ਮਹਾਰਾਜਾ ਰਣਜੀਤ ਸਿੰਘ ਜਿੰਨੇ ਤਲਵਾਰ ਦੇ ਧਨੀ ਸਨ ਓਨੇ ਹੀ ਉਹ ਆਪਣੇ ਸ਼ਾਂਤ ਵਿਵਹਾਰ ਲਈ ਵੀ ਜਾਣੇ ਜਾਂਦੇ ਸਨ। ਆਪਣੀ ਪ੍ਰਜਾ ਦੇ ਸੁੱਖ-ਦੁਖ ਦੀ ਉਹ ਬਹੁਤ ਪਰਵਾਹ ਕਰਦੇ ਸਨ ਅਤੇ ਉਨ੍ਹਾਂ ਦੇ ਦਰਦ ਨੂੰ ਦੂਰ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। ਇਕ ਵਾਰੀ ਰਣਜੀਤ ਸਿੰਘ ਕਿਤੇ ਜਾ ਰਹੇ ਸਨ ਕਿ ਇਕ ਇੱਟ ਸਾਹਮਣਿਓਂ ਉਨ੍ਹਾਂ ਨੂੰ ਲੱਗੀ। ਰਣਜੀਤ ਸਿੰਘ ਨੂੰ ਸਮਝ ਨਹੀਂ ਆਇਆ ਕਿ ਕਿਸੇ ਨੇ ਇੱਟ ਉਨ੍ਹਾਂ ਦੇ ਉੱਪਰ ਕਿਉਂ ਸੁੱਟੀ। ਸਿਪਾਹੀਆਂ ਨੇ ਚਾਰੋ ਪਾਸੇ ਨਜ਼ਰ ਮਾਰੀ ਤਾਂ ਇਕ ਬੁੱਢੀ ਉਨ੍ਹਾਂ ਨੂੰ ਦਿਖਾਈ ਦਿੱਤੀ। ਉਨ੍ਹਾਂ ਉਸ ਨੂੰ ਗ੍ਰਿਫਤਾਰ ਕਰ ਕੇ ਮਹਾਰਾਜਾ ਸਾਹਮਣੇ ਪੇਸ਼ ਕੀਤਾ।

ਬੁੱਢੀ ਨੂੰ ਜਿਵੇਂ ਹੀ ਰਾਜਾ ਦੇ ਸਾਹਮਣੇ ਲਿਆਂਦਾ ਗਿਆ ਉਹ ਡਰ ਕੇ ਕੰਬਣ ਲੱਗੀ। ਮਹਾਰਾਜ ਰਣਜੀਤ ਸਿੰਘ ਉਸ ਨੂੰ ਕੁਝ ਕਹਿੰਦੇ ਉਸ ਤੋਂ ਪਹਿਲਾਂ ਹੀ ਉਹ ਬੋਲ ਪਈ, ਸਰਕਾਰ! ਬੱਚਾ ਕੱਲ੍ਹ ਤੋਂ ਭੁੱਖਾ ਸੀ ਉਸ ਦੇ ਖਾਣ ਲਈ ਬੇਰ ਦੇ ਦਰੱਖਤ 'ਤੇ ਪੱਥਰ ਮਾਰ ਕੇ ਤੋੜ ਰਹੀ ਸਾਂ ਪਰ ਗਲਤੀ ਨਾਲ ਉਹ ਪੱਥਰ ਤੁਹਾਨੂੰ ਲੱਗ ਗਿਆ। ਮੈਨੂੰ ਮੇਰੀ ਗ਼ਲਤੀ ਲਈ ਮਾਫ ਕਰੋ।

ਮਹਾਰਾਜ ਨੇ ਕੁਝ ਦੇਰ ਸੋਚ ਕੇ ਕਿਹਾ ਕਿ ਬੁੱਢੀ ਨੂੰ ਇਕ ਹਜ਼ਾਰ ਰੁਪਏ ਦੇ ਕੇ ਛੱਡ ਦਿੱਤਾ ਜਾਵੇ। ਇਹ ਸੁਣ ਕੇ ਸਾਰੇ ਮੁਲਾਜ਼ਮ ਹੈਰਾਨ ਹੋ ਗਏ ਕਿਉਂਕਿ ਜਿਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਸ ਨੂੰ ਪੁਰਸਕਾਰ ਮਿਲ ਰਿਹਾ ਹੈ। ਆਖਰ ਇਕ ਦਰਬਾਰੀ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਪੁੱਛ ਲਿਆ, ਮਹਾਰਾਜ ਜਿਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਸ ਨੂੰ ਰੁਪਇਆਂ ਦੀ ਸੌਗਾਤ ਕਿਉਂ?

ਉਸ ਵਿਅਕਤੀ ਨੇ ਇਸ ਗੱਲ 'ਤੇ ਵੀ ਸ਼ੱਕ ਪ੍ਰਗਟਾਇਆ ਕਿ ਜੇਕਰ ਇਸ ਗੱਲ ਦੀ ਜਾਣਕਾਰੀ ਦੂਜੇ ਲੋਕਾਂ ਦੀ ਹੋ ਗਈ ਤਾਂ ਉਹ ਵੀ ਮਹਾਰਾਜ 'ਤੇ ਪੱਥਰ ਸੁੱਟਣ ਲਈ ਪ੍ਰੇਰਿਤ ਹੋ ਸਕਦੇ ਹਨ, ਇਸ ਲਈ ਮਹਾਰਾਜ ਨੂੰ ਫੈਸਲਾ ਸੋਚ-ਸਮਝ ਕੇ ਕਰਨਾ ਚਾਹੀਦਾ ਹੈ। ਉਦੋਂ ਮਹਾਰਾਜ ਨੇ ਉਸ ਵਿਅਕਤੀ ਨੂੰ ਕਿਹਾ ਕਿ ਜਦੋਂ ਬੇਜਾਨ ਦਰੱਖ਼ਤ ਪੱਥਰ ਲੱਗਣ 'ਤੇ ਫੱਲ ਦੇ ਸਕਦੈ ਤਾਂ ਪੰਜਾਬ ਦਾ ਮਹਾਰਾਜਾ ਉਸ ਨੂੰ ਖਾਲੀ ਹੱਥ ਕਿਵੇਂ ਵਾਪਸ ਕਰ ਸਕਦਾ ਹੈ।

Posted By: Seema Anand