ਬੁੱਧੀ ਦਾ ਵਿਕਾਸ ਅਤਿਅੰਤ ਜ਼ਰੂਰੀ ਹੈ। ਬੁੱਧੀ ਦੇ ਵਿਕਾਸ ਨਾਲ ਹੀ ਪ੍ਰਕਾਸ਼ ਪੁੰਜ ਫੈਲਦਾ ਹੈ। ਸਾਰੀ ਜਾਣਕਾਰੀ ਸਾਨੂੰ ਬੁੱਧੀ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਬੁੱਧੀ ਹੀ ਗਿਆਨ ਨੂੰ ਪ੍ਰਕਾਸ਼ਮਾਨ ਕਰਦੀ ਹੈ। ਅਸੀਂ ਬੁੱਧੀ ਦਾ ਵਿਕਾਸ ਕਿਸ ਪਾਸੇ ਕਰਦੇ ਹਾਂ, ਇਹ ਵਿਚਾਰਨ ਵਾਲੀ ਗੱਲ ਹੈ। ਬੁੱਧੀ ਦਾ ਵਿਕਾਸ ਅਸੀਂ ਦੋ ਦਿਸ਼ਾਵਾਂ ਵਿਚ ਕਰ ਸਕਦੇ ਹਾਂ। ਅਸੀਂ ਬੁੱਧੀ ਨੂੰ ਸਹੀ ਦਿਸ਼ਾ ਦੇ ਕੇ ਉਸ ਨੂੰ ਗਿਆਨ ਦੀ ਉੱਚਤਮ ਅਵਸਥਾ ਦੀ ਉਪਲਬਧੀ ਕਰਵਾ ਸਕਦੇ ਹਾਂ। ਅਰਥਾਤ ਬਾਹਰੀ ਜਗਤ ਤੋਂ ਮੋੜ ਕੇ ਆਪਣੇ ਅੰਦਰ ਦੀ ਦਿਸ਼ਾ ਵੱਲ ਅੱਗੇ ਵਧਾ ਸਕਦੇ ਹਾਂ ਜਿਸ ਨਾਲ ਉਹ ਆਪਣੀ ਆਤਮਾ ਦੇ ਨੂਰ ਨੂੰ ਪ੍ਰਾਪਤ ਕਰ ਲਵੇ। ਇਹੀ ਮਨੁੱਖ ਜਨਮ ਪ੍ਰਾਪਤ ਕਰਨ ਦਾ ਸੱਚਾ ਅਤੇ ਯਥਾਰਥ ਉਦੇਸ਼ ਹੈ। ਭਾਰਤ ਵਿਚ ਇਸੇ ਦਿਸ਼ਾ ਵੱਲ ਸਾਰੇ ਚੱਲੇ ਹਨ। ਉਨ੍ਹਾਂ ਦੁਆਰਾ ਉਹ ਉੱਨਤੀ ਕੀਤੀ ਗਈ ਹੈ ਜਿਸ ਸਦਕਾ ਉਹ ਆਨੰਦ, ਸੱਚਾ ਸੁੱਖ ਅਤੇ ਸ਼ਾਂਤੀ ਪ੍ਰਾਪਤ ਕਰ ਕੇ ਸਮਾਜ ਅਤੇ ਸੰਸਾਰ ਨੂੰ ਸਹੀ ਰਸਤਾ ਦਿਖਾਉਂਦੇ ਰਹੇ ਹਨ। ਜ਼ਿਕਰਯੋਗ ਹੈ ਕਿ ਬੁੱਧੀ ਭਾਵਨਾ ਨਾਲ ਜੁੜ ਕੇ ਆਤਮਿਕ ਉੱਨਤੀ ਨੂੰ ਹਾਸਲ ਕਰ ਸਕਦੀ ਹੈ। ਇਸ ਦੇ ਉਲਟ ਬੁੱਧੀ ਜਦ ਭਾਵਨਾ ਦਾ ਤਿਆਗ ਕਰਦੇ ਹੋਏ ਮਹਿਜ਼ ਬੁੱਧੀਜੀਵੀ ਬਣ ਕੇ ਅੱਗੇ ਵੱਧਦੀ ਹੈ ਉਦੋਂ ਉਹ ਇੰਦਰੀਆਂ ਦੇ ਸੁੱਖਾਂ ਦੀ ਪੋਸ਼ਕ ਹੁੰਦੀ ਹੈ। ਉਹ ਇਸ ਪਾਸੇ ਲੱਗ ਜਾਂਦੀ ਹੈ ਕਿ ਕਿਸ ਤਰ੍ਹਾਂ ਸਰੀਰ ਦੇ ਸੁੱਖ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਵੇ। ਸਰੀਰਕ ਸੁੱਖ ਹੀ ਉਸ ਦਾ ਮੁੱਖ ਮਕਸਦ ਰਹਿ ਜਾਂਦਾ ਹੈ। ਜਿਵੇਂ ਕਿ ਅੱਜਕੱਲ੍ਹ ਦ੍ਰਿਸ਼ਟੀਗੋਚਰ ਹੋ ਰਿਹਾ ਹੈ। ਅੱਜ ਠੱਗੀ ਦਾ ਬਾਜ਼ਾਰ ਗਰਮ ਹੈ। ਸਮਾਜ ਖਿੰਡ-ਪੁੰਡ ਰਿਹਾ ਹੈ ਕਿਉਂਕਿ ਲੋਕ ਬੁੱਧੀਵਾਦੀ ਹੋ ਕੇ ਰਹਿ ਗਏ ਹਨ। ਭਾਵਨਾ ਦਾ ਤਿਆਗ ਕਰ ਦਿੱਤਾ ਗਿਆ ਹੈ। ਲੋਕ ਤਰ੍ਹਾਂ-ਤਰ੍ਹਾਂ ਦੇ ਝੂਠ, ਫਰੇਬ, ਛਲ-ਕਪਟ ਦੇ ਧਾਰਨੀ ਨਜ਼ਰ ਆ ਰਹੇ ਹਨ। ਹਰ ਪਾਸੇ ਪਾਟੋਧਾੜ ਵਾਲੀ ਸਥਿਤੀ ਦਿਖਾਈ ਦੇ ਰਹੀ ਹੈ। ਸਭ ਇਕ-ਦੂਜੇ ਨੂੰ ਦੋਸ਼ ਦੇ ਰਹੇ ਹਨ। ਉਹ ਇਹ ਨਹੀਂ ਸਮਝ ਪਾ ਰਹੇ ਕਿ ਭਾਵ ਦਾ ਤਿਆਗ ਕਰ ਕੇ ਸਿਰਫ਼ ਬੁੱਧੀਜੀਵੀ ਬਣ ਕੇ ਗੱਲ ਨਹੀਂ ਬਣਨੀ। ਅਜਿਹੇ ਵਿਚ ਹੁਣ ਮੁੜ ਬਾਹਰੀ ਦੌੜ 'ਤੇ ਲਗਾਮ ਲਗਾ ਕੇ ਆਪਣੇ ਯਥਾਰਥ ਸੁੱਖ ਦੀ ਪ੍ਰਾਪਤੀ ਵੱਲ ਬੁੱਧੀ ਨੂੰ ਲੈ ਕੇ ਚੱਲਣਾ ਹੋਵੇਗਾ ਤਾਂ ਜੋ ਖ਼ੁਦ, ਸਮਾਜ ਅਤੇ ਪੂਰੇ ਵਿਸ਼ਵ ਨੂੰ ਸ਼ਾਂਤੀ ਅਤੇ ਆਨੰਦ ਦੇ ਰਾਹ 'ਤੇ ਲਿਆ ਕੇ ਖੜ੍ਹਾ ਕੀਤਾ ਜਾ ਸਕੇ। ਅਜਿਹਾ ਕਰਨ ਲਈ ਬਹੁਤ ਤਰੱਦਦ ਕਰਨੇ ਪੈਣਗੇ ਪਰ ਇਹ ਗੱਲ ਪੱਕੀ ਹੈ ਕਿ ਸੰਜੀਦਾ ਕੋਸ਼ਿਸ਼ਾਂ ਨੂੰ ਬੂਰ ਜ਼ਰੂਰ ਪਵੇਗਾ।

-ਅਸ਼ੋਕ ਵਾਜਪਾਈ।

Posted By: Jagjit Singh