ਪਿਸ਼ਾਵਰ (ਪੀਟੀਆਈ) : ਪਾਕਿਸਤਾਨ 'ਚ ਖੁਦਾਈ ਦੌਰਾਨ 1,300 ਸਾਲ ਪੁਰਾਣਾ ਗੰਧਾਰ ਸੱਭਿਅਤਾ ਦਾ ਇਕ ਹਿੰਦੂ ਮੰਦਰ ਮਿਲਿਆ ਹੈ। ਉੱਤਰ-ਪੱਛਮ ਵਿਚ ਸਵਾਤ ਜ਼ਿਲ੍ਹੇ ਦੀਆਂ ਪਹਾੜੀਆਂ ਵਿਚ ਮਿਲੇ ਇਸ ਮੰਦਰ ਦੇ ਬਾਰੇ ਵਿਚ ਪੁਰਾਤੱਤਵ ਵਿਭਾਗ ਦਾ ਮੰਨਣਾ ਹੈ ਕਿ ਇਹ ਹਿੰਦੂ ਮੰਦਰ ਰਾਜਿਆਂ ਨੇ ਬਣਵਾਇਆ ਸੀ। ਮੰਦਰ ਕੋਲ ਛਾਉਣੀ ਅਤੇ ਵਾਚ ਟਾਵਰ ਵੀ ਬਣਿਆ ਹੋਇਆ ਹੈ। ਮੰਦਰ ਕੋਲ ਇਕ ਤਲਾਬ ਵੀ ਮਿਲਿਆ ਹੈ।

ਵੀਰਵਾਰ ਨੂੰ ਇੱਥੇ ਖ਼ੈਬਰ ਪਖਤੂਨਖਵਾ ਸੂਬੇ ਦੇ ਪੁਰਾਤੱਤਵ ਅਧਿਕਾਰੀ ਫੈਜ਼ਲ ਖਾਲਿਕ ਨੇ ਇਸ ਮੰਦਰ ਦੇ ਲੱਭਣ ਦੀ ਜਾਣਕਾਰੀ ਦਿੱਤੀ। ਪੁਰਾਤੱਤਵ ਵਿਭਾਗ ਅਨੁਸਾਰ ਮੰਦਰ 1,300 ਸਾਲ ਪੁਰਾਣਾ ਹੈ। ਉਸ ਸਮੇਂ ਹਿੰਦੂ ਸ਼ਾਹੀ ਜਾਂ ਕਾਬੁਲ ਸ਼ਾਹੀ ਦਾ 850 ਤੋਂ 1,026 ਈਸਵੀ ਤਕ ਸ਼ਾਸਨ ਰਿਹਾ ਸੀ, ਜਿਨ੍ਹਾਂ ਦਾ ਕਾਬੁਲ ਦੀ ਘਾਟੀ (ਪੂਰਬੀ ਅਫ਼ਗਾਨਿਸਤਾਨ), ਗੰਧਾਰ (ਮੌਜੂਦਾ ਪਾਕਿਸਤਾਨ) 'ਚ ਸ਼ਾਸਨ ਸੀ। ਇਸ ਮੰਦਰ ਦੇ ਆਸਪਾਸ ਖੁਦਾਈ ਵਿਚ ਜੋ ਵੀ ਮਿਲਿਆ ਹੈ ਉਸ ਤੋਂ ਲੱਗਦਾ ਹੈ ਕਿ ਮੰਦਰ ਖ਼ੂਬਸੂਰਤ ਸੀ। ਇੱਥੇ ਇਕ ਵੱਡੇ ਤਲਾਬ ਦੇ ਨਾਲ ਹੀ ਮੰਦਰ ਨਾਲ ਲੱਗੀ ਛਾਉਣੀ ਅਤੇ ਵਾਚ ਟਾਵਰ ਵੀ ਖੁਦਾਈ ਵਿਚ ਮਿਲੇ ਹਨ। ਤਲਾਬ ਦੇ ਬਾਰੇ ਵਿਚ ਮੰਨਿਆ ਜਾ ਰਿਹਾ ਹੈ ਕਿ ਹਿੰਦੂ ਇਸ ਨੂੰ ਮੰਦਰ ਵਿਚ ਦਰਸ਼ਨ ਤੋਂ ਪਹਿਲੇ ਇਸ਼ਨਾਨ ਲਈ ਵਰਤਦੇ ਸਨ। ਪੁਰਾਤੱਤਵ ਮਾਹਿਰ ਖਾਲਿਕ ਅਨੁਸਾਰ ਸਵਾਤ ਜ਼ਿਲ੍ਹੇ ਵਿਚ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀ ਦੇ ਖੰਡਰ ਮਿਲੇ ਹਨ। ਹਿੰਦੂ ਸ਼ਾਹੀ ਦੇ ਖੰਡਰ ਪਹਿਲੀ ਵਾਰ ਮਿਲੇ ਹਨ। ਖੁਦਾਈ ਵਿਚ ਇਟਲੀ ਦੇ ਪੁਰਾਤੱਤਵ ਮਿਸ਼ਨ ਦੇ ਮਾਹਿਰ ਸਹਿਯੋਗ ਕਰ ਰਹੇ ਹਨ। ਇਸ ਪਾਰਟੀ ਦੇ ਮੁਖੀ ਡਾ. ਲਿਊਕਾ ਨੇ ਦੱਸਿਆ ਕਿ ਸਵਾਤ ਵਿਚ ਗੰਧਾਰ ਸੱਭਿਅਤਾ ਦਾ ਇਹ ਪਹਿਲਾ ਮੰਦਰ ਮਿਲਿਆ ਹੈ। ਸਵਾਤ ਜ਼ਿਲ੍ਹਾ ਪਾਕਿਸਤਾਨ ਦੇ ਚੋਟੀ ਦੇ 20 ਪੁਰਾਤੱਤਵ ਸਥਾਨਾਂ ਵਿੱਚੋਂ ਇਕ ਹੈ ਜਿੱਥੇ ਪ੍ਰਕ੍ਰਿਤਕ ਸੁੰਦਰਤਾ, ਧਾਰਮਿਕ ਅਤੇ ਸੰਸਕ੍ਰਿਤਕ ਸੈਲਾਨੀ ਸਥਾਨ ਅਤੇ ਪੁਰਾਤਨ ਸਥਾਨ ਹਨ।