ਮਹਾਭਾਰਤ ਉਹ ਮਹਾਨ ਰਚਨਾ ਹੈ, ਜਿਸ ਨੂੰ ਭਾਰਤ ਦੇ ਰਿਸ਼ੀਆਂ-ਮੁਨੀਆਂ ਤੇ ਇਤਿਹਾਸਕਾਰਾਂ ਨੇ 'ਪੰਚਮ ਵੇਦ' ਦੇ ਨਾਂ ਨਾਲ ਉਪਮਾ ਦਿੱਤੀ ਹੈ। ਕੌਰਵ ਤੇ ਪਾਂਡਵ ਇਸ ਮਹਾਨ ਗ੍ਰੰਥ ਦੇ ਮੁੱਖ ਪਾਤਰ ਹਨ। ਕ੍ਰਿਸ਼ਨ ਦ੍ਵੈਪਾਇਨ ਦੁਆਰਾ ਕਲਮਬੱਧ ਕੀਤੇ ਇਸ ਪਵਿੱਤਰ ਗ੍ਰੰਥ 'ਚ ਕੌਰਵਾਂ-ਪਾਂਡਵਾਂ ਦੇ ਪੁਰਖਿਆ ਦਾ ਵੀ ਵਰਨਣ ਹੈ...

ਯਯਾਤੀ

ਕੌਰਵ ਕੁੱਲ ਦੇ ਸਮਰਾਟ ਨਹੁਸ਼ ਦੇ ਪੰਜ ਪੁੱਤਰ - ਯਤੀ, ਯਯਾਤੀ, ਆਯਤੀ, ਵਿਪਤੀ ਤੇ ਕ੍ਰਿਤੀ ਸਨ। ਨਹੁਸ਼ ਦੇ ਵੱਡੇ ਪੁੱਤਰ ਦੀ ਰਾਜ-ਕਾਜ 'ਚ ਰੁਚੀ ਨਾ ਹੋਣ ਕਾਰਨ ਦੂਸਰਾ ਪੁੱਤਰ ਯਯਾਤੀ ਤਖ਼ਤ 'ਤੇ ਬੈਠਾ। ਯਯਾਤੀ ਨੇ ਪ੍ਰਜਾ ਦੇ ਹਿੱਤਾਂ ਲਈ ਬਹੁਤ ਸਾਰੇ ਕੰਮ ਕੀਤੇ। ਬੇਹੱਦ ਸ਼ੂਰਵੀਰ ਯਯਾਤੀ ਨੂੰ ਹਰਾਉਣਾ ਕਿਸੇ ਵੀ ਮਹਾਬਲੀ ਦੇ ਵੱਸ ਦੀ ਗੱਲ ਨਹੀਂ ਸੀ। ਯਯਾਤੀ ਦੀਆਂ ਦੋ ਪਤਨੀਆਂ ਸਨ – ਦੇਵਯਾਨੀ ਤੇ ਸ਼ਰਮਿਸ਼ਠਾ। ਉਨ੍ਹਾਂ ਦੇ ਪੰਜ ਪੁੱਤਰ ਸਨ। ਇਕ ਵਾਰ ਦੇਵਤਿਆਂ ਤੇ ਦਾਨਵਾਂ ਵਿਚਾਲੇ ਯੁੱਧ ਛਿੜ ਪਿਆ। ਵੱਡੀ ਗਿਣਤੀ 'ਚ ਦੇਵ ਤੇ ਦਾਨਵ ਕਾਲ ਦਾ ਗ੍ਰਾਸ ਬਣੇ। ਗੁਰੂ ਸ਼ੁੱਕਰਾਚਾਰੀਆ ਨੇ ਦਾਨਵਾਂ ਨੂੰ ਮ੍ਰਿਤ ਸੰਜੀਵਨੀ ਵਿੱਦਿਆ ਨਾਲ ਜ਼ਿੰਦਾ ਕਰ ਦਿੱਤਾ। ਦੇਵਤਿਆਂ ਦੀ ਹਾਰ ਹੋਣ ਲੱਗੀ। ਫ਼ਿਕਰਮੰਦ ਹੋਏ ਦੇਵਤੇ ਦੇਵਗੁਰੂ ਬ੍ਰਹਸਪਤੀ ਦੇ ਪੁੱਤਰ ਕਚ ਕੋਲ ਗਏ ਤੇ ਆਖਿਆ, ''ਹੇ ਦੇਵਤਾ! ਦਾਨਵ ਗੁਰੂ ਸ਼ੁੱਕਰਾਚਾਰੀਆ ਦਾਨਵ ਰਾਜ ਵ੍ਰਿਸ਼ਪਰਵਾ ਦੇ ਮਹਿਲ 'ਚ ਰਹਿੰਦੇ ਹਨ ਤੇ ਉਨ੍ਹਾਂ ਕੋਲ ਮ੍ਰਿਤ ਸੰਜੀਵਨੀ ਵਿੱਦਿਆ ਹੈ। ਤੁਸੀਂ ਉਨ੍ਹਾਂ ਪਾਸੋਂ ਇਹ ਵਿੱਦਿਆ ਪ੍ਰਾਪਤ ਕਰੋ, ਤਾਂ ਕਿ ਸਾਡਾ ਕਲਿਆਣ ਹੋ ਸਕੇ।'' ਦੇਵਤਿਆਂ ਨੇ ਦੱਸਿਆ ਕਿ ਦੇਵਯਾਨੀ ਗੁਰੂ ਸ਼ੁੱਕਰਾਚਾਰੀਆ ਦੀ ਪੁੱਤਰੀ ਹੈ, ਜੋ ਦਇਆਵਾਨ ਇਸਤਰੀ ਹੈ। ਉਸ ਨੂੰ ਸੇਵਾ ਭਾਵਨਾ ਨਾਲ ਖ਼ੁਸ ਕਰ ਕੇ ਤੁਸੀਂ ਉਸ ਪਾਸੋਂ ਇਹ ਵਿੱਦਿਆ ਪ੍ਰਾਪਤ ਕਰ ਸਕਦੇ ਹੋ।

ਦੇਵਤਿਆਂ ਦੀ ਗੱਲ ਮੰਨ ਕੇ ਕਚ ਦਾਨਵਰਾਜ ਵ੍ਰਿਸ਼ਪਰਵਾ ਦੀ ਨਗਰੀ ਪੁੱਜਾ ਤੇ ਸ਼ੁੱਕਰਾਚਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣਾ ਸ਼ਿਸ ਸਵੀਕਾਰ ਕਰਨ। ਦਾਨਵ ਗੁਰੂ ਸ਼ੁੱਕਰਾਚਾਰੀਆ ਨੇ ਇਹ ਗੱਲ ਕਬੂਲ ਕਰ ਲਈ। ਪੰਜ ਸਾਲ ਬ੍ਰਹਸਪਤੀ ਪੁੱਤਰ ਕਚ ਦੇਵਯਾਨੀ ਨੂੰ ਖ਼ੁਸ਼ ਕਰਨ ਦੇ ਯਤਨ ਕਰਦਾ ਰਿਹਾ। ਕੁਝ ਨਿਸ਼ਾਚਰਾਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਦੇਵਗੁਰੂ ਦਾ ਪੁੱਤਰ ਕਚ ਉਨ੍ਹਾਂ ਦੇ ਗੁਰੂ ਕੋਲ ਰਹਿ ਰਿਹਾ ਹੈ। ਉਨ੍ਹਾਂ ਨੇ ਕਚ ਦੀ ਹੱਤਿਆ ਕਰ ਦਿੱਤੀ। ਦੇਵਯਾਨੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਆਪਣੇ ਪਿਤਾ ਸ਼ੁੱਕਰਾਚਾਰੀਆ ਕੋਲ ਕਚ ਨੂੰ ਜ਼ਿੰਦਾ ਕਰਨ ਦੀ ਬੇਨਤੀ ਕੀਤੀ। ਸ਼ੁੱਕਰਾਚਾਰੀਆ ਨੇ ਮ੍ਰਿਤ ਸੰਜੀਵਨੀ ਵਿੱਦਿਆ ਨਾਲ ਕਚ ਨੂੰ ਜੀਵਨ ਦਾਨ ਦੇ ਦਿੱਤਾ। ਦਾਨਵਾਂ ਨੇ ਕਈ ਵਾਰ ਕਚ ਦਾ ਅੰਤ ਕਰਨ ਦੇ ਯਤਨ ਕੀਤੇ ਪਰ ਉਹ ਸ਼ੁੱਕਰਾਚਾਰੀਆ ਦੇ ਪ੍ਰਭਾਵ ਨਾਲ ਮੁੜ ਜ਼ਿੰਦਾ ਹੋ ਜਾਂਦਾ। ਉਸ ਨੇ ਸ਼ੁੱਕਰਾਚਾਰੀਆ ਪਾਸੋਂ ਮ੍ਰਿਤ ਸੰਜੀਵਨੀ ਵਿੱਦਿਆ ਵੀ ਸਿੱਖ ਲਈ।

ਜਦੋਂ ਕਚ ਗੁਰੂ ਆਸ਼ਰਮ ਤੋਂ ਵਿਦਾਇਗੀ ਲੈਣ ਲੱਗਾ ਤਾਂ ਦੇਵਯਾਨੀ ਨੇ ਕਚ ਨੂੰ ਕਿਹਾ ਕਿ ਮੈਂ ਆਪ ਪ੍ਰਤੀ ਅਨੁਰਾਗ ਦੀ ਭਾਵਨਾ ਰੱਖਦੀ ਹਾਂ ਤੇ ਆਪ ਨੂੰ ਪਤੀ ਦੇ ਰੂਪ 'ਚ ਪ੍ਰਾਪਤ ਕਰਨਾ ਚਾਹੁੰਦੀ ਹਾਂ। ਕਚ ਨੇ ਕਿਹਾ, ''ਮੇਰੇ ਲਈ ਗੁਰੂਦੇਵ ਸ਼ੁੱਕਰਾਚਾਰੀਆ ਬੇਹੱਦ ਮਾਣਯੋਗ ਹਨ। ਗੁਰੂ ਪੁੱਤਰੀ ਹੋਣ ਨਾਤੇ ਤੁਸੀਂ ਮੇਰੀ ਭੈਣ ਲਗਦੇ ਹੋ।'' ਦੇਵਯਾਨੀ ਦਾ ਹਠ ਵੇਖ ਕੇ ਯਯਾਤੀ ਨੇ ਉਸ ਨੂੰ ਸਰਾਪ ਦਿੱਤਾ ਕਿ ਭਵਿੱਖ 'ਚ ਕੋਈ ਵੀ ਤੈਨੂੰ ਬ੍ਰਾਹਮਣ ਦੀ ਪਤਨੀ ਦੇ ਰੂਪ 'ਚ ਸਵੀਕਾਰ ਨਹੀਂ ਕਰੇਗਾ।

ਇਕ ਵਾਰ ਦੇਵਯਾਨੀ ਤੇ ਦਾਨਵਰਾਜ ਵ੍ਰਿਸ਼ਪਰਵਾ ਦੀ ਪੁੱਤਰੀ ਸ਼ਰਮਿਸ਼ਠਾ ਬਾਗ਼ 'ਚ ਟਹਿਲ ਰਹੀਆਂ ਸਨ ਕਿ ਦੋਵਾਂ 'ਚ ਝਗੜਾ ਹੋ ਗਿਆ। ਸ਼ਰਮਿਸ਼ਠਾ ਨੇ ਦੇਵਯਾਨੀ ਨੂੰ ਖੂਹ 'ਚ ਸੁੱਟ ਦਿੱਤਾ ਤੇ ਮਹਿਲ ਪਰਤ ਗਈ। ਸੰਜੋਗਵੱਸ ਸ਼ਿਕਾਰ ਖੇਡਦਾ ਹੋਇਆ ਯਯਾਤੀ ਉੱਧਰੋਂ ਲੰਘਿਆ। ਉਸ ਨੇ ਖੂਹ ਵਿੱਚੋਂ ਕਿਸੇ ਇਸਤਰੀ ਦੀ ਆਵਾਜ਼ ਸੁਣੀ ਤਾਂ ਉਸ ਨੂੰ ਬਾਹਰ ਕੱਢ ਲਿਆ। ਦੇਵਯਾਨੀ ਨੇ ਕਿਹਾ, ''ਹੇ ਰਾਜਨ, ਤੂੰ ਮੇਰਾ ਹੱਥ ਫੜਿਆ ਹੈ, ਇਸ ਲਈ ਅੱਜ ਤੋਂ ਤੂੰ ਮੇਰਾ ਪਤੀ ਹੋਵੇਂਗਾ।'' ਦੇਵਯਾਨੀ ਨੇ ਕਚ ਦੇ ਸਰਾਪ, ਸ਼ਰਮਿਸ਼ਠਾ ਦੇ ਕਾਰੇ ਤੇ ਰਾਜਾ ਯਯਾਤੀ ਵੱਲੋਂ ਕੀਤੀ ਸਹਾਇਤਾ ਬਾਰੇ ਪਿਤਾ ਸ਼ੁੱਕਰਾਚਾਰੀਆ ਨੂੰ ਦੱਸਿਆ। ਸ਼ੁੱਕਰਾਚਾਰੀਆ ਦਾਨਵਰਾਜ ਅਤੇ ਉਸ ਦੀ ਪੁੱਤਰੀ ਦੇ ਕਾਰੇ 'ਤੇ ਕ੍ਰੋਧਿਤ ਹੋ ਉੱਠੇ। ਦਾਨਵਰਾਜ ਵ੍ਰਿਸ਼ਪਰਵਾ ਨੇ ਸ਼ੁੱਕਰਾਚਾਰੀਆ ਤੇ ਦੇਵਯਾਨੀ ਪਾਸੋਂ ਭੁੱਲ ਲਈ ਮਾਫ਼ੀ ਮੰਗੀ ਤਾਂ ਉਸ ਸਮੇਂ ਦੇਵਯਾਨੀ ਨੇ ਸ਼ਰਤ ਰੱਖੀ ਕਿ ਸ਼ਰਮਿਸ਼ਠਾ ਆਪਣੀਆਂ ਇਕ ਹਜ਼ਾਰ ਦਾਸੀਆਂ ਸਮੇਤ ਮੁੱਖ ਸੇਵਿਕਾ ਬਣ ਕੇ ਉਸ ਦੇ ਵਿਆਹ ਉਪਰੰਤ ਉਸ ਦੇ ਨਾਲ ਜਾਏਗੀ। ਬੇਟੀ ਦੀ ਬੇਨਤੀ ਪਰਵਾਨ ਕਰਦੇ ਹੋਏ ਸ਼ੁੱਕਰਾਚਾਰੀਆ ਨੇ ਆਪਣੀ ਬੇਟੀ ਦਾ ਵਿਆਹ ਯਯਾਤੀ ਨਾਲ ਕਰ ਦਿੱਤਾ।

- ਰਾਕੇਸ਼ ਕੁਮਾਰ

99887-09544

Posted By: Harjinder Sodhi