ਜੇਕਰ ਅਸੀਂ ਪ੍ਰਭੂ ਵੱਲ ਵਾਪਸ ਜਾਣ ਵਾਲੇ ਰੂਹਾਨੀ ਰਾਹ 'ਤੇ ਚੱਲ ਰਹੇ ਹਾਂ ਤਾਂ ਸਾਨੂੰ ਸੱਚ ਦੇ ਸਾਰੇ ਦਿਸਹੱਦਿਆਂ ਦਾ ਵਿਕਾਸ ਕਰਨਾ ਹੋਵੇਗਾ। ਜੇ ਅਸੀਂ ਰੱਬ ਦੇ ਪ੍ਰਕਾਸ਼ ਦੀ ਝਲਕ ਦਿਸਣ ਵਾਲਾ ਸ਼ੀਸ਼ਾ ਬਣਨਾ ਚਾਹੁੰਦੇ ਹਾਂ ਤਾਂ ਸਾਡੇ ਅੰਦਰ ਕਿਸੇ ਵੀ ਤਰ੍ਹਾਂ ਦਾ ਵਿਕਾਰ ਨਹੀਂ ਹੋਣਾ ਚਾਹੀਦਾ।

ਸਾਡੇ ਵਿਚਾਰਾਂ, ਸ਼ਬਦਾਂ ਅਤੇ ਕੰਮਾਂ ਵਿਚ 20ਵੀਂ ਸਦੀ ਦੇ ਮਹਾਪੁਰਸ਼ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦਾ ਕਥਨ ਝਲਕਣਾ ਚਾਹੀਦਾ ਹੈ, ''ਸੱਚ ਉੱਚਾ ਹੈ ਪਰ ਉਸ ਤੋਂ ਵੀ ਉੱਚਾ ਹੈ ਸੱਚ ਨਾਲ ਭਰਪੂਰ ਜੀਵਨ।'' ਸੱਚ ਦੀ ਪਾਲਣਾ ਕਰ ਕੇ ਅਸੀਂ ਸਿਰਫ਼ ਆਪਣੀ ਰੂਹਾਨੀ ਪ੍ਰਗਤੀ ਹੀ ਨਹੀਂ ਕਰਾਂਗੇ ਬਲਕਿ ਉਨ੍ਹਾਂ ਲਈ ਇਕ ਮਿਸਾਲ ਵੀ ਪੇਸ਼ ਕਰਾਂਗੇ ਜੋ ਪਰਮਾਤਮਾ ਤਕ ਵਾਪਸ ਜਾਣ ਦਾ ਮਾਰਗ ਲੱਭ ਰਹੇ ਹਨ। ਸੱਚ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਵਿਚ ਸਾਨੂੰ ਅਨੇਕ ਚੀਜ਼ਾਂ ਸਹਾਇਕ ਹੋ ਸਕਦੀਆਂ ਹਨ। ਸਭ ਤੋਂ ਪਹਿਲਾਂ, ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਹੋਰਾਂ ਤੋਂ ਤਾਂ ਕੁਝ ਲੁਕਾ ਸਕਦੇ ਹਾਂ ਪਰ ਪਰਮਾਤਮਾ ਤੋਂ ਅਸੀਂ ਕੁਝ ਨਹੀਂ ਲੁਕਾ ਸਕਦੇ।

ਪਰਮਾਤਮਾ ਸਭ ਕੁਝ ਜਾਣਦਾ ਹੈ ਅਤੇ ਉਹ ਸਾਨੂੰ ਹਰ ਸਮੇਂ ਦੇਖ ਰਿਹਾ ਹੈ। ਅਸੀਂ ਸੋਚ ਸਕਦੇ ਹਾਂ ਕਿ ਪਰਮਾਤਮਾ ਕੋਲ ਸਾਡੇ ਵਰਗੇ ਤੁੱਛ ਜੀਵ ਦੇ ਵਿਸ਼ੇ ਵਿਚ ਸੋਚਣ ਲਈ ਵਕਤ ਹੀ ਕਿੱਥੇ ਹੈ? ਪਰ ਪਰਮਾਤਮਾ ਨੂੰ ਘਾਹ ਦੇ ਛੋਟੇ ਤਿਣਕੇ ਤੋਂ ਲੈ ਕੇ ਇਸ ਸ੍ਰਿਸ਼ਟੀ 'ਤੇ ਵਿਚਰਦੇ ਸਭ ਤੋਂ ਵਿਸ਼ਾਲ ਜੀਵਾਂ ਤਕ, ਹਰੇਕ ਬਾਰੇ ਸਭ ਕੁਝ ਪਤਾ ਹੁੰਦਾ ਹੈ।

ਅਸੀਂ ਰੱਬ ਦੀ ਚੇਤਨ ਦ੍ਰਿਸ਼ਟੀ ਤੋਂ ਬਚ ਨਹੀਂ ਸਕਦੇ ਕਿਉਂਕਿ ਉਹ ਹਰੇਕ ਜੀਵ ਦੇ ਅੰਦਰ ਮੌਜੂਦ ਹੈ। ਜੇ ਅਸੀਂ ਇਹ ਸਮਝ ਲਈਏ ਕਿ ਪਰਮਾਤਮਾ ਹਰ ਸਮੇਂ ਸਾਡੇ ਨਾਲ ਹੈ ਤਾਂ ਸਾਨੂੰ ਇਹ ਅਨੁਭਵ ਹੋ ਜਾਵੇਗਾ ਕਿ ਭਾਵੇਂ ਹੀ ਅਸੀਂ ਦੂਜਿਆਂ ਤੋਂ ਕੁਝ ਲੁਕਾ ਲਈਏ ਪਰ ਰੱਬ ਨੂੰ ਸਾਡੇ ਸਾਰੇ ਵਿਚਾਰਾਂ, ਸ਼ਬਦਾਂ ਅਤੇ ਕੰਮਾਂ ਦਾ ਗਿਆਨ ਰਹਿੰਦਾ ਹੈ। ਦੂਜੀ ਗੱਲ ਇਹ ਕਿ ਸਾਨੂੰ ਆਪਣੀਆਂ ਅਸਫਲਤਾਵਾਂ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਹੈ।

ਅਸੀਂ ਆਪਣੀਆਂ ਕਮੀਆਂ, ਭੁੱਲਾਂ ਨੂੰ ਦੂਜਿਆਂ ਤੋਂ ਲੁਕਾ ਸਕਦੇ ਹਾਂ ਪਰ ਖ਼ੁਦ ਤੋਂ ਕਦੇ ਨਹੀਂ ਛੁਪਾ ਸਕਦੇ। ਭੁੱਲਾਂ ਨੂੰ ਅਣਦੇਖਿਆ ਕਰਨ, ਟਾਲਣ, ਬਚਣ ਜਾਂ ਹੋਰਾਂ ਨਾਲ ਇਨ੍ਹਾਂ ਦੇ ਵਿਸ਼ੇ 'ਚ ਵਿਅਰਥ ਤਰਕ ਕਰਨ ਨਾਲ ਸਾਡੀ ਰੂਹਾਨੀ ਤਰੱਕੀ ਨਹੀਂ ਹੋਵੇਗੀ। ਜੇਕਰ ਅਸੀਂ ਪ੍ਰਭੂ ਦੇ ਸਾਮਰਾਜ ਵਿਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਦਾਗ-ਧੱਬਿਆਂ ਨੂੰ ਸਾਫ਼ ਕਰਨਾ ਹੋਵੇਗਾ ਕਿਉਂਕਿ ਰੱਬ ਸਾਡੇ ਰੂਹਾਨੀ ਰੂਪ ਨੂੰ ਦੇਖਦਾ ਹੈ।

-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।

Posted By: Jagjit Singh