ਨਵੀਂ ਦਿੱਲੀ (ਏਐੱਨਆਈ) : ਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ਨੇ 12 ਭਲਵਾਨਾਂ ਨੂੰ ਖੇਲੋ ਇੰਡੀਆ ਦੇ ਮੈਡਲ ਤੇ ਪ੍ਰਸ਼ੰਸਾ ਪੱਤਰ ਮੋੜਨ ਲਈ ਕਿਹਾ ਹੈ ਕਿਉਂਕਿ ਇਹ ਸਾਰੇ ਭਲਵਾਨ ਟੂਰਨਾਮੈਂਟ ਦੌਰਾਨ ਲਏ ਗਏ ਡੋਪ ਟੈਸਟ ਵਿਚ ਫੇਲ੍ਹ ਹੋ ਗਏ ਸਨ। ਸੂਤਰ ਨੇ ਕਿਹਾ ਕਿ ਡਬਲਯੂਐੱਫਆਈ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੇ ਕਿਹਾ ਕਿ ਸਰਕਾਰ ਨੇ ਸਾਡੇ ਤੋਂ ਭਲਵਾਨਾਂ ਤੋਂ ਮੈਡਲ ਤੇ ਪ੍ਰਸ਼ੰਸਾ ਪੱਤਰ ਲੈਣ ਲਈ ਕਿਹਾ ਹੈ ਤੇ ਇਹੀ ਕਾਰਨ ਹੈ ਕਿ ਅਸੀਂ ਇਨ੍ਹਾਂ ਭਲਵਾਨਾਂ ਨੂੰ ਇਹ ਹੁਕਮ ਦਿੱਤਾ ਹੈ। ਹੁਣ ਤਕ ਖੇਲੋ ਇੰਡੀਆ ਖੇਡਾਂ ਦੇ ਚਾਰ ਸੈਸ਼ਨ ਹੋ ਚੁੱਕੇ ਹਨ। ਨਾਡਾ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਕੁੱਲ 12 ਭਲਵਾਨ ਡੋਪ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਸਾਰੇ ਭਲਵਾਨਾਂ ਨੂੰ 18 ਸਤੰਬਰ ਤਕ ਡਬਲਯੂਐੱਫਆਈ ਦਫਤਰ ਵਿਚ ਮੈਡਲ ਤੇ ਪ੍ਰਸ਼ੰਸਾ ਪੱਤਰ ਮੋੜਨ ਲਈ ਕਿਹਾ ਹੈ। ਸੂਬਾਈ ਕੁਸ਼ਤੀ ਸੰਘਾਂ ਨੂੰ ਵੀ ਮੈਡਲ ਮੋੜਨ ਵਿਚ ਡਬਲਯੂਐੱਫਆਈ ਦੀ ਮਦਦ ਕਰਨ ਲਈ ਕਿਹਾ ਗਿਆ ਹੈ।