ਸਾਰੇ ਧਾਰਮਿਕ ਗ੍ਰੰਥਾਂ ਵਿਚ ਸੱਚ ਬੋਲਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਅਤੇ ਸੱਚ ਨੂੰ ਚਰਿੱਤਰਵਾਨ ਵਿਅਕਤੀ ਦਾ ਗਹਿਣਾ ਮੰਨਿਆ ਜਾਂਦਾ ਹੈ। ਇਸ ਗਹਿਣੇ ਨੂੰ ਧਾਰਨ ਕਰ ਕੇ ਹਰ ਕਿਸੇ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲੱਗ ਜਾਂਦੇ ਹਨ। ਨੈਤਿਕ ਕਦਰਾਂ-ਕੀਮਤਾਂ ਵਿਚ ਵੀ ਸੱਚ ਦਾ ਵਿਸ਼ੇਸ਼ ਸਥਾਨ ਹੈ। ਸੱਚ ਜਿੱਥੇ ਸਾਡੇ ਚਰਿੱਤਰ ਨੂੰ ਉੱਚਾ ਚੁੱਕਦਾ ਹੈ, ਉੱਥੇ ਹੀ ਸੱਚ ਬੋਲਣ ਵਾਲਾ ਇਕ ਵਾਰ ਸੱਚ ਬੋਲ ਕੇ ਹਮੇਸ਼ਾ ਲਈ ਬੇਫ਼ਿਕਰ ਹੋ ਜਾਂਦਾ ਹੈ ਅਤੇ ਉਸ ਨੂੰ ਉਹ ਸੱਚ ਯਾਦ ਨਹੀਂ ਰੱਖਣਾ ਪੈਂਦਾ ਭਾਵੇਂ ਕਦੇ ਵੀ ਪੁੱਛਿਆ ਜਾਵੇ। ਇਸ ਦੇ ਉਲਟ ਝੂਠੇ ਵਿਅਕਤੀ ਨੂੰ ਬੋਲਿਆ ਗਿਆ ਝੂਠ ਹਰ ਵਾਰ ਯਾਦ ਰੱਖਣਾ ਪੈਂਦਾ ਹੈ ਕਿ ਉਸ ਨੇ ਕੀ ਕਿਹਾ ਸੀ? ਉਹ ਬੋਲੇ ਗਏ ਝੂਠ ਕਾਰਨ ਹਮੇਸ਼ਾ ਚਿੰਤਾ ਵਿਚ ਰਹਿੰਦਾ ਹੈ ਅਤੇ ਉਸ ਦੇ ਦਿਲੋ-ਦਿਮਾਗ ਵਿਚ ਹਮੇਸ਼ਾ ਝੂਠ ਫੜੇ ਜਾਣ ਦਾ ਡਰ ਭਾਰੂ ਰਹਿੰਦਾ ਹੈ। ਦੂਜੇ ਪਾਸੇ ਸੱਚ ਬੋਲ ਕੇ ਅਸੀਂ ਸੁਰਖਰੂ ਹੋ ਜਾਂਦੇ ਹਾਂ। ਇਸ ਤਰ੍ਹਾਂ ਸੱਚ ਦਾ ਰੁਤਬਾ ਹਮੇਸ਼ਾ ਹੀ ਝੂਠ ਤੋਂ ਉੱਪਰ ਰਹੇਗਾ। ਝੂਠ ਬੋਲ ਕੇ ਅਸੀਂ ਪੂਰੀ ਦੁਨੀਆ ਨੂੰ ਤਾਂ ਧੋਖਾ ਦੇ ਸਕਦੇ ਹਾਂ ਪਰ ਆਪਣੀ ਅੰਤਰ-ਆਤਮਾ ਅਤੇ ਜ਼ਮੀਰ ਨੂੰ ਧੋਖਾ ਨਹੀਂ ਦੇ ਸਕਦੇ। ਝੂਠ ਬੋਲਣ ਦਾ ਤਾਂ ਹੀ ਫ਼ਾਇਦਾ ਮੰਨਿਆ ਜਾਵੇਗਾ ਜੇਕਰ ਅਸੀਂ ਉਸ ਝੂਠ ਨਾਲ ਆਪਣੇ ਮਨ ਨੂੰ ਵੀ ਭਰਮ-ਭੁਲੇਖੇ ਵਿਚ ਪਾ ਸਕੀਏ। ਵੈਸੇ ਵੀ ਕੂੜ ਭਾਵੇਂ ਜਿੰਨਾ ਮਰਜ਼ੀ ਪ੍ਰਧਾਨ ਹੋਵੇ, ਸੱਚਾਈ ਅੱਗੇ ਉਹ ਟਿਕ ਨਹੀਂ ਸਕਦਾ। ਕਿਹਾ ਵੀ ਗਿਆ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ। ਝੂਠ ਨੂੰ ਖ਼ੁਦ ਨੂੰ ਸਾਬਤ ਕਰਨ ਲਈ ਮਣਾਂ-ਮੂਹੀ ਦਲੀਲਾਂ ਦੇਣੀਆਂ ਪੈਂਦੀਆਂ ਹਨ। ਇਕ ਝੂਠ ਲੁਕਾਉਣ ਲਈ ਸੌ ਝੂਠ ਬੋਲਣੇ ਪੈਂਦੇ ਹਨ ਜਦਕਿ ਸੱਚ ਨਾਲ ਅਜਿਹਾ ਕੁਝ ਨਹੀਂ ਹੁੰਦਾ। ਕਿਹਾ ਵੀ ਗਿਆ ਹੈ ਕਿ 'ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ।' ਸੱਚ ਪਰੇਸ਼ਾਨ ਹੋ ਸਕਦਾ ਹੈ ਪਰ ਹਾਰ ਨਹੀਂ ਸਕਦਾ। ਲੋਕ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਅੱਜਕੱਲ੍ਹ ਘੋਰ ਕਲਯੁੱਗ ਚੱਲ ਰਿਹਾ ਹੈ। ਸੱਚੇ-ਪੁੱਕੇ ਬੰਦਿਆਂ ਦੀ ਕੋਈ ਕਦਰ ਨਹੀਂ ਪੈਂਦੀ। ਉਨ੍ਹਾਂ ਨੂੰ ਪੈਰ-ਪੈਰ 'ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਚੋਰ-ਉਚੱਕਿਆਂ ਦੀ ਤੂਤੀ ਬੋਲਦੀ ਹੈ। ਪਹਿਲੀ ਨਜ਼ਰੇ ਉਨ੍ਹਾਂ ਦੀ ਗੱਲ ਵਜ਼ਨਦਾਰ ਵੀ ਲੱਗਦੀ ਹੈ ਪਰ ਅੰਤ ਵਿਚ ਜਿੱਤ ਸੱਚ ਦੀ ਹੀ ਹੁੰਦੀ ਹੈ ਕਿਉਂਕਿ ਸੱਚ ਹਮੇਸ਼ਾ ਸੱਚ ਰਹਿੰਦਾ ਹੈ ਅਤੇ ਝੂਠ ਸਦਾ ਝੂਠ ਹੀ ਰਹੇਗਾ।

-ਹਰਮਿੰਦਰ ਸਿੰਘ ਕੈਂਥ। (78887-61607)

Posted By: Sukhdev Singh