ਹਰ ਮਨੁੱਖ ਸੁੱਖ ਤੇ ਆਨੰਦ ਨਾਲ ਭਰਪੂਰ ਜੀਵਨ ਜਿਊਣਾ ਚਾਹੁੰਦਾ ਹੈ। ਬਹੁਤ ਸਾਰੇ ਲੋਕ ਆਪਣੇ ਚੰਗੇ ਆਚਰਣ ਤੇ ਸਖ਼ਤ ਮਿਹਨਤ ਨਾਲ ਸੰਸਾਰਕ ਜ਼ਰੂਰਤਾਂ ਦੀ ਪੂਰਤੀ ਕਰ ਕੇ ਸੁਖੀ ਜੀਵਨ ਜਿਊਂਦੇ ਹਨ ਤੇ ਬਹੁਤ ਸਾਰੇ ਲੋਕ ਕਿਸਮਤ ਦੇ ਸਹਾਰੇ ਸਭ ਕੁਝ ਹਾਸਲ ਕਰਨ ਦੀ ਉਮੀਦ ਲਾਈ ਰਹਿੰਦੇ ਹਨ। ਅਜਿਹੇ ਲੋਕ 'ਕਿਸਮਤ ਵਿਚ ਲਿਖਿਆ ਹੋਵੇਗਾ ਤਾਂ ਸਭ ਕੁਝ ਮਿਲੇਗਾ' ਸੋਚ ਕੇ ਬੈਠੇ ਰਹਿੰਦੇ ਹਨ ਤੇ ਕੁਝ ਲੋਕ ਕਹਿੰਦੇ ਰਹਿੰਦੇ ਹਨ ਕਿ ਪਰਮਾਤਮਾ ਹੀ ਉਨ੍ਹਾਂ ਦੀ ਇੱਛਾ ਪੂਰੀ ਕਰੇਗਾ। ਜਦਕਿ ਇਹ ਸੱਚ ਹੈ ਕਿ ਬਿਨਾਂ ਬੀਜ ਦੇ ਜਿਵੇਂ ਰੁੱਖ ਨਹੀਂ ਹੁੰਦਾ, ਉਸੇ ਤਰ੍ਹਾਂ ਬਿਨਾਂ ਕਰਮ ਬੀਜ ਦੇ ਫਲ ਨਹੀਂ ਲੱਗ ਸਕਦੇ। ਧਰਮ ਗ੍ਰੰਥਾਂ ਵਿਚ ਧਰਮ ਦੀ ਜੋ ਵਿਆਖਿਆ ਹੈ ਉਹ ਇਹ ਨਹੀਂ ਕਿ ਪਰਮਾਤਮਾ ਪ੍ਰਗਟ ਹੋਵੇਗਾ ਤੇ ਭੌਤਿਕ ਜ਼ਰੂਰਤਾਂ ਦੀ ਪੂਰਤੀ ਕਰ ਦੇਵੇਗਾ। ਬਲਕਿ ਇਸ ਦੇ ਵਿਗਿਆਨ ਨੂੰ ਦੇਖਿਆ ਜਾਵੇ ਤਾਂ ਧਰਮ ਅਨੁਸਾਰ ਜੀਵਨ ਬਤੀਤ ਕਰਨ ਨਾਲ ਸਰੀਰ ਨੂੰ ਸੰਚਾਲਿਤ ਕਰਨ ਵਾਲਾ ਸਾਡਾ ਦਿਲੋ-ਦਿਮਾਗ ਹਤਾਸ਼ ਨਹੀਂ ਹੁੰਦਾ। ਧਰਮ ਗ੍ਰੰਥਾਂ ਦੇ ਦੱਸੇ ਰਸਤੇ 'ਤੇ ਸੂਝ-ਬੂਝ ਨਾਲ ਚੱਲਣ 'ਤੇ ਆਤਮ ਬਲ ਮਜ਼ਬੂਤ ਹੁੰਦਾ ਹੈ। ਮਹਾਭਾਰਤ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਇਕ ਵਾਰ ਯੁਧਿਸ਼ਟਰ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਭੀਸ਼ਮ ਪਿਤਾਮਾ ਤੋਂ ਪੁੱਛਿਆ ਕਿ ਕਿਸਮਤ ਦੇ ਸਹਾਰੇ ਜਿਊਣਾ ਚਾਹੀਦਾ ਹੈ ਜਾਂ ਪੁਰੂਸ਼ਾਰਥ ਦੇ ਸਹਾਰੇ। ਪਿਤਾਮਾ ਭੀਸ਼ਮ ਨੇ ਕਿਹਾ ਕਿ ਧਰਮ ਅਪਣਾਉਣ ਤੇ ਉਸ ਅਨੁਸਾਰ ਜੀਵਨ ਪੱਥ 'ਤੇ ਚੱਲਣ ਨਾਲ ਵਿਅਕਤੀ ਦੀ ਸੋਚ ਤੇ ਦ੍ਰਿਸ਼ਟੀ ਬਹੁਤ ਸਪੱਸ਼ਟ ਹੁੰਦੀ ਹੈ। ਉਹ ਚਮਤਕਾਰ ਨਾਲ ਭੌਤਿਕ ਉਪਲਬਧੀ ਵਿਚ ਨਹੀਂ ਪੈਂਦਾ। ਉਹ ਸਦਾ ਸੱਚਾ ਆਚਰਣ ਕਰਦਾ ਹੈ ਜਿਸ ਨਾਲ ਉਸ ਦੇ ਜੀਵਨ ਵਿਚ ਨਾਂਹ-ਪੱਖੀ ਸੋਚ ਨਹੀਂ ਆਉਂਦੀ। ਦੂਜੇ ਪਾਸੇ ਕਿਸਮਤ ਦੇ ਸਹਾਰੇ ਜਿਊਣ ਵਾਲਾ ਪਹਿਲਾਂ ਆਲਸੀ ਹੁੰਦਾ ਹੈ ਤੇ ਉਸ ਤੋਂ ਬਾਅਦ ਨਾਂਹ-ਪੱਖੀ ਹੋ ਜਾਂਦਾ ਹੈ ਜਿਸ ਕਾਰਨ ਉਸ ਦੇ ਆਸ-ਪਾਸ ਤਣਾਅ ਡੇਰਾ ਲਾ ਲੈਂਦਾ ਹੈ। ਫਿਰ ਉਸ ਦੀ ਇਸ ਕਮਜ਼ੋਰੀ ਦਾ ਦੂਜੇ ਫ਼ਾਇਦਾ ਚੁੱਕਣ ਲੱਗਦੇ ਹਨ। ਧਰਮ ਦੇ ਨਾਂ 'ਤੇ ਅਜਿਹੇ ਲੋਕ ਬਹੁਤ ਠੱਗੇ ਜਾਂਦੇ ਹਨ। ਭੀਸ਼ਮ ਨੇ ਕਿਹਾ ਕਿ ਪਰਮਾਤਮਾ ਪ੍ਰਗਟ ਹੋ ਕੇ ਸਭ ਕੁਝ ਦੇ ਦੇਵੇਗਾ ਇਸ ਖ਼ਾਹਿਸ਼ ਵਿਚ ਪਾਖੰਡੀ ਦਾਨ-ਦਕਸ਼ਣਾ ਦੇ ਨਾਂ 'ਤੇ ਉਸ ਕੋਲ ਜੋ ਧਨ ਹੁੰਦਾ ਹੈ, ਉਸ ਨੂੰ ਹੜੱਪ ਲੈਂਦੇ ਹਨ। ਭੀਸ਼ਮ ਨੇ ਅਜਿਹੇ ਦਾਨ ਜਿਸ ਨਾਲ ਘਰ ਦੇ ਆਸ਼ਰਿਤਾਂ ਦੇ ਜੀਵਨ ਦੇ ਗੁਜ਼ਾਰੇ ਵਿਚ ਅੜਿੱਕਾ ਪੈਦਾ ਹੋਵੇ, ਉਸ ਨੂੰ ਵੀ ਦੋਸ਼ਪੂਰਨ ਕਿਹਾ ਹੈ।

-ਸਲਿਲ ਪਾਂਡੇ

Posted By: Jagjit Singh