ਹੋਰਾਂ ਨਾਲ ਤਾਂ ਸਾਰੇ ਲੜ ਲੈਂਦੇ ਹਨ। ਵਿਰੋਧੀ ਜਾਂ ਦੁਸ਼ਮਣ ਨਾਲ ਲੜ ਕੇ ਅਸੀਂ ਉਨ੍ਹਾਂ ਨੂੰ ਹਰਾ ਵੀ ਸਕਦੇ ਹਾਂ। ਇਸ ਵਿਚ ਕੋਈ ਖ਼ਾਸ ਬਹਾਦਰੀ ਨਹੀਂ ਹੈ। ਜੇਕਰ ਕਿਸੇ ਨੂੰ ਯੋਧਾ ਕਹਾਉਣ ਦਾ ਇੰਨਾ ਹੀ ਸ਼ੌਕ ਹੈ ਤਾਂ ਪਹਿਲਾਂ ਉਹ ਆਪਣੇ ਅੰਦਰ ਬੈਠੇ ਦੁਸ਼ਮਣ ਨਾਲ ਲੜ ਕੇ ਤਾਂ ਦੇਖੇ ਕਿ ਕੀ ਉਹ ਆਪਣੇ ਔਗੁਣਾਂ, ਬੁਰਾਈਆਂ ਵਰਗੇ ਦਾਨਵਾਂ ਨਾਲ ਲੜਨ ਵਿਚ ਕਾਮਯਾਬ ਹੋ ਸਕਦਾ ਹੈ? ਇਸੇ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਵੱਡਾ ਸੂਰਬੀਰ ਹੈ? ਸਿਕੰਦਰ ਨੇ ਕਿਹਾ ਸੀ ਕਿ ਮੈਂ ਦੁਨੀਆ ਨੂੰ ਜਿੱਤਣ ਵਿਚ ਸਫਲ ਰਿਹਾ ਪਰ ਖ਼ੁਦ ਤੋਂ ਹਾਰ ਗਿਆ ਕਿਉਂਕਿ ਮੇਰੇ ਅੰਦਰ ਹੀ ਲੋਭ, ਮੋਹ, ਹੰਕਾਰ ਕਾਫ਼ੀ ਮਾਤਰਾ ਵਿਚ ਭਰਿਆ ਰਿਹਾ। ਅਸਲ ਵਿਚ ਵਿਅਕਤੀ ਸਮਝ ਨਹੀਂ ਪਾਉਂਦਾ ਕਿ ਮਨੁੱਖੀ ਜੀਵਨ ਸਾਰਥਕ ਕਿੱਦਾਂ ਬਣੇਗਾ? ਇਹ ਸਾਰੀ ਸ੍ਰਿਸ਼ਟੀ ਪਰਮਤਾਮਾ ਦੁਆਰਾ ਰਚੀ ਗਈ ਹੈ। ਇਸ ਸ੍ਰਿਸ਼ਟੀ ਵਿਚ ਉਹੀ ਜਿੱਤਦਾ ਹੈ ਜੋ ਖ਼ੁਦ ਦੇ ਅੰਦਰ ਦੇ ਦੁਰਗੁਣਾਂ ਨਾਲ ਲੜ ਕੇ ਉਨ੍ਹਾਂ ਨੂੰ ਹਰਾ ਦਿੰਦਾ ਹੈ ਅਤੇ ਸਿਰਫ਼ ਪਰਮਾਤਮਾ ਦੇ ਸੱਚ ਗੁਣ-ਧਰਮ ਨੂੰ ਖ਼ੁਦ ਵਿਚ ਸਥਾਪਤ ਕਰਨ ਲਈ ਖ਼ੁਦ ਨੂੰ ਰਾਜ਼ੀ ਕਰ ਲੈਂਦਾ ਹੈ। ਖ਼ੁਦ ਦੇ ਅੰਦਰ ਦੀਆਂ ਬੁਰਾਈਆਂ, ਕਮਜ਼ੋਰੀਆਂ ਮਨੁੱਖ ਨੂੰ ਪੈਰ-ਪੈਰ 'ਤੇ ਹਰਾਉਂਦੀਆਂ ਹਨ ਅਤੇ ਵਿਅਕਤੀ ਹਰੇਕ ਪਲ ਹਾਰਦਾ ਨਜ਼ਰ ਆਉਂਦਾ ਹੈ। ਇਨ੍ਹਾਂ ਕਮਜ਼ੋਰੀਆਂ, ਬੁਰਾਈਆਂ ਨੂੰ ਦੂਰ ਕੀਤੇ ਬਿਨਾਂ ਜੀਵਨ ਦੀ ਜੋਤੀ ਨਾ ਕਦੇ ਬਲਦੀ ਹੈ ਅਤੇ ਨਾ ਅੰਤਰ-ਮਨ ਦਾ ਹਨੇਰਾ ਹੀ ਦੂਰ ਹੁੰਦਾ ਹੈ। ਸਦਾ ਭਟਕਣ, ਅਸ਼ਾਂਤੀ, ਕਮੀ, ਦੁੱਖ, ਪਰੇਸ਼ਾਨੀ, ਸਮੱਸਿਆ ਬਣੀ ਰਹਿੰਦੀ ਹੈ। ਵਿਅਕਤੀ ਦੇ ਅੰਦਰ ਦੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਵਰਗੇ ਦਾਨਵ ਜਦ ਤਕ ਮਰਦੇ ਨਹੀਂ, ਉਦੋਂ ਤਕ ਜੀਵਨ ਵਿਚ ਦੇਵਤਿਆਂ ਵਰਗੇ ਗੁਣ ਆਉਣ ਦੀ ਕਲਪਨਾ ਅਧੂਰੀ ਹੀ ਰਹਿੰਦੀ ਹੈ। ਇਨ੍ਹਾਂ ਨੂੰ ਦੂਰ ਕਰ ਕੇ ਹੀ ਅੰਤਰ-ਮਨ ਨੂੰ ਦੇਵਤਿਆਂ ਦੇ ਪ੍ਰਕਾਸ਼ ਨਾਲ ਚਾਨਣ-ਮੁਨਾਰਾ ਬਣਾਉਣਾ ਸੰਭਵ ਹੋ ਸਕਦਾ ਹੈ। ਦੁਨੀਆ ਵਿਚ ਜਿੰਨੇ ਵੀ ਮਹਾਪੁਰਖ ਹੋਏ ਹਨ, ਉਹ ਪੈਰ-ਪੈਰ 'ਤੇ ਖ਼ੁਦ ਦੇ ਹੀ ਅੰਦਰ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਦੇ ਰਹੇ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਵਿਅਕਤੀ ਦੂਜਿਆਂ ਨੂੰ ਨਿਰੰਤਰ ਕੋਸਦਾ ਨਜ਼ਰ ਆਉਂਦਾ ਹੈ ਕਿ ਤੁਹਾਡੇ ਅੰਦਰ ਨਾ-ਮੁੱਕਣਯੋਗ ਔਗੁਣ ਹਨ ਪਰ ਉਹ ਆਪਣੇ ਔਗੁਣਾਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ। ਅਸੀਂ ਬਦਲਾਂਗੇ ਤਾਂ ਹੀ ਯੁੱਗ ਬਦਲੇਗਾ ਅਤੇ ਅਸੀਂ ਸੁਧਰਾਂਗੇ ਤਾਂ ਹੀ ਯੁੱਗ ਸੁਧਰੇਗਾ। ਤਬਦੀਲੀ ਦੀ ਸ਼ੁਰੂਆਤ ਅਸਲ ਵਿਚ ਖ਼ੁਦ ਤੋਂ ਹੀ ਹੁੰਦੀ ਹੈ।

-ਮੁਕੇਸ਼ ਰਿਸ਼ੀ।

Posted By: Jagjit Singh