ਕਰ ਕੇ ਆਪਣੇ ਖਾਤੇ ’ਚ 801 ਗੋਲ ਜਮ੍ਹਾਂ ਕਰਨ ਦਾ ਆਲਮੀ ਰਿਕਾਰਡ ਸਥਾਪਤ ਕੀਤਾ ਹੈ।

ਸੌ ਮੀਟਰ ਫਰਾਟਾ ਰੇਸ ’ਚ ਮਿਲਿਆ ਨਵਾਂ ਚੈਂਪੀਅਨ

ਓਲੰਪਿਕ ਖੇਡਾਂ ਦੇ ਸਭ ਤੋਂ ਵੱਡੇ ਖੇਡ ਈਵੈਂਟ 100 ਮੀਟਰ ਫਰਾਟਾ ਦੌੜ ’ਚ ਇਟਲੀ ਦੇ 26 ਸਾਲਾ ਮਾਰਸਲ ਜੈਕਬਸ ਦੇ ਰੂਪ ’ਚ ਨਵਾਂ ਚੈਂਪੀਅਨ ਮਿਲ ਗਿਆ ਹੈ। ਤਿੰਨ ਓਲੰਪਿਕਸ ਗੇਮਜ਼ ’ਚ ਲਗਾਤਾਰ 100 ਮੀਟਰ ਤੇਜ਼ ਦੌੜ ’ਚ ਆਪਣੀ ਬਾਦਸ਼ਾਹਤ ਕਾਇਮ ਕਰਨ ਵਾਲੇ ਜਮਾਇਕਾ ਦੇ ਸਪਰਿੰਟ ਕਿੰਗ ਓਸੇਨ ਬੋਲਟ ਅਤੇ 6 ਓਲੰਪਿਕ ਖੇਡਾਂ ਤੋਂ ਬਾਅਦ ਯੂਰਪ ਦੇ ਮਾਰਸਲ ਜੈਕਬਸ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ ਹੈ।

ਚਾਰ ਓਲੰਪਿਕ ਜਿੱਤਣ ਵਾਲੀ ਸ਼ੈਲੀ ਫਰੇਜ਼ਰ ਨੇ ਲਿਆ ਸੰਨਿਆਸ

ਸ਼ੈਲੀ ਫਰੇਜ਼ਰ ਦੁਨੀਆ ਦੀ ਪਲੇਠੀ ਮਹਿਲਾ ਅਥਲੀਟ ਹੈ, ਜਿਸ ਨੇ ਬੀਜਿੰਗ ਤੇ ਲੰਡਨ ਓਲੰਪਿਕਸ ਮੁਕਾਬਲਿਆਂ ਦੀ 100 ਮੀਟਰ ਫਰਾਟਾ ਦੌੜ ’ਚ ਦੋ ਸੋਨ ਤਗਮੇ ਜਿੱਤਣ ਤੋਂ ਇਲਾਵਾ ਰੀਓ ’ਚ ਤਾਂਬੇ ਤੇ ਟੋਕੀਓ ’ਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਬੀਜਿੰਗ-2008 ਓਲੰਪਿਕ ਤੋਂ ਬੀਜਿੰਗ-2015 ਵਰਲਡ ਚੈਂਪੀਅਨਸ਼ਿਪ ਤਕ ਕਰੀਬ 7 ਸਾਲ ਸ਼ੈਲੀ ਨੇ ਦੁਨੀਆ ਦੀਆਂ ਸਪਰਿੰਟਰਾਂ ਨੂੰ ਮੈਦਾਨ ’ਚ ਖੰਘਣ ਤਕ ਨਹੀਂ ਦਿੱਤਾ।

ਵਾਰਹੋਮ ਬਣਿਆ ਬੈਸਟ ਅਥਲੀਟ

ਆਲਮੀ ਅਥਲੈਟਿਕਸ ਦੀ ਜਿਊਰੀ ਵੱਲੋਂ ਸਾਲ 2021 ਲਈ ‘ਬੈਸਟ ਵਰਲਡ ਅਥਲੀਟ ਆਫ ਦਾ ਈਅਰ’ ਦਾ ਖਿਤਾਬ ਟੋਕੀਓ ਓਲੰਪਿਕ ਚੈਂਪੀਅਨ ਨਾਰਵੇ ਦੇ ਅਥਲੀਟ ਕਾਰਸਨਟ ਵਾਰਹੋਮ ਨੂੰ ਦਿੱਤਾ ਗਿਆ ਹੈ।

ਇਲੇਨ ਥਾਮਸਨ ਬਣੀ ਬੈਸਟ ਮਹਿਲਾ ਅਥਲੀਟ

ਰੀਓ-2016 ਤੇ ਟੋਕੀਓ-2020 ’ਚ ਦੋਵੇਂ ਵਾਰ ਕ੍ਰਮਵਾਰ 100 ਤੇ 200 ਮੀਟਰ ਫਰਾਟਾ ਦੌੜਾਂ ’ਚ ਲਗਾਤਾਰ ਸੋਨ ਤਗਮੇ ਜਿੱਤਣ ਵਾਲੀ ਇਲੇਨ ਥਾਮਸਨ ਨੂੰ ਵਰਲਡ ਅਥਲੈਟਿਕਸ ਦੇ ਪ੍ਰਬੰਧਕਾਂ ਦੀ ਜਿਊਰੀ ਵੱਲੋਂ ਸਾਲ-2021 ਦੀ ‘ਬੈਸਟ ਵਰਲਡ ਅਥਲੀਟ ਆਫ ਦਾ ਈਅਰ’ ਦਾ ਸਨਮਾਨ ਦਿੱਤਾ ਗਿਆ।

ਟੋਕੀਓ ’ਚ ਫੈਲਪਸ ਦੀ ਰਾਹ ’ਤੇ ਚਲਿਆ ਡਰੈਸਲ

ਅਮਰੀਕੀ ਤੈਰਾਕ ਸੇਲੇਬ ਡਰੈਸਲ ਨੇ ਤੈਰਾਕੀ ਪੂਲ ’ਚ ਹਮਵਤਨੀ ਸਾਬਕਾ ਤੈਰਾਕ ਮਾਈਕਲ ਫੈਲਪਸ ਦੀ ਤਰ੍ਹਾਂ ਪੂਲ ’ਚ ਭੂਚਾਲ ਲਿਆਉਂਦਿਆਂ ਟੋਕੀਓ ਓਲੰਪਿਕ ’ਚ ਪੂਲ ਤੈਰਦਿਆਂ ਪੰਜ ਤੈਰਾਕੀ ਈਵੈਂਟਾਂ ’ਚ 5 ਗੋਲਡ ਮੈਡਲ ਝੋਲੀ ’ਚ ਪਾਏ। ਰੀਓ-2016 ਓਲੰਪਿਕ ’ਚ ਦੋ ਗੋਲਡ ਮੈਡਲ ਜਿੱਤਣ ਵਾਲੇ ਅਮਰੀਕੀ ਤੈਰਾਕ ਸੇਲੇਬ ਡਰੈਸਲ ਨੇ ਟੋਕੀਓ ਓਲੰਪਿਕ ਖੇਡਾਂ ’ਚ ਫੈਲਪਸ ਵਾਂਗ ਮਲਟੀਪਲ ਗੋਲਡ ਮੈਡਲਿਸਟ ਨਾਮਜ਼ਦ ਹੁੰਦਿਆਂ 4¿100 ਮੀਟਰ ਫ੍ਰੀ-ਸਟਾਈਲ ਰੀਲੇਅ, 50 ਅਤੇ 100 ਮੀਟਰ ਫ੍ਰੀ-ਸਟਾਈਲ, 4¿100 ਮੈਡਲੇ ਤੇ 100 ਮੀਟਰ ਬਟਰਫਲਾਈ ’ਚ 5 ਸੋਨ ਤਗਮੇ ਜਿੱਤਣ ਦਾ ਹੱਕ ਹਾਸਲ ਕਰ ਕੇ ਵਿਖਾ ਦਿੱਤਾ ਕਿ ਉਸ ਨੇ ਟੋਕੀਓ ਆਉਣ ਤੋਂ ਪਹਿਲਾਂ ਦੇਸ਼ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰ ਵਿਖਾਇਆ ਹੈ। ਇਹੀ ਨਹੀਂ 24 ਸਾਲਾ ਡਰੈਸਲ ਨੇ 100 ਮੀਟਰ ਫ੍ਰੀ-ਸਟਾਈਲ ’ਚ 47.02 ਸਕਿੰਟ ਸਮੇਂ ਨਾਲ ਓਲੰਪਿਕ ਰਿਕਾਰਡ ਅਤੇ 100 ਮੀਟਰ ਬਟਰਫਲਾਈ ’ਚ ਆਲਮੀ ਰਿਕਾਰਡ ਤੋੜਦਿਆਂ ਖੇਡਾਂ ਦੀ ਡਾਇਰੀ ’ਚ ਨਵੀਂ ਟਾਈਮਿੰਗ ਦਰਜ ਕਰਵਾਈ ਹੈ।

ਸਭ ਤੋਂ ਘੱਟ ਆਬਾਦੀ ਵਾਲੇ ਦੇਸ਼ ਸੈਨ ਮੈਰੀਨੋ ਨੇ ਜਿੱਤੇ ਤਿੰਨ ਤਗਮੇ

ਟੋਕੀਓ ਓਲੰਪਿਕ ’ਚ ਸਭ ਤੋਂ ਘੱਟ 33,600 ਦੀ ਆਬਾਦੀ ਵਾਲੇ ਦੇਸ਼ ਦੇ ਨੁਮਾਇੰਦਗੀ ਕਰਨ ਵਾਲੇ ਦੇਸ਼ ਸੈਨ ਮੈਰੀਨੋ ਦੇ ਕੇਵਲ 5 ਖਿਡਾਰੀਆਂ ਨੇ ਤਿੰਨ ਮੈਡਲ ਹਾਸਲ ਕਰਕ ੇ ਸਾਰੀ ਦੁਨੀਆਂ ਦੇ ਚਿਹਰਿਆਂ ’ਤੇ ਰੌਣਕਾਂ ਲਿਆ ਦਿੱਤੀਆਂ ।

ਸੁਸ਼ੀਲ ਕੁਮਾਰ ਰਿਹਾ ਸੁਰਖ਼ੀਆਂ ’ਚ

ਸਾਲ ਕੁਝ ਕੌੜੀਆਂ ਯਾਦਾਂ ਵੀ ਦੇ ਗਿਆ ਹੈ। ਓਲੰਪਿਕ ਖੇਡਾਂ ’ਚ ਭਾਰਤ ਲਈ ਤਗਮਾ ਜਿੱਤਣ ਵਾਲਾ ਭਾਰਤੀ ਭਲਵਾਨ ਇਸ ਵਾਰ ਕਤਲ ਮਾਮਲੇ ਕਾਰਨ ਸੁਰਖ਼ੀਆਂ ’ਚ ਰਿਹਾ। ਉਸ ’ਤੇ ਇਕ ਭਲਵਾਨ ਨੂੰ ਮਾਰਨ ਦਾ ਦੋਸ਼ ਲੱਗਾ, ਜਿਸ ਕਾਰਨ ਕਾਫ਼ੀ ਨਮੋਸ਼ੀ ਹੋਈ।

ਨੀਰਜ ਚੋਪੜਾ ਨੇ ਜਿੱਤਿਆ ਗੋਲਡ ਮੈਡਲ

ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਪਿੰਡ ਖਾਂਦਰਾ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਟੋਕੀਓ-2020 ਓਲੰਪਿਕ ਖੇਡਾਂ ’ਚ ਟਰੈਕ ਐਂਡ ਫੀਲਡ ਅਥਲੈਟਿਕਸ ਮੁਕਾਬਲੇ ’ਚ ਗੋਲਡ ਮੈਡਲ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਟੋਕੀਓ ਓਲੰਪਿਕ ਤੋਂ ਪਹਿਲਾਂ ਜਕਾਰਤਾ-2018 ਏਸ਼ੀਅਨ ਖੇਡਾਂ ’ਚ 88.06 ਮੀਟਰ ਦੀ ਥਰੋਅ ਨਾਲ ਏਸ਼ੀਅਨ ਰਿਕਾਰਡ ਨਾਲ ਗੋਲਡ ਮੈਡਲ ਜਿੱਤਣ ਵਾਲਾ ਨੀਰਜ ਚੋਪੜਾ ਪਹਿਲਾ ਥਰੋਅਰ ਨਾਮਜ਼ਦ ਹੋਇਆ ਸੀ। ਉੱਡਣਾ ਸਿੱਖ ਮਰਹੂਮ ਮਿਲਖਾ ਸਿੰਘ ਤੋਂ ਬਾਅਦ ਨੀਰਜ ਚੋਪੜਾ ਦੇਸ਼ ਦਾ ਦੂਜਾ ਅਥਲੀਟ ਹੈ, ਜਿਸ ਨੂੰ ਏਸ਼ੀਅਨ ਤੇ ਕਾਮਨਵੈਲਥ ਖੇਡਾਂ ’ਚ ਸੋਨੇ ਦਾ ਤਮਗਾ ਜਿੱਤਣ ਦਾ ਮਾਣ ਹਾਸਲ ਹੋਇਆ।

ਹਾਕੀ ਟੀਮ ਨੇ 41 ਸਾਲ ਬਾਅਦ ਜਿੱਤਿਆ ਤਾਂਬੇ ਦਾ ਤਗਮਾ

ਟੋਕੀਓ ਓਲੰਪਿਕ ਹਾਕੀ ਮੁਕਾਬਲੇ ’ਚ ਪੂਲ-ਏ ’ਚ ਭਾਰਤੀ ਹਾਕੀ ਟੀਮ ਵੱਲੋਂ ਡਿਫੈਂਡਿੰਗ ਓਲੰਪਿਕ ਚੈਂਪੀਅਨ ਅਰਜਨਟੀਨਾ, ਮੌਜੂਦਾ ਜਕਾਰਤਾ-2018 ਏਸ਼ਿਆਈ ਗੇਮਜ਼ ਹਾਕੀ ਚੈਂਪੀਅਨ ਜਾਪਾਨ, ਨਿਊਜ਼ੀਲੈਂਡ ਤੇ ਸਪੇਨ ਦੀਆਂ ਹਾਕੀ ਟੀਮਾਂ ’ਤੇ ਸ਼ਾਨਦਾਰ ਜਿੱਤਾਂ ਹਾਸਲ ਕਰ ਕੇ ਕੁਆਟਰਫਾਈਨਲ ਖੇਡਣ ਦਾ ਟਿਕਟ ਕਟਾਇਆ ਗਿਆ ਸੀ। ਪੂਲ ਲੀਗ ’ਚ ਕੇਵਲ ਆਸਟਰੇਲੀਆ ਤੋਂ ਇਕ ਮੈਚ ਹਾਰਨ ਵਾਲੀ ਇੰਡੀਅਨ ਟੀਮ ਨੇ ਕੁਆਟਰਫਾਈਨਲ ’ਚ ਗਰੇਟ ਬਿ੍ਰਟੇਨ ਨੂੰ ਹਰਾ ਕੇ 41 ਸਾਲਾਂ ਬਾਅਦ ਓਲੰਪਿਕ ਹਾਕੀ ਦਾ ਸੈਮੀਫਾਈਨਲ ਖੇਡਣ ਲਈ ਰਾਹ ਸਾਫ਼ ਕੀਤਾ ਸੀ ਪਰ ਸੈਮੀਫਾਈਨਲ ’ਚ ਬੈਲਜੀਅਮ ਤੋਂ ਹਾਰਨ ਸਦਕਾ ਟੀਮ ਨੇ ਪੁਜ਼ੀਸ਼ਨ ਮੈਚ ’ਚ ਜਰਮਨੀ ਦੇ ਖਿਡਾਰੀਆਂ ਨੂੰ ਹਾਰ ਦਾ ਰਸਤਾ ਵਿਖਾਉਂਦਿਆਂ 41 ਸਾਲ ਬਾਅਦ ਤਾਂਬੇ ਦੇ ਤਗਮੇ ਦੇ ਰੂਪ ’ਚ ਓਲੰਪਿਕ ਹਾਕੀ ਦੀ ਜਿੱਤ ਦਾ ਸੁਆਦ ਚੱਖਿਆ ਹੈ। ਕੁੱਲ ਮਿਲਾ ਕੇ ਭਾਰਤੀ ਕੌਮੀ ਹਾਕੀ ਟੀਮਾਂ ਵੱਲੋਂ ਦੇਸ਼ ਦੀ ਝੋਲੀ ’ਚ ਸਭ ਤੋਂ ਵੱਧ ਕੁੱਲ 12 ਓਲੰਪਿਕ ਮੈਡਲ ਪਾਏ ਗਏ , ਜਿਨ੍ਹਾਂ ’ਚ 8 ਸੋਨੇ, 1 ਚਾਂਦੀ ਤੇ 3 ਤਾਂਬੇ ਦੇ ਤਗਮੇ ਸ਼ਾਮਲ ਹਨ। ਟੋਕੀਓ ਓਲੰਪਿਕ ਖੇਡਣ ਵਾਲੀ ਟੀਮ ’ਚ ਅਜੀਬ ਇਤਫ਼ਾਕ ਇਹ ਰਿਹਾ ਕਿ ਕੌਮੀ ਟੀਮ ਦੇ 19 ਮੈਂਬਰੀ ਦਸਤੇ ’ਚ ਸ਼ਾਮਲ 11 ਖਿਡਾਰੀ ਕੈਪਟਨ ਮਨਪ੍ਰੀਤ ਸਿੰਘ, ਉਪ ਕਪਤਾਨ ਹਰਮਨਪ੍ਰੀਤ ਸਿੰਘ, ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ, ਮਿੱਡਫੀਲਡਰ ਮਨਦੀਪ ਸਿੰਘ, ਸੈਂਟਰ ਫਾਰਵਰਡ ਸਿਮਰਨਜੀਤ ਸਿੰਘ, ਸਟਰਾਈਕਰ ਗੁਰਜੰਟ ਸਿੰਘ, ਅਟੈਕਿੰਗ ਸਟਰਾਈਕਰ ਦਿਲਪ੍ਰੀਤ ਸਿੰਘ, ਹਾਫ ਬੈਕ ਹਾਰਦਿਕ ਸਿੰਘ, ਗੋਲਚੀ ਿਸ਼ਨ ਪਾਠਕ, ਰਾਈਟ-ਇਨ ਸਾਈਡ ਫਾਰਵਰਡ ਸ਼ਮਸ਼ੇਰ ਸਿੰਘ ਤੇ ਡਿਫੈਂਡਰ ਵਰੁਣ ਕੁਮਾਰ ਪੰਜਾਬ ਨਾਲ ਸਬੰਧਿਤ ਸਨ।

ਆਸਟਰੇਲੀਅਨ ਐਮਾ ਮੈਕਿਕਯੋਨ ਨੇ ਓਲੰਪਿਕ ’ਚ ਜਿੱਤੇ 7 ਤਗਮੇ

ਆਸਟਰੇਲੀਆ ਦੀ ਮਹਿਲਾ ਤੈਰਾਕ ਐਮਾ ਮੈਕਿਕਯੋਨ ਨੇ ਟੋਕੀਓ-2020 ਓਲੰਪਿਕ ’ਚ ਚਾਰ ਸੋਨੇ ਤੇ ਤਿੰਨ ਕਾਂਸੀ ਦੇ ਤਗਮੇ ਜਿੱਤਣ ’ਚ ਸਫਲਤਾ ਹਾਸਲ ਕੀਤੀ।ਉਹ ਦੁਨੀਆ ਦੀ ਦੂਜੀ ਅਥਲੀਟ ਹੈ, ਜਿਸ ਨੇ ਓਲੰਪਿਕ ਖੇਡਾਂ ਦੇ 125 ਸਾਲਾਂ ਦੇ ਇਤਿਹਾਸ ’ਚ ਇਕ ਓਲੰਪਿਕ ਅਡੀਸ਼ਨ ’ਚ 7 ਮੈਡਲ ਜਿੱਤਣ ਦੇ ਰਿਕਾਰਡ ’ਤੇ ਆਪਣੇ ਨਾਂ ਦੀ ਮੋਹਰ ਲਾਈ ਹੈ। ਉਸ ਨੇ 69 ਸਾਲ ਬਾਅਦ ਓਲੰਪਿਕ ਖੇਡਾਂ ਦੇ ਇੱਕੋ ਖੇਡ ਈਵੈਂਟ ’ਚ 7 ਮੈਡਲ ਹਾਸਲ ਕਰ ਕੇ ਸੋਵੀਅਤ ਯੂਨੀਅਨ ਦੀ ਜਿਮਨਾਸਟਰ ਮਾਰੀਆ ਗੋਰੋਖੋਵਿਸਕਾਇਆ ਦੀ ਬਰਾਬਰੀ ਕੀਤੀ ਹੈ, ਜਿਸ ਵਲੋਂ ਹੇਲਸਿੰਕੀ-1952 ਓਲੰਪਿਕ ’ਚ 2 ਸੋਨੇ ਤੇ 5 ਚਾਂਦੀ ਦੇ ਤਮਗੇ ਜਿੱਤਣ ਦਾ ਰਾਹ ਪੱਧਰਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਦੁਨੀਆ ਦੀ ਪਹਿਲੀ ਤੈਰਾਕ ਹੈ, ਜਿਸ ਨੇ ਤੈਰਾਕੀ ’ਚ ਸੱਤ ਮੈਡਲ ਹਾਸਲ ਕਰ ਕੇ ਓਲੰਪਿਕ ਖੇਡਾਂ ’ਚ ਨਵਾਂ ਕੀਰਤੀਮਾਨ ਸਥਾਪਤ ਕੀਤਾ।

- ਸੁਖਵਿੰਦਰਜੀਤ ਸਿੰਘ ਮਨੌਲੀ

Posted By: Harjinder Sodhi