ਟੋਕੀਓ (ਏਪੀ) : ਜਾਪਾਨ ਦੇ ਕੈਬਨਿਟ ਮੰਤਰੀ ਟਾਰੋ ਕੋਨੋ ਨੇ ਮੁਲਤਵੀ ਹੋਏ ਟੋਕੀਓ ਓਲੰਪਿਕ ਦੇ ਸਬੰਧ ਵਿਚ ਕਿਹਾ ਕਿ 'ਕੁਝ ਵੀ ਹੋ ਸਕਦਾ ਹੈ' ਜਿਸ ਨਾਲ ਇਨ੍ਹਾਂ ਨੂੰ ਕਰਵਾਉਣ ਨੂੰ ਲੈ ਕੇ ਸ਼ੱਕ ਹੋਰ ਵਧ ਗਿਆ ਹੈ। ਟੋਕੀਓ ਓਲੰਪਿਕ 'ਚ ਛੇ ਮਹੀਨੇ ਦਾ ਸਮਾਂ ਬਚਿਆ ਹੈ। ਕੋਨੋ ਦਾ ਬਿਆਨ ਸਰਕਾਰ ਤੇ ਸਥਾਨਕ ਪ੍ਰਬੰਧਕੀ ਕਮੇਟੀ ਦੀ ਅਧਿਕਾਰਕ ਸਥਿਤੀ ਦੇ ਉਲਟ ਹੈ ਕਿਉਂਕਿ ਸਰਕਾਰ ਤੇ ਪ੍ਰਬੰਧਕੀ ਕਮੇਟੀ ਲਗਾਤਾਰ ਬਿਆਨ ਦੇ ਰਹੇ ਹਨ ਕਿ ਓਲੰਪਿਕ ਖੇਡਾਂ ਹੋਣਗੀਆਂ ਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੀਆਂ। ਕੋਨੋ ਨੇ ਓਲੰਪਿਕ ਰੱਦ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ। ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਪਿਛਲੇ ਦਿਨੀਂ ਹੋਏ ਸਰਵੇਖਣ ਵਿਚ ਜਾਪਾਨ ਵਿਚ 80 ਫ਼ੀਸਦੀ ਲੋਕ ਸੋਚਦੇ ਹਨ ਕਿ ਓਲੰਪਿਕ ਨਹੀਂ ਹੋਣੇ ਚਾਹੀਦੇ ਜਾਂ ਇਹ ਖੇਡਾਂ ਹੋਣਗੀਆਂ ਹੀ ਨਹੀਂ। ਕੋਨੋ ਨੇ ਕਿਹਾ ਕਿ ਮੈਨੂੰ ਕਹਿਣਾ ਚਾਹੀਦਾ ਹੈ ਕਿ ਕੁਝ ਵੀ ਸੰਭਵ ਹੈ। ਇਹ ਕਿਸੇ ਵੱਲ ਵੀ ਜਾ ਸਕਦੇ ਹਨ।

ਜਾਪਾਨ 'ਚ ਕੋਰੋਨਾ ਨਾਲ ਹੋਈਆਂ ਹਨ 4000 ਮੌਤਾਂ

ਜਾਪਾਨ ਵਿਚ ਨਵੇਂ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਐਮਰਜੈਂਸੀ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਜਾਪਾਨ ਨੇ ਹੋਰ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਨਾਲ ਚੰਗੀ ਤਰ੍ਹਾਂ ਨਜਿੱਠਿਆ ਹੈ ਤੇ ਉਥੇ ਇਸ ਵਾਇਰਸ ਨਾਲ ਲਗਭਗ 4000 ਮੌਤਾਂ ਹੋਈਆਂ ਹਨ। ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ ਜਿਨ੍ਹਾਂ ਤੋਂ ਬਾਅਦ 24 ਅਗਸਤ ਤੋਂ ਪੈਰਾਲੰਪਿਕ ਸ਼ੁਰੂ ਹੋਣਗੇ। ਪ੍ਰਬੰਧਕਾਂ ਨੂੰ ਟਿੱਪਣੀ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਤੁਰੰਤ ਜਵਾਬ ਨਹੀਂ ਦਿੱਤਾ।