v> ਮਨੁੱਖੀ ਜੀਵਨ ਪਰਮਾਤਮਾ ਵੱਲੋਂ ਮਿਲਿਆ ਹੋਇਆ ਵਰਦਾਨ ਹੈ। ਜ਼ੁਬਾਨ ਮਨੁੱਖੀ ਜੀਵਨ ਦਾ ਮਹੱਤਵਪੂਰਨ ਅੰਗ ਹੈ। ਇਹ ਮਨੁੱਖ ਦਾ ਜਨਮ ਤੋਂ ਲੈ ਕੇ ਮਰਨ ਤਕ ਸਾਥ ਨਿਭਾਉਂਦੀ ਹੈ। ਦੰਦ ਤਾਂ ਜਨਮ ਲੈਣ ਤੋਂ ਬਾਅਦ ਆਉਂਦੇ, ਟੁੱਟਦੇ, ਫਿਰ ਨਵੇਂ ਆਉਂਦੇ ਅਤੇ ਬੁਢਾਪੇ ਵਿਚ ਵੀ ਸਾਥ ਛੱਡ ਜਾਂਦੇ ਹਨ ਪਰ ਜੀਭ ਮਰਨ ਤਕ ਸਾਥ ਨਿਭਾਉਂਦੀ ਹੈ। ਜ਼ੁਬਾਨ ਹੈ ਤਾਂ ਅਸੀਂ ਆਪਣੇ ਮਨ ਦੇ ਹਾਵ-ਭਾਵ ਬੋਲ ਕੇ ਦੂਜਿਆਂ ਨਾਲ ਸਾਂਝੇ ਕਰਦੇ ਹਾਂ। ਤੀਰ ਕਮਾਨ 'ਚੋਂ, ਪਰਾਣ ਸਰੀਰ 'ਚੋਂ ਅਤੇ ਬੋਲ ਜ਼ੁਬਾਨ 'ਚੋਂ ਇਕ ਵਾਰ ਨਿਕਲ ਜਾਣ ਤਾਂ ਵਾਪਸ ਨਹੀਂ ਆਉਂਦੇ। ਜ਼ਖ਼ਮ ਦੇ ਫੱਟ ਤਾਂ ਮਿਟ ਜਾਂਦੇ ਹਨ ਪਰ ਜ਼ੁਬਾਨ ਦੇ ਫੱਟ ਕਦੇ ਨਹੀਂ ਮਿਟਦੇ। ਕਿਸੇ ਦੇ ਮੂੰਹ 'ਚੋਂ ਨਿਕਲਿਆ ਮਾੜਾ ਸ਼ਬਦ ਸਾਰੀ ਉਮਰ ਰੜਕਦਾ ਰਹਿੰਦਾ ਹੈ। ਕਈ ਇਨਸਾਨਾਂ ਦੀ ਜ਼ੁਬਾਨ 'ਚ ਇੰਨੀ ਮਿਠਾਸ ਹੁੰਦੀ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ ਅਤੇ ਕਈਆਂ ਦੇ ਬੋਲ ਚੁਭਦੇ ਹਨ। ਸਾਡੇ ਬੋਲ-ਚਾਲ ਦੇ ਲਹਿਜ਼ੇ ਤੋਂ ਹੀ ਸਾਡੀ ਸ਼ਖ਼ਸੀਅਤ ਝਲਕਦੀ ਹੈ। ਸਾਡੇ ਮੂੰਹ 'ਤੇ ਸਾਡੀ ਯੋਗਤਾ ਨਹੀਂ ਲਿਖੀ ਹੁੰਦੀ, ਇਹ ਤਾਂ ਸਾਡੇ ਬੋਲਾਂ ਤੋਂ ਝਲਕਦੀ ਹੈ। ਇਸ ਲਈ ਸਾਨੂੰ ਹਮੇਸ਼ਾ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਕਿਹਾ ਵੀ ਗਿਆ ਹੈ 'ਪਹਿਲਾਂ ਤੋਲੋ, ਫਿਰ ਬੋਲੋ'। ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਕੰਮਾਂ ਜਾਂ ਬੋਲਾਂ ਨਾਲ ਕਿਸੇ ਦਾ ਦਿਲ ਨਾ ਦੁਖੇ। ਸਾਰਾ ਸੰਸਾਰ ਇਕ ਬਾਗ਼ ਦੀ ਨਿਆਈਂ ਹੈ ਜਿਸ ਵਿਚ ਰੰਗ-ਬਿਰੰਗੇ ਫੁੱਲ ਖਿੜੇ ਹੋਏ ਹਨ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਬੋਲਾਂ ਨਾਲ ਕਿਸੇ ਫੁੱਲ ਨੂੰ ਕੋਈ ਨੁਕਸਾਨ ਨਾ ਹੋਵੇ। ਚੰਗੀ ਜ਼ੁਬਾਨ ਸਾਰੀਆਂ ਚੰਗਿਆਈਆਂ ਦਾ ਨਿਚੋੜ ਹੁੰਦੀ ਹੈ। ਗੁਰੂਆਂ-ਪੀਰਾਂ ਨੇ ਇਨਸਾਨ ਨੂੰ ਹਮੇਸ਼ਾ ਮਿੱਠਾ ਬੋਲਣਾ ਸਿਖਾਇਆ ਹੈ। ਜ਼ੁਬਾਨ ਦੀ ਮਿਠਾਸ ਨਾਲ ਕੋਈ ਵੀ ਕਾਰੋਬਾਰ ਸਫਲ ਹੋ ਜਾਂਦਾ ਹੈ। ਦੁਕਾਨਦਾਰ ਆਪਣੀ ਜ਼ੁਬਾਨ ਦੇ ਰਸ ਕਾਰਨ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੇ ਯੋਗ ਹੋ ਜਾਂਦੇ ਹਨ। ਦੁਨੀਆ 'ਚ ਅਨੇਕਾਂ ਲੋਕ ਆਪਣਾ ਮੁੱਲ ਨਹੀਂ ਪੁਆ ਸਕੇ ਕਿਉਂਕਿ ਉਨ੍ਹਾਂ ਕੋਲ ਜ਼ੁਬਾਨ ਦੇ ਰਸ ਦੀ ਥਾਂ ਕੁਸੋਹਣੇ, ਛਿੱਥੇ, ਚੁਭਵੇਂ ਅਤੇ ਕੌੜੇ ਲਫ਼ਜ਼ ਸਨ ਜੋ ਉਨ੍ਹਾਂ ਬੇਕਦਰੀ ਕਰਵਾ ਗਏ। ਇਸ ਲਈ ਆਓ, ਜ਼ੁਬਾਨ ਦਾ ਰਸ ਪੈਦਾ ਕਰੀਏ। ਜ਼ੁਬਾਨ ਸਾਨੂੰ ਪਰਮਾਤਮਾ ਵੱਲੋਂ ਮਿਲਿਆ ਬਹੁਤ ਕੀਮਤੀ ਤੋਹਫਾ ਹੈ। ਇਸ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਜੇ ਅਸੀਂ ਇਸ ਦੀ ਕੁਚੱਜੀ ਵਰਤੋਂ ਕਰਾਂਗੇ ਤਾਂ ਆਪਣੇ ਅਤੇ ਹੋਰਾਂ ਲਈ ਬਖੇੜੇ ਖੜ੍ਹੇ ਕਰਾਂਗੇ। -ਰਾਜਬੀਰ ਕੌਰ। (84270-08046)

Posted By: Sukhdev Singh