ਕਿਰਤ ਦਾ ਆਮ ਅਰਥ ਹੈ-ਸਰੀਰਕ ਅਤੇ ਮਾਨਸਿਕ ਮਿਹਨਤ ਕਰਦੇ ਹੋਏ ਆਪਣੀਆਂ ਲੋੜਾਂ ਦੀ ਪੂਰਤੀ ਕਰਨੀ। ਲੋੜਾਂ ਦੀ ਪੂਰਤੀ ਲਈ ਮਨੁੱਖ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਧਰਮ ਗ੍ਰੰਥਾਂ 'ਚ ਮਿਹਨਤ ਤੇ ਇਮਾਨਦਾਰੀ ਨਾਲ ਕੀਤੀ ਗਈ ਦਸਾਂ ਨਹੁੰਆਂ ਦੀ ਕਮਾਈ ਨੂੰ ਹੀ ਸੱਚੀ ਕਿਰਤ ਕਿਹਾ ਗਿਆ ਹੈ।

ਅਜਿਹੀ ਕਿਰਤ ਨਾਲ ਕਮਾਈ ਰੋਜ਼ੀ-ਰੋਟੀ ਹੀ ਆਤਮਿਕ ਆਨੰਦ ਅਤੇ ਤ੍ਰਿਪਤੀ ਦਾ ਸਾਧਨ ਮੰਨੀ ਗਈ ਹੈ। ਅਜਿਹੀ ਕਿਰਤ-ਕਮਾਈ ਨੂੰ ਸੁਖੀ ਜੀਵਨ ਦਾ ਆਧਾਰ ਮੰਨਿਆ ਗਿਆ ਹੈ। ਮਿਹਨਤ ਦੀ ਕਮਾਈ 'ਚ ਜੋ ਸੁੱਖ ਅਤੇ ਸੰਤੁਸ਼ਟੀ ਮਿਲਦੀ ਹੈ, ਉਹ ਬੇਈਮਾਨੀ ਦੇ ਅਰਬਾਂ-ਖਰਬਾਂ ਰੁਪਇਆਂ ਨਾਲ ਵੀ ਹਾਸਲ ਨਹੀਂ ਕੀਤੀ ਜਾ ਸਕਦੀ।

ਅੱਜ ਦੇ ਹਾਲਾਤ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਬਹੁਤੇ ਲੋਕ ਤਾਂ ਰੂਹਾਨੀ ਸਿੱਖਿਆ ਦੇ ਉਲਟ ਚੱਲਦੇ ਹੋਏ ਠੱਗੀ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਲੁੱਟਮਾਰ ਅਤੇ ਹੋਰ ਗ਼ਲਤ ਤਰੀਕਿਆਂ ਨਾਲ ਧਨ ਕਮਾਉਣ 'ਚ ਲੱਗੇ ਹੋਏ ਹਨ। ਅਜਿਹੀ ਕਿਰਤ ਨਾਲ ਭੌਤਿਕ ਸੁੱਖ-ਸਹੂਲਤਾਂ ਦੇ ਅਨੇਕਾਂ ਸਾਧਨ ਤਾਂ ਖ਼ਰੀਦੇ ਜਾ ਸਕਦੇ ਹਨ ਪਰ ਠੱਗੀ-ਬੇਈਮਾਨੀ ਦੀ ਕਿਰਤ-ਕਮਾਈ ਨਾਲ ਆਤਮਿਕ ਸੁੱਖ-ਸ਼ਾਂਤੀ ਅਤੇ ਪਵਿੱਤਰਤਾ ਹਾਸਲ ਨਹੀਂ ਕੀਤੀ ਜਾ ਸਕਦੀ।

ਸੱਚੀ-ਸੁੱਚੀ ਕਿਰਤ-ਕਮਾਈ ਕਰਨ ਵਾਲਾ ਵਿਅਕਤੀ ਰੱਬ ਦੀ ਰਹਿਮਤ ਦਾ ਹੱਕਦਾਰ ਬਣ ਜਾਂਦਾ ਹੈ। ਅਜਿਹਾ ਵਿਅਕਤੀ ਸਬਰ-ਸੰਤੋਖ ਅਤੇ ਦੀਨਤਾ-ਨਿਮਰਤਾ ਦਾ ਧਾਰਨੀ ਬਣ ਜਾਂਦਾ ਹੈ। ਦਸਾਂ ਨਹੁੰਆਂ ਨਾਲ ਕੀਤੀ ਕਿਰਤ-ਕਮਾਈ ਅਤੇ ਝੂਠ-ਫ਼ਰੇਬ ਨਾਲ ਕੀਤੀ ਕਮਾਈ 'ਚੋਂ ਕਿਹੜੀ ਉੱਤਮ ਅਤੇ ਸੁਖਦਾਈ ਹੈ, ਇਸ ਦਾ ਨਿਤਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕੀਤਾ ਸੀ ਜਦੋਂ ਉਨ੍ਹਾਂ ਨੇ ਭਾਈ ਲਾਲੋ ਦੀ ਹੱਕ-ਹਲਾਲ ਦੀ ਰੁੱਖੀ-ਮਿੱਸੀ ਰੋਟੀ 'ਚੋਂ ਦੁੱਧ ਅਤੇ ਮਲਕ ਭਾਗੋ ਦੇ ਸ਼ਾਹੀ ਪਕਵਾਨਾਂ 'ਚੋਂ ਲਹੂ ਨਿਚੋੜ ਕੇ ਵਿਖਾਇਆ ਸੀ ਤੇ ਇਹ ਸੰਦੇਸ਼ ਦਿੱਤਾ ਸੀ ਕਿ ਮਿਹਨਤ ਨਾਲ ਕਮਾਈ ਰੋਜ਼ੀ-ਰੋਟੀ ਹੀ ਤਨ-ਮਨ ਲਈ ਸੁਖਦਾਈ ਹੁੰਦੀ ਹੈ।

ਮਨੁੱਖ ਨੂੰ ਹਮੇਸ਼ਾ ਨੇਕੀ ਅਤੇ ਇਮਾਨਦਾਰੀ ਨਾਲ ਹੀ ਕਮਾਈ ਕਰ ਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ। ਜੋ ਲੋਕ ਬੇਈਮਾਨੀ ਨਾਲ ਧਨ ਇਕੱਠਾ ਕਰਦੇ ਹਨ, ਉਸ ਧਨ ਦਾ ਮਾੜਾ ਅਸਰ ਉਨ੍ਹਾਂ ਦੀ ਔਲਾਦ ਅਤੇ ਧਨ ਦੀ ਵਰਤੋਂ ਕਰਨ ਵਾਲੇ 'ਤੇ ਜ਼ਰੂਰ ਪੈਂਦਾ ਹੈ। ਮਾੜੀ ਕਮਾਈ 'ਚ ਬਰਕਤ ਨਹੀਂ ਹੁੰਦੀ। ਸੋ, ਭਲਾ ਇਸੇ 'ਚ ਹੈ ਕਿ ਹੱਕ-ਸੱਚ ਦੀ ਕਮਾਈ ਕੀਤੀ ਜਾਵੇ।

-ਯਸ਼ਪਾਲ ਮਾਹਵਰ।

ਸੰਪਰਕ: 90413-47351

Posted By: Sunil Thapa