ਸਾਓ ਪਾਓਲੋ : ਲਗਭਗ ਇਕ ਸਾਲ ਬਾਅਦ ਮੈਚ ਖੇਡਦੇ ਹੋਏ ਅਰਜਨਟੀਨਾ ਤੇ ਉਰੂਗਵੇ ਨੇ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਦੇ ਆਪਣੇ ਪਹਿਲੇ ਮੁਕਾਬਲੇ ਜਿੱਤੇ। ਅਰਜਨਟੀਨਾ ਨੇ ਇਕਵਾਡੋਰ ਨੂੰ 1-0 ਨਾਲ ਤੇ ਉਰੂਗਵੇ ਨੇ ਚਿਲੀ ਨੂੰ 2-1 ਨਾਲ ਹਰਾਇਆ।

ਨਾਰਵੇ ਨੂੰ ਹਰਾ ਕੇ ਸਰਬੀਆ ਪਲੇਆਫ ਫਾਈਨਲਜ਼ 'ਚ

ਜਨੇਵਾ : ਸਰਗੇਜ ਮਿਲਿੰਕੋਵਿਕ ਸਾਵਿਕ ਦੇ ਦੋ ਗੋਲਾਂ ਦੀ ਮਦਦ ਨਾਲ ਸਰਬੀਆ ਨੇ ਵਾਧੂ ਸਮੇਂ ਵਿਚ ਨਾਰਵੇ ਨੂੰ 2-1 ਨਾਲ ਹਰਾ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਪਲੇਆਫ ਫਾਈਨਲ ਵਿਚ ਥਾਂ ਬਣਾਈ। ਸਰਬੀਆ 12 ਨਵੰਬਰ ਨੂੰ ਹੋਣ ਵਾਲੇ ਪਲੇਆਫ ਫਾਈਨਲਜ਼ ਵਿਚ ਸਕਾਟਲੈਂਡ ਦੀ ਮੇਜ਼ਬਾਨੀ ਕਰੇਗਾ।

ਏਐੱਫਸੀ ਚੈਂਪੀਅਨਜ਼ ਲੀਗ ਦੀ ਮੇਜ਼ਬਾਨੀ ਕਰੇਗਾ ਕਤਰ

ਕੁਆਲਾਲੰਪੁਰ : ਏਸ਼ਿਆਈ ਫੁੱਟਬਾਲ ਫੈਡਰੇਸ਼ਨ (ਏਐੱਫਸੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਲੀਗ ਦੇ ਪੂਰਬੀ ਡਵੀਜ਼ਨ ਦੀ ਮੇਜ਼ਬਾਨੀ ਕਤਰ ਕਰੇਗਾ। ਇਸ ਲਈ ਏਐੱਫਸੀ ਨੇ ਕਤਰ ਫੁੱਟਬਾਲ ਸੰਘ ਨਾਲ ਸਮਝੌਤਾ ਕੀਤਾ ਹੈ। ਚੈਂਪੀਅਨਜ਼ ਲੀਗ ਦੇ ਮੈਚ 18 ਨਵੰਬਰ ਤੋਂ 13 ਦਸੰਬਰ ਤਕ ਖੇਡੇ ਜਾਣਗੇ।

ਨਯਾਨਤਾਕਈ ਦੀ ਪਾਬੰਦੀ ਘਟਾ ਕੇ 15 ਸਾਲ ਕੀਤੀ

ਲੁਸਾਨੇ : ਫੀਫਾ ਕੌਂਸਲ ਦੇ ਸਾਬਕਾ ਮੈਂਬਰ ਕੈਵਸੀ ਨਯਾਨਤਾਕਈ 'ਤੇ ਵਿੱਤੀ ਭਿ੍ਸ਼ਟਾਚਾਰ ਲਈ ਲਗਾਈ ਗਈ ਉਮਰ ਭਰ ਦੀ ਪਾਬੰਦੀ ਖੇਡ ਸਾਲਸ ਨੂੰ ਅਪੀਲ ਤੋਂ ਬਾਅਦ ਸ਼ੁੱਕਰਵਾਰ ਨੂੰ ਘਟਾ ਕੇ 15 ਸਾਲ ਦੀ ਕਰ ਦਿੱਤੀ ਗਈ। ਫੀਫਾ ਨੇ ਇਸ ਅਧਿਕਾਰੀ 'ਤੇ 548000 ਅਮਰੀਕੀ ਡਾਲਰ (ਲਗਭਗ ਚਾਰ ਕਰੋੜ ਰੁਪਏ) ਦਾ ਜੁਰਮਾਨਾ ਵੀ ਲਾਇਆ ਸੀ ਜੋ ਘਟਾ ਕੇ 110000 ਡਾਲਰ (ਲਗਭਗ 80 ਲੱਖ ਰੁਪਏ) ਕਰ ਦਿੱਤਾ ਗਿਆ।

ਭਾਰਤ 'ਚ ਕਲੱਬ ਸੀਰੀਜ਼ ਪ੍ਰੋਗਰਾਮ ਨੂੰ ਜਾਰੀ ਕੀਤਾ

ਮੁੰਬਈ : ਲਾ ਲੀਗਾ ਨੇ ਸ਼ੁੱਕਰਵਾਰ ਨੂੰ ਇੰਡੀਆ ਆਨ ਟ੍ਰੈਕ (ਆਈਓਟੀ) ਦੇ ਨਾਲ ਮਿਲ ਕੇ ਭਾਰਤ ਵਿਚ ਆਪਣੇ ਫੁੱਟਬਾਲ ਸਕੂਲ ਦੇ ਪਾਠਕ੍ਰਮ ਵਿਚ ਲਾ ਲੀਗਾ ਕਲੱਬ ਸੀਰੀਜ਼ ਪ੍ਰੋਗਰਾਮ ਨੂੰ ਜਾਰੀ ਕਰਨ ਦਾ ਐਲਾਨ ਕੀਤਾ। ਇਸ ਰਾਹੀਂ ਲਾ ਲੀਗਾ ਫੁੱਟਬਾਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਾ ਲੀਗਾ ਕਲੱਬਾਂ ਦੇ ਮਾਹਿਰਾਂ ਨਾਲ ਛੇ ਹਫ਼ਤੇ ਦੌਰਾਨ ਤਕਨੀਕੀ ਤੇ ਸੰਸਥਾਗਤ ਸੈਸ਼ਨ ਨੂੰ ਸਮਝਣ ਦਾ ਮੌਕਾ ਮਿਲੇਗਾ।