ਜੀਵਨ ਵਿਚ ਖ਼ੁਸ਼ ਰਹਿਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਥਾਈ ਪ੍ਰੇਮ ਨਾਲ ਭਰਪੂਰ ਰਹੀਏ। ਸਦੀਵੀ ਪ੍ਰੇਮ ਸਿਰਫ਼ ਪ੍ਰਭੂ ਦਾ ਪ੍ਰੇਮ ਹੈ ਜੋ ਦਿੱਵਿਆ ਤੇ ਰੂਹਾਨੀ ਵੀ ਹੈ। ਜਦ ਅਸੀਂ ਇਸ ਸੰਸਾਰ ਵਿਚ ਦੂਜਿਆਂ ਨਾਲ ਪ੍ਰੇਮ ਕਰਦੇ ਹਾਂ ਤਾਂ ਇਨਸਾਨ ਦੇ ਬਾਹਰਲੇ ਰੰਗ-ਰੂਪ ’ਤੇ ਹੀ ਕੇਂਦ੍ਰਿਤ ਹੁੰਦੇ ਹਾਂ ਅਤੇ ਸਾਨੂੰ ਜੋੜਨ ਵਾਲੇ ਅੰਦਰੂਨੀ ਪ੍ਰੇਮ ਨੂੰ ਭੁੱਲ ਜਾਂਦੇ ਹਾਂ। ਸੱਚਾ ਪ੍ਰੇਮ ਤਾਂ ਉਹ ਹੈ ਜਿਸ ਦਾ ਅਹਿਸਾਸ ਅਸੀਂ ਦਿਲ ਤੋਂ ਦਿਲ ਤਕ ਅਤੇ ਆਤਮਾ ਤੋਂ ਆਤਮਾ ਤਕ ਕਰਦੇ ਹਾਂ। ਬਾਹਰਲਾ ਰੂਪ ਤਾਂ ਇਕ ਸ਼ੀਸ਼ੇ ਵਾਂਗ ਹੈ ਜੋ ਇਨਸਾਨ ਦੇ ਅੰਦਰ ਮੌਜੂਦ ਸੱਚੇ ਪ੍ਰੇਮ ਨੂੰ ਢੱਕ ਦਿੰਦਾ ਹੈ। ਮੰਨ ਲਓ ਕਿ ਤੁਹਾਡੇ ਕੋਲ ਖਾਣ ਲਈ ਕੁਝ ਅਨਾਜ ਹੈ। ਅਨਾਜ ਪਲਾਸਟਿਕ ਦੀ ਥੈਲੀ ਵਿਚ ਲਪੇਟਿਆ ਜਾ ਸਕਦਾ ਹੈ ਅਤੇ ਡੱਬੇ ਵਿਚ ਵੀ ਪਾ ਕੇ ਰੱਖਿਆ ਜਾ ਸਕਦਾ ਹੈ। ਅਸੀਂ ਉਸ ਥੈਲੀ ਜਾਂ ਡੱਬੇ ਨੂੰ ਨਹੀਂ, ਬਲਕਿ ਉਸ ਦੇ ਅੰਦਰ ਮੌਜੂਦ ਅਨਾਜ ਨੂੰ ਖਾਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਜਦ ਅਸੀਂ ਕਿਸੇ ਇਨਸਾਨ ਨੂੰ ਕਹਿੰਦੇ ਹਾਂ ਕਿ ‘ਮੈਂ ਤੁਹਾਨੂੰ ਪਿਆਰ ਕਰਦਾ ਹਾਂ’ ਤਾਂ ਅਸੀਂ ਉਸ ਵਿਅਕਤੀ ਦੇ ਸਾਰ-ਰੂਪ ਨਾਲ ਪ੍ਰੇਮ ਪ੍ਰਗਟ ਕਰ ਰਹੇ ਹੁੰਦੇ ਹਾਂ। ਬਾਹਰੀ ਦਿੱਖ ਜਾਂ ਸਾਡਾ ਸਰੀਰਕ ਰੂਪ ਉਹ ਨਹੀਂ ਹੈ ਜਿਸ ਨਾਲ ਅਸੀਂ ਅਸਲ ਵਿਚ ਪ੍ਰੇਮ ਕਰਦੇ ਹਾਂ। ਦਰਅਸਲ ਅਸੀਂ ਉਸ ਵਿਅਕਤੀ ਦੇ ਸਾਰ ਨਾਲ ਪ੍ਰੇਮ ਕਰਦੇ ਹਾਂ ਜੋ ਉਸ ਦੇ ਅੰਦਰ ਮੌਜੂਦ ਹੈ। ਸਾਡਾ ਸਭ ਦੇ ਜੀਵਨ ਦਾ ਮਕਸਦ ਇਹੀ ਹੈ ਕਿ ਅਸੀਂ ਆਪਣੇ ਸੱਚੇ ਆਤਮਿਕ ਸਰੂਪ ਦਾ ਅਹਿਸਾਸ ਕਰ ਸਕੀਏ ਅਤੇ ਫਿਰ ਆਪਣੀ ਆਤਮਾ ਦਾ ਮਿਲਾਪ ਉਸ ਦੇ ਸਰੋਤ ਪਰਮਾਤਮਾ ਨਾਲ ਕਰਵਾ ਸਕੀਏ। ਇਸ ਉਦੇਸ਼ ਦੀ ਪੂਰਤੀ ਲਈ ਸੰਤ-ਮਹਾਤਮਾ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰਦੇ ਹਨ। ਇਕ ਪੂਰਨ ਸੰਤ-ਮਹਾਤਮਾ ਆਪਣੀ ਰੂਹਾਨੀ ਤਵੱਜੋ ਸਾਨੂੰ ਪ੍ਰਦਾਨ ਕਰਦਾ ਹੈ ਤਾਂ ਜੋ ਸਾਡਾ ਲੋਕ-ਪ੍ਰਲੋਕ ਸੁਧਰ ਜਾਵੇ। ਉਨ੍ਹਾਂ ਸਦਕਾ ਹੀ ਸਾਡੀ ਆਤਮਾ ਅੰਦਰੋਂ ਪ੍ਰਭੂ ਦੀ ਦਿੱਵਿਆ ਜੋਤੀ ਨਾਲ ਜੁੜਨ ਦੇ ਲਾਇਕ ਬਣ ਜਾਂਦੀ ਹੈ। ਤਦ ਅਸੀਂ ਆਪਣੇ ਸੱਚੇ ਰੂਹਾਨੀ ਸਰੂਪ ਦਾ ਅਹਿਸਾਸ ਕਰ ਪਾਉਂਦੇ ਹਾਂ। ਫਿਰ ਸਤਿਗੁਰੂ ਦੇ ਮਾਰਗਦਰਸ਼ਨ ਵਿਚ ਨਿਰੰਤਰ ਧਿਆਨ-ਅਭਿਆਸ ਕਰਦੇ ਹੋਏ ਸਾਡੀ ਆਤਮਾ ਰੂਹਾਨੀ ਮਾਰਗ ’ਤੇ ਪ੍ਰਗਤੀ ਕਰਦੀ ਜਾਂਦੀ ਹੈ ਅਤੇ ਅਖ਼ੀਰ ਪਰਮਾਤਮਾ ਵਿਚ ਲੀਨ ਹੋ ਜਾਂਦੀ ਹੈ। ਸੋ, ਆਓ! ਅਸੀਂ ਸਾਰੇ ਆਪਣੀ ਬਾਹਰਲੀ ਸਰੀਰਕ ਦਿੱਖ ਵੱਲੋਂ ਧਿਆਨ ਹਟਾਈਏ ਅਤੇ ਆਪਣੇ ਸੱਚੇ ਆਤਮਿਕ ਸਰੂਪ ਦਾ ਅਹਿਸਾਸ ਕਰੀਏ।

-ਸੰਤ ਰਾਜਿੰਦਰ ਸਿੰਘ।

Posted By: Jagjit Singh