ਅਕ੍ਰਿਤਘਣ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਦੇ ਕੀਤੇ ਹੋਏ ਅਹਿਸਾਨਾਂ ਨੂੰ ਭੁਲਾ ਕੇ ਉਸ ਨੂੰ ਮਾੜਾ ਦਿਖਾ ਕੇ ਜਾਂ ਬੁਰਾ ਕਹਿ ਕੇ ਉਸ ਦਾ ਦਿਲ ਦੁਖਾਵੇ। ਕਿਸੇ ਦੇ ਕੀਤੇ ਹੋਏ ਅਹਿਸਾਨਾਂ ਨੂੰ ਭੁਲਾਉਣਾ ਤੇ ਕਿਸੇ ਦਾ ਦਿਲ ਦੁਖਾਉਣਾ ਸਭ ਤੋਂ ਮਾੜਾ ਕੰਮ ਹੈ। ਸੇਖ਼ ਸਾਅਦੀ ਦੇ ਕਥਨ ਅਨੁਸਾਰ ਨਾ-ਸ਼ੁਕਰੇ ਆਦਮੀ ਨਾਲੋਂ ਇਕ ਵਫ਼ਾਦਾਰ ਕੁੱਤਾ ਚੰਗਾ ਹੁੰਦਾ ਹੈ।

ਕਈ ਲੋਕ ਜਦੋਂ ਕਿਸੇ ਕੋਲੋਂ ਕੁਝ ਨਾ ਕੁਝ ਨਵਾਂ ਸਿੱਖ ਕੇ ਤੁਰਨ ਲੱਗਦੇ ਹਨ ਅਤੇ ਅਕਲਮੰਦ ਬਣ ਕੇ ਮੁੜ ਉਸ ਨੂੰ ਹੀ ਅੱਖਾਂ ਵਿਖਾਉਣ ਲੱਗ ਪੈਂਦੇ ਹਨ ਤਾਂ ਉਸ ਕਿਸਮ ਦੇ ਲੋਕ ਖ਼ੁਦ ਆਪਣੀ ਅੰਤਰ-ਆਤਮਾ ਨਾਲ ਵੀ ਅੱਤਿਆਚਾਰ ਕਰਦੇ ਰਹਿੰਦੇ ਹਨ। ਅਜਿਹੇ ਵਿਅਕਤੀ ਹੀ ਸਮਾਜ 'ਚ ਅਕ੍ਰਿਤਘਣ ਅਖਵਾਉਂਦੇ ਹਨ। ਸਾਊ ਤੇ ਸਿਆਣੇ ਲੋਕ ਅਜਿਹੇ ਲੋਕਾਂ ਦਾ ਨਾਂ ਲੈਣਾ ਵੀ ਚੰਗਾ ਨਹੀਂ ਸਮਝਦੇ। ਕਿਸੇ ਕੋਲੋਂ ਗੁਣਾਂ ਦੀ ਅਮੀਰੀ ਲੈ ਕੇ ਉਸ ਨੂੰ ਹੀ ਨਜ਼ਰਅੰਦਾਜ਼ ਕਰ ਕੇ ਸਮਾਜ 'ਚ ਆਪਣੇ-ਆਪ ਨੂੰ ਉੱਚਾ ਅਖਵਾਉਣ ਦੇ ਚਾਹਵਾਨ ਲੋਕ ਅਵਿਸ਼ਵਾਸ਼ ਦੇ ਪਾਤਰ ਬਣਦੇ ਹਨ। ਅਜਿਹੇ ਲੋਕ ਇਕ ਦਰ 'ਤੇ ਨਹੀਂ ਟਿਕਦੇ। ਉਹ ਕਿਸੇ ਦੀ ਜ਼ਿੰਦਗੀ ਦੇ ਅਨੁਭਵ ਨੂੰ ਆਪਣਾ ਦੱਸ ਕੇ ਦੂਜੇ ਦੇ ਸੋਨੇ ਨੂੰ ਵੀ ਤਾਂਬਾ ਦੱਸਣ ਲੱਗ ਪੈਂਦੇ ਹਨ। ਅਜਿਹੇ ਸਵਾਰਥੀ ਕਿਸਮ ਦੇ ਲੋਕ ਸ਼ਿਸ਼ਟਾਚਾਰ ਦਾ ਪੱਲਾ ਮਿੰਟਾਂ 'ਚ ਝਾੜ ਕੇ ਖ਼ੁਦ ਨੂੰ ਵਿਅਕਤੀ ਤੋਂ ਸੰਸਥਾ ਸਮਝਣ ਲੱਗ ਪੈਂਦੇ ਹਨ। ਚੰਗੇ ਤੋਂ ਮਹਾਨ ਬਣਨ ਵੱਲ ਤੋਰਨ ਵਾਲਿਆਂ ਦਾ ਅਜਿਹੇ ਲੋਕ ਸ਼ੁਕਰੀਆ ਵੀ ਨਹੀਂ ਕਰਦੇ ਅਤੇ ਨਾ ਹੀ ਉਸ ਦੀ ਖ਼ੈਰ ਮੰਗਦੇ ਹਨ। ਅਕ੍ਰਿਤਘਣ ਲੋਕਾਂ 'ਚ ਘਿਰੇ ਰਹਿਣ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ ਸਗੋਂ ਨੁਕਸਾਨ ਹੀ ਹੁੰਦਾ ਹੈ। ਅਜਿਹੇ ਲੋਕਾਂ ਨੂੰ ਜਦ ਮਤਲਬ ਹੁੰਦਾ ਹੈ ਤਾਂ ਇਹ ਇੰਨੇ ਨਿਮਰ ਤੇ ਮਿੱਠੇ ਬਣ ਜਾਂਦੇ ਹਨ ਕਿ ਇਨ੍ਹਾਂ ਦੀ ਅਸਲੀਅਤ ਪਛਾਣਨੀ ਮੁਸ਼ਕਲ ਹੋ ਜਾਂਦੀ ਹੈ। ਮਤਲਬ ਨਿਕਲਣ 'ਤੇ ਅਜਿਹੇ ਲੋਕ ਝੱਟ ਰੰਗ ਬਦਲ ਲੈਂਦੇ ਹਨ ਅਤੇ ਪਛਾਣਨੋਂ ਵੀ ਹਟ ਜਾਂਦੇ ਹਨ।

ਅਜਿਹੇ ਲੋਕ ਧਰਤੀ 'ਤੇ ਭਾਰ ਹੁੰਦੇ ਹਨ। ਉਨਾਂ ਦੀ ਨੀਅਤ ਤੇ ਨਜ਼ਰ, ਦੋਵੇਂ ਮਾੜੀਆਂ ਹੁੰਦੀਆਂ ਹਨ। ਜੋ ਵੀ ਇਨਸਾਨ ਇਨ੍ਹਾਂ ਮਾੜੇ ਲੋਕਾਂ ਦੇ ਚੁੰਗਲ ਵਿਚ ਫਸ ਜਾਂਦਾ ਹੈ, ਉਸ ਕੋਲ ਬਾਅਦ ਵਿਚ ਪਛਤਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿੰਦਾ। ਅਖ਼ੀਰ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਤੁਸੀਂ ਜੀਵਨ ਵਿਚ ਅਕ੍ਰਿਤਘਣ ਲੋਕਾਂ ਤੋਂ ਜਿੰਨੀ ਜ਼ਿਆਦਾ ਦੂਰੀ ਬਣਾ ਕੇ ਰੱਖੋਗੇ, ਓਨਾ ਹੀ ਸੁਖੀ ਰਹੋਗੇ।

-ਸਨੇਹਇੰਦਰ ਸਿੰਘ ਮੀਲੂ।

(95308-85356)

Posted By: Jagjit Singh