ਆਮ ਤੌਰ ’ਤੇ ਅਸੀਂ ਅਧਿਕਾਰ ਤੇ ਕਰਤੱਵ ਦੀ ਗੱਲ ਕਰਦੇ ਰਹਿੰਦੇ ਹਾਂ। ਜਦਕਿ ਅਸਲ ਵਿਚ ਹੋਣਾ ਚਾਹੀਦਾ ਹੈ ਕਰਤੱਵ ਤੇ ਅਧਿਕਾਰ। ਵਿਅਕਤੀ ਨੂੰ ਪਹਿਲਾਂ ਆਪਣਾ ਕਰਤੱਵ ਪੂਰਾ ਕਰਨਾ ਚਾਹੀਦਾ ਹੈ। ਫਿਰ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਚਾਹੀਦੀ ਹੈ। ਜਦ ਅਸੀਂ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਕੁਝ ਕਰਤੱਵ ਵੀ ਹਨ। ਇਹ ਤ੍ਰਾਸਦੀ ਹੈ ਕਿ ਸੰਵਿਧਾਨ ਵਿਚ ਵੀ ਕਰਤੱਵਾਂ ਨੂੰ ਬਾਅਦ ਵਿਚ ਜੋੜਿਆ ਗਿਆ ਹੈ। ਜਦ ਕਰਤੱਵ ਅਤੇ ਅਧਿਕਾਰ ਇਕ ਸਿੱਕੇ ਦੇ ਦੋ ਪਹਿਲੂ ਹਨ ਤਾਂ ਅਸੀਂ ਹਮੇਸ਼ਾ ਅਧਿਕਾਰ ’ਤੇ ਹੀ ਕਿਉਂ ਰੁਕ ਜਾਂਦੇ ਹਾਂ? ਕਰਤੱਵ ਸਾਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹਨ ਤਾਂ ਅਧਿਕਾਰ ਸਾਡੇ ਜਾਗਰੂਕ ਹੋਣ ਦਾ ਪ੍ਰਮਾਣ ਪੇਸ਼ ਕਰਦੇ ਹਨ। ਜੇਕਰ ਅਸੀਂ ਜਾਗਰੂਕ ਹਾਂ ਤਾਂ ਫਿਰ ਜ਼ਿੰਮੇਵਾਰ ਕਿਉਂ ਨਹੀਂ? ਜੇ ਪਰਿਵਾਰ, ਸਮਾਜ ਅਤੇ ਦੇਸ਼ ਵਿਚ ਖ਼ੁਸ਼ਹਾਲੀ ਤੇ ਸ਼ਾਂਤੀ ਲਿਆਉਣੀ ਚਾਹੁੰਦੇ ਹਾਂ ਤਾਂ ਹਰ ਨਾਗਰਿਕ ਨੂੰ ਪਹਿਲਾਂ ਆਪਣੇ ਕਰਤੱਵ ’ਤੇ ਧਿਆਨ ਦੇਣਾ ਹੋਵੇਗਾ। ਸਿਰਫ਼ ਅਧਿਕਾਰਾਂ ਦੀ ਗੱਲ ਕਰ ਕੇ ਉਨ੍ਹਾਂ ਦੀ ਆੜ ਹੇਠ ਅਸੀਂ ਆਪਣੇ ਕਰਤੱਵਾਂ ਦੀ ਅਣਦੇਖੀ ਨਾ ਕਰੀਏ। ਜੇ ਅਸੀਂ ਇਮਾਨਦਾਰੀ ਨਾਲ ਕਰੱਤਵ ਪੂਰੇ ਕਰਦੇ ਰਹਾਂਗੇ ਤਾਂ ਅਧਿਕਾਰ ਖ਼ੁਦ ਹੀ ਹਾਸਲ ਹੋ ਜਾਣਗੇ ਕਿਉਂਕਿ ਉਹ ਕਰਤੱਵਾਂ ਵਿਚ ਹੀ ਸ਼ਾਮਲ ਹਨ। ਕਰਣ ਦੀ ਕਰਤੱਵ ਪ੍ਰਤੀ ਨਿਸ਼ਠਾ ਉੱਤੇ ਕੋਈ ਵਿਵਾਦ ਨਹੀਂ ਹੈ। ਭਗਵਾਨ ਸ੍ਰੀਕਿਸ਼ਨ ਵੀ ਉਸ ਦੇ ਕਾਇਲ ਸਨ। ਗੀਤਾ ਵਿਚ ਸ੍ਰੀਕਿ੍ਰਸ਼ਨ ਨੇ ਅਰਜੁਨ ਹੀ ਨਹੀਂ, ਬਲਕਿ ਲੋਕਾਈ ਨੂੰ ਇਹ ਪੈਗ਼ਾਮ ਦਿੱਤਾ ਹੈ ਕਿ ‘ਕਰਮ ਕਰੋ ਅਤੇ ਫ਼ਲ ਦੀ ਇੱਛਾ ਨਾ ਰੱਖੋ।’ ਜਦ ਇੱਛਾ ਮੁਤਾਬਿਕ ਫ਼ਲ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ। ਸੋ, ਸੁਖੀ ਰਹਿਣਾ ਹੈ ਤਾਂ ਸਿਰਫ਼ ਕਰਮ ਕਰੋ ਅਤੇ ਉਹ ਵੀ ਨਿਸ਼ਕਾਮ ਭਾਵ ਨਾਲ। ਕਰਤੱਵਾਂ ਵਿਚ ਕਰਮ ਹੈ ਅਤੇ ਕਰਮ ਕਰਨਾ ਹੀ ਮਨੁੱਖ ਦੀ ਪਛਾਣ ਹੈ। ਇਹੀ ਕਰਮ ਪੁੰਨ ਦੇ ਮਾਧਿਅਮ ਨਾਲ ਸਾਨੂੰ ਸਵਰਗ ਦੇ ਦੁਆਰ ਤਕ ਪਹੁੰਚਾਉਂਦੇ ਹਨ। ਗਾਂਧੀ ਜੀ ਨੇ ਕਿਹਾ ਸੀ, ‘ਅਧਿਕਾਰ ਦਾ ਚੰਗਾ ਸਰੋਤ ਹੈ ਕਰਤੱਵ। ਜੇਕਰ ਅਸੀਂ ਸਾਰੇ ਆਪਣੇ ਕਰਤੱਵਾਂ ਦੀ ਪਾਲਣਾ ਕਰੀਏ ਤਾਂ ਅਧਿਕਾਰਾਂ ਨੂੰ ਲੱਭਣ ਦੀ ਜ਼ਰੂਰਤ ਨਹੀਂ ਪਵੇਗੀ। ਜੇ ਕਰਤੱਵਾਂ ਦੀ ਅਣਦੇਖੀ ਕਰ ਕੇ ਅਸੀਂ ਅਧਿਕਾਰਾਂ ਦੇ ਪਿੱਛੇ ਪਏ ਰਹੇ ਤਾਂ ਸਾਡੀ ਖੋਜ ਮਿਰਗ-ਤ੍ਰਿਸ਼ਣਾ ਦੀ ਤਰ੍ਹਾਂ ਫ਼ਜ਼ੂਲ ਹੋਵੇਗੀ। ਜਿੰਨਾ ਅਸੀਂ ਅਧਿਕਾਰਾਂ ਦਾ ਪਿੱਛਾ ਕਰਾਂਗੇ, ਓਨਾ ਹੀ ਉਹ ਸਾਡੇ ਤੋਂ ਦੂਰ ਹੋਣਗੇ।-ਦੇਵੇਂਦਰ ਸਿੰਘ ਸਿਸੋਦੀਆ

Posted By: Shubham Kumar