ਟੋਕੀਓ (ਏਪੀ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਸਾਬਕਾ ਉੱਪ ਪ੍ਰਧਾਨ ਡਿਕ ਪਾਊਂਡ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਸਟੇਡੀਅਮ ਵਿਚ ਦਰਸ਼ਕਾਂ ਦੀ ਗ਼ੈਰਮੌਜੂਦਗੀ ਵਿਚ ਹੋ ਸਕਦਾ ਹੈ। ਉਨ੍ਹਾਂ ਨੇ ਨਾਲ ਹੀ ਭਵਿੱਖਵਾਣੀ ਕੀਤੀ ਕਿ ਜਾਪਾਨ ਤੇ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਖੇਡਾਂ ਦਾ ਉਦਘਾਟਨੀ ਸਮਾਗਮ 23 ਜੁਲਾਈ ਨੂੰ ਹੋਵੇਗਾ। ਪਾਊਂਡ ਨੇ ਕਿਹਾ ਕਿ ਸਵਾਲ ਇਹ ਹੈ ਕਿ ਅਜਿਹਾ (ਦਰਸ਼ਕਾਂ ਦੀ ਮੌਜੂਦਗੀ) ਜ਼ਰੂਰੀ ਹੈ ਜਾਂ ਅਜਿਹਾ ਹੋਣਾ ਚੰਗਾ ਹੋਵੇਗਾ। ਦਰਸ਼ਕਾਂ ਦਾ ਹੋਣਾ ਚੰਗਾ ਹੋਵੇਗਾ ਪਰ ਅਜਿਹਾ ਹੋਣਾ ਜ਼ਰੂਰੀ ਨਹੀਂ ਹੈ। ਪਾਊਂਡ ਹੁਣ ਫ਼ੈਸਲਾ ਕਰਨ ਵਾਲੇ ਆਈਓਸੀ ਦੇ ਕਾਰਜਕਾਰੀ ਬੋਰਡ ਦਾ ਹਿੱਸਾ ਨਹੀਂ ਹਨ ਪਰ ਉਹ ਮੁਲਤਵੀ ਹੋ ਚੁੱਕੇ ਟੋਕੀਓ ਓਲੰਪਿਕ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵਧਾ ਰਹੇ ਹਨ। ਉਨ੍ਹਾਂ ਨੇ ਇਹ ਪ੍ਰਤੀਕਿਰਿਆ ਤਦ ਦਿੱਤੀ ਜਦ ਪਿਛਲੇ ਦਿਨੀਂ ਜਾਪਾਨ ਵਿਚ ਇਕ ਸਰਵੇਖਣ ਵਿਚ ਹਿੱਸਾ ਲੈਣ ਵਾਲੀ 80 ਫ਼ੀਸਦੀ ਜਨਤਾ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਓਲੰਪਿਕ ਨੂੰ ਨਹੀਂ ਕਰਵਾਉਣਾ ਚਾਹੀਦਾ।

ਹੁਣ ਇਨ੍ਹਾਂ ਖੇਡਾਂ ਦਾ ਹੋਰ ਮੁਲਤਵੀ ਹੋਣਾ ਮੁਸ਼ਕਲ

ਕੈਨੇਡਾ ਦੇ ਸੀਨੀਅਰ ਓਲੰਪਿਕ ਅਧਿਕਾਰੀ ਤੇ ਵਿਸ਼ਵ ਡੋਪਿੰਗ ਰੋਕੂ ਏਜੰਸੀ ਦੇ ਪਹਿਲੇ ਪ੍ਰਧਾਨ ਪਾਊਂਡ ਨੇ ਉਸ ਗੱਲ ਨੂੰ ਦੁਹਰਾਇਆ ਜਿਸ ਨੂੰ ਆਈਓਸੀ ਤੇ ਸਥਾਨਕ ਪ੍ਰਬੰਧਕ ਮਹੀਨਿਆਂ ਤੋਂ ਦੁਹਰਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਇਸ ਵਾਰ ਖੇਡਾਂ ਨਾ ਹੋਈਆਂ ਤਾਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਇਹ ਖੇਡ ਦੁਬਾਰਾ ਮੁਲਤਵੀ ਨਹੀਂ ਹੋਣਗੇ, ਅਜਿਹਾ ਹੋਣਾ ਮੁਸ਼ਕਲ ਹੈ। ਪਾਊਂਡ ਨੇ ਕਿਹਾ ਕਿ ਇਹ 2021 ਵਿਚ ਹੋਣਗੇ ਜਾਂ ਫਿਰ ਨਹੀਂ ਹੋਣਗੇ।