-ਅੰਸ਼ੂਮਾਲੀ ਰਸਤੋਗੀ।

ਕੱਲ੍ਹ ਲਈ ਅਸੀਂ ਕਿੰਨਾ ਕੁਝ ‘ਸੰਭਾਲ’ ਕੇ ਰੱਖ ਦਿੰਦੇ ਹਾਂ। ਜ਼ਿਆਦਾਤਰ ਲੋਕ ਸੋਚਦੇ ਰਹਿੰਦੇ ਹਨ ਕਿ ਜੋ ਕਰਨਾ ਹੈ, ਕੱਲ੍ਹ ਨੂੰ ਕਰਨਾ ਹੈ। ਉਨ੍ਹਾਂ ਦੇ ਇਸ ਕੱਲ੍ਹ-ਕੱਲ੍ਹ ਦੇ ਚੱਕਰ ਵਿਚ ਕੱਲ੍ਹ ਕਦੇ ਆਉਂਦਾ ਹੀ ਨਹੀਂ। ਕੱਲ੍ਹ ਇਕ ਅਜਿਹਾ ਸੁਪਨਾ ਬਣ ਕੇ ਰਹਿ ਜਾਂਦਾ ਹੈ, ਜੋ ਕਦੇ ਪੂਰਾ ਨਹੀਂ ਹੁੰਦਾ। ਅਸੀਂ ਕੱਲ੍ਹ ਅਤੇ ਅੱਜ ਵਿਚਾਲੇ ਹੀ ਝੂਲਦੇ ਰਹਿੰਦੇ ਹਾਂ। ਅਸੀਂ ਵਰਤਮਾਨ ਤੋਂ ਕਿਤੇ ਜ਼ਿਆਦਾ ਕੱਲ੍ਹ ਵਿਚ ਰਹਿਣਾ ਤੇ ਜਿਊਣਾ ਪਸੰਦ ਕਰਦੇ ਹਾਂ ਪਰ ਹਕੀਕਤ ਇਹ ਹੈ ਕਿ ਕੱਲ੍ਹ ’ਤੇ ਛੱਡਿਆ ਕੰਮ ਸ਼ਾਇਦ ਹੀ ਕਦੇ ਪੂਰਾ ਹੁੰਦਾ ਹੈ। ਕੱਲ੍ਹ ਸਾਡੇ ਲਈ ਅਜਿਹਾ ਖ਼ੂਬਸੂਰਤ ਬਹਾਨਾ ਬਣ ਕੇ ਰਹਿ ਜਾਂਦਾ ਹੈ, ਜਿਸ ਨੂੰ ਹਰ ਕੋਈ ਆਪਣੇ ਕੋਲ ਰੱਖਣਾ ਚਾਹੁੰਦਾ ਹੈ। ਜ਼ਾਹਰ ਹੈ ਕਿ ਕੱਲ੍ਹ ਸਹਾਰੇ ਹਰ ਕੋਈ ਆਪਣੇ-ਆਪ ਨੂੰ ਸੌਖਾ ਕਰਨਾ ਚਾਹੁੰਦਾ ਹੈ। ਦਰਅਸਲ ਇਹ ਆਲਸ ਦੀ ਨਿਸ਼ਾਨੀ ਹੁੰਦੀ ਹੈ। ਹਾਲਾਂਕਿ ਅਜਿਹਾ ਕਿਹਾ ਜ਼ਰੂਰ ਗਿਆ ਹੈ ਕਿ ਸਾਨੂੰ ਅੱਜ ਦਾ ਕੰਮ ਕੱਲ੍ਹ ਲਈ ਨਹੀਂ ਟਾਲਣਾ ਚਾਹੀਦਾ ਤੇ ਜੋ ਕਰਨਾ ਹੈ, ਅੱਜ ਹੀ ਕਰਨਾ ਚਾਹੀਦਾ ਹੈ ਪਰ ਕਿੰਨੇ ਕੁ ਅਜਿਹੇ ਲੋਕ ਹਨ, ਜੋ ਇਸ ਗੱਲ ਦਾ ਧਿਆਨ ਰੱਖਦੇ ਹਨ। ਸਾਫ਼ ਜਿਹੀ ਗੱਲ ਹੈ ਕਿ ਜਦ ਸਾਡਾ ਅੱਜ ਹੀ ਸਹੀ ਨਹੀਂ ਹੋਵੇਗਾ ਤਾਂ ਆਪਣੇ ਕੱਲ੍ਹ ਨੂੰ ਅਸੀਂ ਕੀ ਖ਼ਾਕ ਸੰਵਾਰ ਸਕਾਂਗੇ। ਅਸੀਂ ਨਹੀਂ ਜਾਣਦੇ ਕਿ ਕੰਮ ਕੱਲ੍ਹ ਲਈ ਟਾਲ ਕੇ ਅਸੀਂ ਆਪਣੇ ਅੱਜ ਦਾ ਹੀ ਨੁਕਸਾਨ ਕਰ ਰਹੇ ਹੁੰਦੇ ਹਾਂ। ਦੁਨੀਆ ’ਚ ਜਿਹੜੇ ਵੀ ਇਨਸਾਨ ਨੂੰ ਸਫ਼ਲਤਾ ਮਿਲੀ ਹੈ, ਉਹ ਕੱਲ੍ਹ ’ਤੇ ਕੰਮ ਟਾਲਣ ਦੀ ਬਿਰਤੀ ਦੀ ਬਦੌਲਤ ਨਹੀਂ ਸਗੋਂ ਅੱਜ ਦਾ ਕੰਮ ਅੱਜ ਹੀ ਕਰਨ ਦੀ ਸੋਚ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਕਾਰਨ ਮਿਲੀ ਹੈ। ਕੱਲ੍ਹ ਕੀ ਹੋਵੇਗਾ, ਕਿਹੋ ਜਿਹਾ ਹੋਵੇਗਾ, ਇਸ ਨੂੰ ਕੱਲ੍ਹ ’ਤੇ ਛੱਡ ਦੇਣਾ ਹੀ ਬਿਹਤਰ ਹੁੰਦਾ ਹੈ। ਕੱਲ੍ਹ ਦੇ ਸਹਾਰੇ ਜੀਵਨ ਨਹੀਂ ਗੁਜ਼ਾਰਿਆ ਜਾ ਸਕਦਾ ਤੇ ਨਾ ਹੀ ਸਫ਼ਲਤਾ ਦਾ ਸਵਾਦ ਚੱਖਿਆ ਜਾ ਸਕਦਾ ਹੈ। ਆਉਣ ਵਾਲੇ ਕੱਲ੍ਹ ਲਈ ਸਾਡੇ ਕੋਲ ਕਈ ਤਰ੍ਹਾਂ ਦੀਆਂ ਯੋਜਨਾਵਾਂ ਤੇ ਕਲਪਨਾਵਾਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਆਕਾਰ ਤਾਂ ਅੱਜ ਦੀ ਸੋਚ ਦੇ ਹਿਸਾਬ ਨਾਲ ਹੀ ਮਿਲਦਾ ਹੈ। ਅੱਜ ਦਾ ਕੰਮ ਜੇ ਕੱਲ੍ਹ ’ਤੇ ਛੱਡ ਦੇਵਾਂਗੇ ਤਾਂ ਸ਼ਾਇਦ ਹੀ ਕੋਈ ਦੇਸ਼ ਜਾਂ ਸਮਾਜ ਤਰੱਕੀ ਦੀ ਰਾਹ ’ਤੇ ਚੱਲ ਸਕੇਗਾ। ਜੋ ਵੀ ਕਰਨਾ ਹੈ, ਅੱਜ ਵਿਚ ਰਹਿ ਕੇ ਹੀ ਕਰਨਾ ਚਾਹੀਦਾ ਹੈ। ਯਾਦ ਰੱਖੋ, ਭਵਿੱਖ ਦਾ ਰਸਤਾ ਵਰਤਮਾਨ ਦੀ ਗਲੀ ’ਚੋਂ ਹੋ ਕੇ ਹੀ ਗੁਜ਼ਰਦਾ ਹੈ।

Posted By: Jagjit Singh