ਸੱਚ ਦੀ ਸਦਾ ਹੀ ਜਿੱਤ ਹੁੰਦੀ ਹੈ। ਸੱਚ ਦੇ ਮਾਰਗ ’ਤੇ ਚੱਲਣਾ ਔਖਾ ਹੈ ਪਰ ਅਸੰਭਵ ਨਹੀਂ। ਸੱਚ ਦੇ ਮਾਰਗ ’ਤੇ ਚੱਲ ਕੇ ਹੀ ਇਨਸਾਨ ਸਫਲਤਾ ਦੇ ਸਿਖ਼ਰ ’ਤੇ ਪੁੱਜ ਸਕਦਾ ਹੈ। ਸੰਤਾਂ, ਵੇਦਾਂ, ਉਪਨਿਸ਼ਦਾਂ ਨੇ ਸੱਚ ਦੀ ਮਹਿਮਾ ਦਾ ਗੁਣਗਾਨ ਕੀਤਾ ਹੈ ਕਿ ਸੱਚ ਹੀ ਧਰਮ ਹੈ। ਮਹਾਤਮਾ ਗਾਂਧੀ ਸੱਚ ਅਤੇ ਅਹਿੰਸਾ ਦੇ ਪੁਜਾਰੀ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਸੱਚ ਦੇ ਮਾਰਗ ’ਤੇ ਚੱਲਦੇ ਹਨ, ਉਨ੍ਹਾਂ ਨੂੰ ਕਦਮ-ਕਦਮ ’ਤੇ ਰੱਬ ਦਾ ਸਾਥ ਮਿਲਦਾ ਰਹਿੰਦਾ ਹੈ। ਉਨ੍ਹਾਂ ਦੇ ਮਾਰਗ ’ਚ ਅੜਿੱਕਾ ਬਣਨ ਵਾਲੇ ਰੱਬ ਦੀ ਕਰੋਪੀ ਦਾ ਸ਼ਿਕਾਰ ਬਣਦੇ ਹਨ ਕਿਉਂਕਿ ਸੱਚ ਦੇ ਮਾਰਗ ’ਤੇ ਜੋ ਚੱਲਦੇ ਹਨ, ਉਹ ਕਿਸੇ ਬਾਰੇ ਨਾ ਬੁਰਾ ਸੋਚਦੇ ਹਨ ਤੇ ਨਾ ਹੀ ਕਿਸੇ ਦੇ ਹਿੱਤਾਂ ਨੂੰ ਢਾਹ ਲਾਉਂਦੇ ਹਨ। ਉਹ ਸਦਾ ਸਭ ਦੀ ਭਲਾਈ ਬਾਰੇ ਹੀ ਸੋਚਦੇ ਹਨ। ਸਭ ਦੀ ਭਲਾਈ ਵਿਚ ਹੀ ਉਨ੍ਹਾਂ ਦੀ ਭਲਾਈ ਦਾ ਭਾਵ ਲੁਕਿਆ ਰਹਿੰਦਾ ਹੈ। ਉਹ ਆਪਣੇ ਕਰਤੱਵਾਂ ਦੀ ਪਾਲਣਾ ਵਿਚ ਸਦਾ ਹੀ ਮੁਸਤੈਦ ਰਹਿੰਦੇ ਹਨ। ਇਸੇ ਕਾਰਨ ਉਨ੍ਹਾਂ ’ਤੇ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਅਤੇ ਵਰਦਾਨ ਸਦਾ ਹੀ ਵਰ੍ਹਦਾ ਰਹਿੰਦਾ ਹੈ। ਸੱਚੇ ਮਨੁੱਖ ਦੀ ਕਥਨੀ ਤੇ ਕਰਨੀ ’ਚ ਫ਼ਰਕ ਨਹੀਂ ਦੇਖਿਆ ਜਾਂਦਾ। ਕਥਨੀ ਤੇ ਕਰਨੀ ਵਿਚ ਜਿੱਥੇ ਫ਼ਰਕ ਪਾਇਆ ਜਾਂਦਾ ਹੈ, ਉੱਥੇ ਝੂਠ ਤੇ ਅਧਰਮ ਦਾ ਵਾਸ ਹੁੰਦਾ ਹੈ। ਸੱਚ ਦੇ ਦਰਸ਼ਨ ਲਈ ਕਥਨੀ ਅਤੇ ਕਰਨੀ ਇੱਕੋ ਹੋਣੀ ਲਾਜ਼ਮੀ ਹੈ। ਧਰਮ ਦੇ ਮਾਰਗ ’ਤੇ ਚੱਲਣ ’ਚ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੈ ਪਰ ਜੋ ਮਨ ਵਿਚ ਸੰਕਲਪ ਕਰ ਕੇ ਸੱਚ ਦੇ ਮਾਰਗ ’ਤੇ ਚੱਲਦੇ ਹਨ, ਮੁਸ਼ਕਲਾਂ ਸਿਰਫ਼ ਉਨ੍ਹਾਂ ਦੀ ਹੀ ਪ੍ਰੀਖਿਆ ਲੈਂਦੀਆਂ ਹਨ, ਕੁਝ ਬੁਰਾ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਨੂੰ ਪਰਮਾਤਮਾ ਦੀ ਸ਼ਕਤੀ ਦਾ ਸਾਥ ਕਦਮ-ਕਦਮ ’ਤੇ ਮਿਲਦਾ ਰਹਿੰਦਾ ਹੈ। ਉਨ੍ਹਾਂ ਦੇ ਰਾਹ ’ਚ ਆਉਣ ਵਾਲੀਆਂ ਔਕੜਾਂ ਉਨ੍ਹਾਂ ਨੂੰ ਹੋਰ ਨਿਖਾਰਦੀਆਂ ਹਨ ਤੇ ਤਰ੍ਹਾਂ-ਤਰ੍ਹਾਂ ਦੇ ਅਹਿਸਾਸ ਕਰਵਾ ਕੇ ਮੰਜ਼ਿਲ ਦਾ ਰਾਹ ਪਕੇਰਾ ਕਰਦੀਆਂ ਰਹਿੰਦੀਆਂ ਹਨ। ਬੱਦਲ ਸੂਰਜ ਨੂੰ ਜ਼ਿਆਦਾ ਸਮੇਂ ਤਕ ਢਕ ਕੇ ਨਹੀਂ ਰੱਖ ਸਕਦੇ। ਸੱਚ ਦੇ ਮਾਰਗ ’ਤੇ ਚੱਲ ਕੇ ਰਾਜਾ ਹਰੀਸ਼ ਚੰਦਰ ਨੇ ਰਾਜ-ਭਾਗ ਦਾ ਤਿਆਗ ਕੀਤਾ ਸੀ। ਪਤਨੀ, ਬੱਚਾ, ਇੱਥੋਂ ਤਕ ਕਿ ਖ਼ੁਦ ਨੂੰ ਵੇਚਿਆ ਪਰ ਸੱਚੇ ਮਾਰਗ ਤੋਂ ਪਿੱਛੇ ਨਹੀਂ ਹਟੇ। ਰਾਜਾ ਹਰੀਸ਼ ਚੰਦਰ ਨੂੰ ਸੱਚ ਦੇ ਗਿਆਨ ਦਾ ਬੋਧ ਸੀ। ਉਨ੍ਹਾਂ ਨੂੰ ਪਤਾ ਸੀ ਕਿ ਸਿਰਫ਼ ਰੱਬ ਸੱਚ ਹੈ ਤੇ ਸਿ੍ਰਸ਼ਟੀ ਦੀ ਹਰ ਵਸਤ ਨਾਸ਼ਵਾਨ ਹੈ। ਇਸ ਲਈ ਬੁਰੇ ਨਤੀਜਿਆਂ ਤੋਂ ਬਚਣ ਲਈ ਔਗੁਣਾਂ ਤੇ ਬੁਰਾਈਆਂ ਨੂੰ ਜੀਵਨ ’ਚੋਂ ਕੱਢ ਦੇਣਾ ਚਾਹੀਦਾ ਹੈ।

-ਮੁਕੇਸ਼ ਰਿਸ਼ੀ।

Posted By: Sunil Thapa