ਕਿਸੇ ਨੂੰ ਮਾਰਨਾ-ਕੁੱਟਣਾ, ਖ਼ੂਨ-ਖ਼ਰਾਬਾ ਤੇ ਉਸ ਦਾ ਵਿਚਾਰ ਕਰਨਾ ਵੀ ਹਿੰਸਾ ਹੈ। ਮਾਰਕੁੱਟ, ਖ਼ੂਨ-ਖ਼ਰਾਬੇ ਕਾਰਨ ਵੱਡੇ-ਵੱਡੇ ਰਾਜੇ-ਮਹਾਰਾਜੇ ਬਰਬਾਦ ਹੋ ਗਏ ਤਾਂ ਆਮ ਇਨਸਾਨ ਦੀ ਕੀ ਔਕਾਤ? ਸ਼ਾਸਤਰਾਂ ਵਿਚ ਕਰੋਧ, ਸਾੜਾ, ਮੰਦੇ ਬੋਲ, ਨਿੰਦਾ, ਕਿਸੇ ਦੇ ਬੁਰੇ ਦੀ ਕਾਮਨਾ ਜਾਂ ਬੁਰਾ ਕਰਨਾ ਆਦਿ ਤਾਮਸਿਕ ਔਗੁਣ ਦੀ ਸ੍ਰੇਣੀ ਵਿਚ ਗਿਣਾਏ ਗਏ ਹਨ, ਉਹ ਸਭ ਹਿੰਸਾ ਦੇ ਹੀ ਅਸਤਰ-ਸ਼ਸਤਰ ਹਨ। ਵਿਅਕਤੀ ਜਦ ਇਨ੍ਹਾਂ ਦੀ ਵਰਤੋਂ ਕਰਦਾ ਹੈ ਤਾਂ ਦੂਜਿਆਂ ਤੋਂ ਜ਼ਿਆਦਾ ਨੁਕਸਾਨ ਉਸ ਦਾ ਆਪਣਾ ਹੀ ਹੁੰਦਾ ਹੈ। ਗੁੱਸਾ ਤਾਂ ਉਹ ਘਾਤਕ ਹਥਿਆਰ ਹੈ, ਜੋ ਕ੍ਰੋਧ ਕਰਨ ਵਾਲੇ ਦਾ ਪਹਿਲਾਂ ਖ਼ੂਨ ਸਾੜਦਾ ਹੈ। ਜੀਭ 'ਤੇ ਬਿਰਾਜਮਾਨ ਰਸਾਇਣ (ਸਲਾਈਵਾ) ਨੂੰ ਨੁਕਸਾਨ ਪੁੱਜਦਾ ਹੈ। ਕ੍ਰੋਧ ਦੀ ਹਾਲਤ ਵਿਚ ਗਲ਼ ਸੁੱਕਣ ਲੱਗਦਾ ਹੈ ਤੇ ਸਲਾਈਵਾ ਦੇ ਘੱਟ ਹੋਣ ਕਾਰਨ ਹਾਜ਼ਮਾ ਵਿਗੜਦਾ ਹੈ। ਇਸੇ ਤਰ੍ਹਾਂ ਕਿਸੇ ਦਾ ਮੰਦਾ ਚਾਹੁਣ ਜਾਂ ਮੰਦਾ ਕਰਨ ਵਾਲੇ ਇਨਸਾਨ ਦੀ ਅੰਤਰ ਆਤਮਾ ਉਸ ਨੂੰ ਲਾਹਨਤਾਂ ਪਾਉਂਦੀ ਹੈ, ਜਿਸ ਸਦਕਾ ਉਹ ਅੰਦਰੋਂ ਟੁੱਟ ਜਾਂਦਾ ਹੈ। ਅਜਿਹੇ ਲੋਕ ਮਾਨਸਿਕ ਰੋਗੀ ਤਕ ਹੋ ਜਾਂਦੇ ਹਨ। ਉਹ ਉਦਾਸੀ ਦੀ ਬਿਮਾਰੀ ਦੀ ਲਪੇਟ ਵਿਚ ਆ ਜਾਂਦੇ ਹਨ। ਉਮਰ ਵਧਣ 'ਤੇ ਭੁੱਲਣ ਦੀ ਬਿਮਾਰੀ ਤਾਂ ਤੈਅ ਹੀ ਹੈ। ਇਸ ਤਰ੍ਹਾਂ ਉਕਤ ਨਾਂਹ-ਪੱਖੀ ਵਤੀਰਿਆਂ ਸਦਕਾ ਹੋਰਾਂ ਤੋਂ ਪਹਿਲਾਂ ਖ਼ੁਦ ਦੇ ਸਰੀਰ ਦੇ ਜੀਵਨਦਾਇਕ ਤੰਤਰ ਨਾਲ ਹਿੰਸਾ ਹੁੰਦੀ ਹੈ। ਇਸ ਲਈ ਰਿਸ਼ੀਆਂ-ਮੁਨੀਆਂ ਨੇ ਇਸ ਤੋਂ ਬਚਣ ਦਾ ਉਪਦੇਸ਼ ਦਿੰਦਿਆਂ 'ਅਹਿੰਸਾ ਪਰਮੋ ਧਰਮ' ਦਾ ਸਿਧਾਂਤ ਦਿੱਤਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਅਹਿੰਸਾ ਦਾ ਰਸਤਾ ਇਸ ਲਈ ਵੀ ਅਪਣਾਇਆ ਕਿ ਇਸ ਨਾਲ ਆਤਮ-ਸ਼ਕਤੀ ਕਮਜ਼ੋਰ ਨਹੀਂ ਹੁੰਦੀ। ਉਨ੍ਹਾਂ ਨੇ ਆਜ਼ਾਦੀ ਦਾ ਅੰਦੋਲਨ ਵੀ ਕੀਤਾ ਤਾਂ ਇਸ ਨਾਲ 'ਸਵਿਨਯ ਅਵੱਗਿਆ' ਦਾ ਸ਼ਬਦ ਵੀ ਜੋੜਿਆ। ਇਹੋ ਕੰਮ ਭਗਵਾਨ ਸ੍ਰੀ ਰਾਮ ਦੇ ਵਕਤ ਅਯੁੱਧਿਆ ਵਾਸੀਆਂ ਨੇ ਵੀ ਕੀਤਾ ਸੀ। ਜਦ ਸ੍ਰੀ ਰਾਮ ਨੂੰ ਪਿਤਾ ਦਸ਼ਰਥ ਨੇ ਬਣਵਾਸ ਦੇ ਦਿੱਤਾ ਤਾਂ ਅਯੁੱਧਿਆ ਵਾਸੀ ਹਿੰਸਾ ਦੀ ਥਾਂ ਅੰਨ-ਜਲ ਤਿਆਗ ਦਿੰਦੇ ਹਨ। ਅਯੁੱਧਿਆ ਵਿਚ ਕਿਤੇ ਵੀ ਦਸ਼ਰਥ ਦੇ ਫ਼ੈਸਲੇ ਦੇ ਵਿਰੋਧ ਵਿਚ ਹਿੰਸਕ ਘਟਨਾਵਾਂ ਨਹੀਂ ਹੋਈਆਂ। ਜਨਤਾ ਦੇ ਮੂਕ ਵਿਰੋਧ ਨੂੰ ਦਸ਼ਰਥ ਸਹਿ ਨਹੀਂ ਸਕਦੇ। ਭਗਵਾਨ ਕ੍ਰਿਸ਼ਨ ਵੀ ਗੀਤਾ ਦੇ 17ਵੇਂ ਅਧਿਆਏ ਵਿਚ ਬਾਣੀ ਦੇ ਤਪ ਨਾਲ ਅਰਜੁਨ ਨੂੰ ਗਿਆਨ ਦਿੰਦੇ ਹੋਏ ਅਣ-ਸੁਖਾਵੇਂ ਤੇ ਮੰਦੇ ਬੋਲਾਂ ਤੋਂ ਬਚਣ ਦੀ ਸਲਾਹ ਦਿੰਦੇ ਹਨ।

-ਸਲਿਲ ਪਾਂਡੇ।

Posted By: Rajnish Kaur