ਮੈਲਬੌਰਨ (ਏਪੀ) : ਆਸਟ੍ਰੇਲੀਅਨ ਓਪਨ ਦੇ ਮੁੱਖ ਕਾਰਜਕਾਰੀ ਕ੍ਰੇਗ ਟਿਲੇ 2021 ਵਿਚ ਹੋਣ ਵਾਲੇ ਇਸ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਅੰਤਰਰਾਸ਼ਟਰੀ ਟੈਨਿਸ ਖਿਡਾਰੀਆਂ ਲਈ 14 ਦਿਨ ਤਕ ਹੋਟਲ ਵਿਚ ਕੁਆਰੰਟਾਈਨ 'ਤੇ ਰਹਿਣ ਦੇ ਨਿਯਮ ਵਿਚ ਛੋਟ ਚਾਹੁੰਦੇ ਹਨ। ਟਿਲੇ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਆਸਟ੍ਰੇਲੀਅਨ ਓਪਨ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ 18 ਤੋਂ 31 ਜਨਵਰੀ ਵਿਚਾਲੇ ਮੈਲਬੌਰਨ ਪਾਰਕ ਵਿਚ ਹੋਵੇਗਾ। ਉਨ੍ਹਾਂ ਨੂੰ ਇਸ ਨਾਲ ਏਟੀਪੀ ਕੱਪ ਤੇ ਬਿ੍ਸਬਨ, ਸਿਡਨੀ ਤੇ ਹੋਬਾਰਟ ਵਿਚ ਵੀ ਟੂਰਨਾਮੈਂਟ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਦੀਆਂ ਸੂਬਾਈ ਤੇ ਫੈਡਰਲ ਸਰਕਾਰਾਂ ਤੋਂ ਸੂਬਾਈ ਹੱਦਾਂ ਖੋਲ੍ਹਣ ਤੇ ਖਿਡਾਰੀਆਂ ਨੂੰ ਅਭਿਆਸ ਤੇ ਖੇਡ ਲਈ ਸਿੱਧਾ ਬਾਇਓ ਬਬਲ (ਖਿਡਾਰੀਆਂ ਨੂੰ ਖਿਡਾਉਣ ਲਈ ਸੁਰੱਖਿਅਤ ਮਾਹੌਲ) ਵਿਚ ਭੇਜਣ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ ਜਿਵੇਂ ਕਿ ਪਿਛਲੇ ਦਿਨੀਂ ਯੂਐੱਸ ਓਪਨ ਤੇ ਫਰੈਂਚ ਓਪਨ ਵਿਚ ਕੀਤਾ ਗਿਆ ਸੀ। ਖਿਡਾਰੀ ਇਸ ਦੌਰਾਨ ਆਮ ਜਨਤਾ ਤੋਂ ਵੱਖ ਰਹਿਣਗੇ।