ਮੈਲਬੌਰਨ (ਪੀਟੀਆਈ) : ਭਾਰਤ ਦੀ ਮਹਿਲਾ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਮਹਿਲਾ ਸਿੰਗਲਜ਼ ਵਿਚ ਦੁਨੀਆ ਦੀ 118ਵੇਂ ਨੰਬਰ ਦੀ ਖਿਡਾਰਨ ਕੈਟਰੀਨ ਜਾਵਾਤਸਕਾ ਖ਼ਿਲਾਫ਼ ਤਿੰਨ ਸੈੱਟ ਵਿਚ ਜਿੱਤ ਨਾਲ ਆਸਟ੍ਰੇਲੀਅਨ ਓਪਨ ਕੁਆਲੀਫਾਇਰ ਦੇ ਆਖ਼ਰੀ ਗੇੜ ਵਿਚ ਥਾਂ ਬਣਾਈ ਪਰ ਮਰਦ ਸਿੰਗਲਜ਼ ਵਿਚ ਰਾਮਕੁਮਾਰ ਰਾਮਨਾਥਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅੰਕਿਤਾ ਨੇ ਦੂਜੇ ਗੇੜ ਦੇ ਮੁਕਾਬਲੇ ਵਿਚ ਯੂਕਰੇਨ ਦੀ ਖਿਡਾਰਨ ਨੂੰ ਦੋ ਘੰਟੇ ਤੇ 20 ਮਿੰਟ ਵਿਚ 6-2, 2-6, 6-3 ਨਾਲ ਹਰਾਇਆ। ਅੰਕਿਤਾ ਛੇਵੀਂ ਵਾਰ ਗਰੈਂਡ ਸਲੈਮ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਥਾਂ ਬਣਾਉਣ ਲਈ ਚੁਣੌਤੀ ਪੇਸ਼ ਕਰ ਰਹੀ ਹੈ ਤੇ ਇਤਿਹਾਸ ਰਚਨ ਤੋਂ ਸਿਰਫ਼ ਇਕ ਜਿੱਤ ਦੂਰ ਹੈ। ਭਾਰਤ ਵੱਲੋਂ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਮੁੱਖ ਡਰਾਅ ਵਿਚ ਹੁਣ ਤਕ ਸਿਰਫ਼ ਨਿਰੂਪਮਾ ਵੈਦਨਾਥ ਤੇ ਸਾਨੀਆ ਮਿਰਜ਼ਾ ਹੀ ਚੁਣੌਤੀ ਪੇਸ਼ ਕਰ ਸਕੀਆਂ ਹਨ। ਦੋਹਾ ਵਿਚ ਚੱਲ ਰਹੇ ਮਰਦ ਸਿੰਗਲਜ਼ ਵਿਚ ਰਾਮਕੁਮਾਰ ਨੂੰ ਦੂਜੇ ਗੇੜ ਵਿਚ ਚੀਨੀ ਤਾਈਪੇ ਦੇ ਤੁੰਗ ਲਿਨ ਵੂ ਖ਼ਿਲਾਫ਼ 69 ਮਿੰਟ ਵਿਚ 3-6, 2-6, ਨਾਲ ਹਾਰ ਸਹਿਣੀ ਪਈ।