ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ 'ਚ ਇਨਸਾਨ ਦੀਆਂ ਵਧ ਰਹੀਆਂ ਆਰਥਿਕ ਲੋੜਾਂ ਨੇ ਉਸ ਤੋਂ ਸਹਿਣਸ਼ੀਲਤਾ ਖੋਹ ਲਈ ਹੈ। ਇਹ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਅਸੀਂ ਕਿਸੇ ਕੰਮ ਨੂੰ ਕਰਨ, ਕਿਸੇ ਗੱਲ ਦਾ ਜਵਾਬ ਦੇਣ ਜਾਂ ਖਾਣ-ਪੀਣ ਦੇ ਸਮੇਂ ਵੀ ਕਦੇ ਸਹਿਣਸ਼ੀਲਤਾ ਨਹੀਂ ਰੱਖਦੇ। ਕੰਮ ਨੂੰ ਕਾਹਲੀ ਨਾਲ ਕਰਨਾ, ਥੋੜ੍ਹੇ ਸਮੇਂ ਵਿਚ ਵੱਧ ਕੰਮ ਕਰਨ ਦੀ ਲਾਲਸਾ ਦਾ ਕਾਰਨ ਹੀ ਸਹਿਣਸ਼ੀਲਤਾ ਦੀ ਕਮੀ ਹੈ।।ਵਾਹਨ ਚਲਾਉਂਦੇ ਸਮੇਂ ਸ਼ਾਇਦ ਹੀ ਅਸੀਂ ਸਹਿਣਸ਼ੀਲਤਾ ਦਾ ਮੁਜ਼ਾਹਰਾ ਕਰਦੇ ਹਾਂ। ਇਹੋ ਹਾਲ ਸਾਡਾ ਵਿਆਹ-ਸ਼ਾਦੀ ਜਾਂ ਕਿਸੇ ਹੋਰ ਸਮਾਗਮ 'ਤੇ ਜਾਣ ਸਮੇਂ ਹੁੰਦਾ ਹੈ। ਸਹਿਣਸ਼ੀਲਤਾ ਦੀ ਘਾਟ ਕਾਰਨ ਅਸੀਂ ਇਕ ਜਗ੍ਹਾ ਇਕਾਗਰ ਹੋ ਕੇ ਬੈਠ ਨਹੀਂ ਸਕਦੇ ਅਤੇ ਹਮੇਸ਼ਾ ਅਸੰਤੁਸ਼ਟ ਹੀ ਰਹਿੰਦੇ ਹਾਂ। ਨਾਂਹ-ਪੱਖੀ ਵਿਚਾਰ ਜਾਂ ਨਾਂਹ-ਪੱਖੀ ਸੋਚ ਵੀ ਅਸਹਿਣਸ਼ੀਲਤਾ ਦੇ ਕਾਰਨ ਬਣਦੇ ਹਨ। ਸਹਿਣਸ਼ੀਲਤਾ ਦੀ ਜੀਵਨ 'ਚ ਬਹੁਤ ਮਹੱਤਤਾ ਹੈ। ਮਨ ਦੀਆਂ ਸਮੁੱਚੀਆਂ ਬਿਰਤੀਆਂ ਨੂੰ ਇਕਾਗਰ ਕਰਨ ਦਾ ਕੰਮ ਸਹਿਣਸ਼ੀਲਤਾ ਸਦਕਾ ਸੰਭਵ ਹੋ ਸਕਦਾ ਹੈ। ਮਨ ਨੂੰ ਮਜ਼ਬੂਤੀ ਸਹਿਣਸ਼ੀਲਤਾ ਹੀ ਬਖ਼ਸ਼ਦੀ ਹੈ। ਇਹ ਸਾਡੀਆਂ ਭਾਵਨਾਵਾਂ ਨੂੰ ਕਾਬੂ ਹੇਠ ਰੱਖਦੀ ਹੈ। ਸਹਿਣਸ਼ੀਲਤਾ ਆਤਮ-ਵਿਸ਼ਵਾਸ ਦਾ ਮੁੱਢ ਹੈ। ਇਹ ਸਾਡੇ ਮਨੋਬਲ ਨੂੰ ਉੱਚਾ ਚੁੱਕਦੀ ਹੈ। ਇਨਸਾਨੀ ਮਨ ਬਹੁਤ ਚੰਚਲ ਹੈ। ਮਨ ਇੱਛਾਵਾਂ ਪਿੱਛੇ ਭੱਜਦਾ ਰਹਿੰਦਾ ਹੈ। ਇਹ ਇੱਛਾਵਾਂ ਮਨੁੱਖ ਨੂੰ ਸਥਿਰ, ਸ਼ਾਂਤ ਅਤੇ ਸੰਤੁਸ਼ਟ ਨਹੀਂ ਹੋਣ ਦਿੰਦੀਆਂ। ਸਹਿਣਸ਼ੀਲਤਾ ਦੀ ਕਮੀ ਕਾਰਨ ਹੀ ਅੱਜ ਦੇ ਦੌਰ 'ਚ ਪਰਿਵਾਰਕ ਲੜਾਈ-ਝਗੜਿਆਂ 'ਚ ਵਾਧਾ ਹੋ ਰਿਹਾ ਹੈ। ਸਹਿਣਸ਼ੀਲ ਇਨਸਾਨ ਆਪਣੀਆਂ ਭਾਵਨਾਵਾਂ 'ਤੇ ਹਮੇਸ਼ਾ ਕਾਬੂ ਰੱਖਦੇ ਹਨ। ਇਸ ਕਾਰਨ ਉਨ੍ਹਾਂ ਨੂੰ ਘੱਟ ਔਕੜਾਂ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਹਿਣਸ਼ੀਲ ਬਣੋ, ਵਿਚਾਰ ਕਰੋ, ਸੰਜਮ ਵਰਤੋ। ਇੰਜ ਤੁਹਾਡੇ ਅੰਦਰ ਈਰਖਾ, ਨਫ਼ਰਤ ਨਾਂਹ-ਪੱਖੀ ਵਿਚਾਰ ਪੈਦਾ ਹੀ ਨਹੀਂ ਹੋਣਗੇ। ਸਹਿਣਸ਼ੀਲਤਾ ਸਫਲਤਾ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ।।ਅਸੀਂ ਜਿੰਨੇ ਵੱਧ ਸਹਿਣਸ਼ੀਲ ਹੋਵਾਂਗੇ, ਸਾਡੀ ਸ਼ਖ਼ਸੀਅਤ ਓਨੀ ਹੀ ਜ਼ਿਆਦਾ ਨਿਖਰੇਗੀ। ਬਹੁ-ਗਿਣਤੀ ਲੋਕ ਸਾਨੂੰ ਪਸੰਦ ਕਰਨਾ ਸ਼ੁਰੂ ਕਰ ਦੇਣਗੇ। ਸਹਿਣਸ਼ੀਲਤਾ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਤੇ ਦ੍ਰਿੜ੍ਹ ਰੱਖਦੀ ਹੈ। ਸਹਿਣਸ਼ੀਲ ਵਿਅਕਤੀ ਕਦੇ ਵੀ ਗ਼ੈਰ-ਜ਼ਿੰਮੇਵਾਰ ਨਹੀਂ ਹੁੰਦਾ ਅਤੇ ਰਿਸ਼ਤਿਆਂ ਨੂੰ ਵਧੀਆ ਢੰਗ ਨਾਲ ਨਿਭਾਉਂਦਾ ਹੈ। ਜੀਵਨ 'ਚ ਸਮੱਸਿਆ ਭਾਵੇਂ ਕਿੱਡੀ ਵੀ ਵੱਡੀ ਕਿਉਂ ਨਾ ਹੋਵੇ, ਸਹਿਣਸ਼ੀਲਤਾ ਨਾਲ ਵਿਚਾਰ ਕਰਨ 'ਤੇ ਅਸੀਂ ਉਸ ਨੂੰ ਹੱਲ ਕਰ ਸਕਦੇ ਹਾਂ।।

-ਲਖਵੀਰ ਸਿੰਘ ਉਦੇਕਰਨ। (98556-00701)।

Posted By: Sukhdev Singh