ਪ੍ਰਭਜੋਤ ਕੌਰ ਢਿੱਲੋਂ


ਸਹਿਣਸ਼ੀਲਤਾ ਜ਼ਿੰਦਗੀ ਦਾ ਬੇਸ਼ਕੀਮਤੀ ਗਹਿਣਾ ਹੈ। ਇਹ ਗੱਲ ਵੀ ਦਰੁਸਤ ਹੈ ਕਿ ਕੁਝ ਲੋਕ ਸਹਿਣਸ਼ੀਲਤਾ ਦਾ ਨਾਜਾਇਜ਼ ਫ਼ਾਇਦਾ ਚੁੱਕਣ ਲੱਗਦੇ ਹਨ ਜੋ ਮੰਦਭਾਗਾ ਵਰਤਾਰਾ ਹੈ। ਸਹਿਣਸ਼ੀਲਤਾ ਨੂੰ ਕਿਸੇ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਸਹਿਣਸ਼ੀਲਤਾ ਉਸ ਵਿਚ ਹੀ ਹੋਵੇਗੀ ਜਿਸ ਵਿਚ ਹੰਕਾਰ ਨਹੀਂ ਹੋਵੇਗਾ। ਹੰਕਾਰ ਸਹਿਣਸ਼ੀਲਤਾ ਨੂੰ ਸਾਡੇ ਨੇੜੇ ਨਹੀਂ ਢੁੱਕਣ ਦਿੰਦਾ। ਜੇਕਰ ਰਿਸ਼ਤੇ ਤਿੜਕਣ ਤੋਂ ਬਚਾਉਣੇ ਹਨ ਤਾਂ ਸਹਿਣਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਪਿਆਰ ਵੀ ਤਾਂ ਹੀ ਕੀਤਾ ਜਾ ਸਕਦਾ ਹੈ ਜੇਕਰ ਸਹਿਣਸ਼ੀਲਤਾ ਹੋਵੇਗੀ, ਠਰੰਮਾ ਹੋਵੇਗਾ।

ਜਿਨ੍ਹਾਂ ਵਿਚ ਸਹਿਣਸ਼ੀਲਤਾ ਹੁੰਦੀ ਹੈ ਉਹ ਲੋਕਾਂ ਵਿਚ ਕਮੀਆਂ ਘੱਟ ਕੱਢਦੇ ਹਨ। ਉਨ੍ਹਾਂ ਦਾ ਸਾਰਾ ਧਿਆਨ ਆਪਣੇ ਕੰਮ 'ਤੇ ਲੱਗਾ ਰਹਿੰਦਾ ਹੈ। ਉਹ ਕੰਮ ਵਧੇਰੇ ਕਰਦੇ ਹਨ ਅਤੇ ਤੂੰ-ਤੂੰ, ਮੈਂ-ਮੈਂ ਵਿਚ ਨਹੀਂ ਪੈਂਦੇ। ਜੋ ਲੋਕ ਸਹਿਣਸ਼ੀਲ ਨਹੀਂ ਹੁੰਦੇ ਉਹ ਸਮਾਜ ਵਿਚ ਜ਼ਹਿਰ ਘੋਲਣ ਤੋਂ ਬਗੈਰ ਹੋਰ ਕੁਝ ਨਹੀਂ ਕਰ ਸਕਦੇ। ਯਾਦ ਰੱਖੋ, ਜੇਕਰ ਦੂਸਰਿਆਂ ਨੂੰ ਜ਼ਹਿਰ ਦਿੰਦੇ ਹੋ ਤਾਂ ਆਪਣੇ ਹਿੱਸੇ ਵੀ ਜ਼ਹਿਰ ਹੀ ਆਵੇਗਾ,।ਠੀਕ ਉਸੇ ਤਰ੍ਹਾਂ ਜਿਵੇਂ ਗੁਲਾਬ ਵੇਚਣ ਵਾਲੇ ਦੇ ਹੱਥਾਂ 'ਚੋਂ ਗੁਲਾਬ ਦੀ ਖ਼ੁਸ਼ਬੂ ਆਉਂਦੀ ਹੈ। ਇਕ ਹੋਰ ਗੱਲ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ ਕਿ ਕਿਸੇ ਦੀ ਸਹਿਣਸ਼ੀਲਤਾ ਜਾਂ ਸਬਰ ਦਾ ਲੋੜੋਂ ਵੱਧ ਇਮਤਿਹਾਨ ਨਾ ਲਵੋ। ਅਕਸਰ ਤੀਲੀ ਦੂਸਰੇ ਨੂੰ ਜਲਾਉਣ ਲਈ ਬਲਦੀ ਹੈ ਪਰ ਇੰਜ ਕਰਨ 'ਤੇ ਉਸ ਦਾ ਆਪਣਾ ਵਜੂਦ ਵੀ ਮਿਟ ਜਾਂਦਾ ਹੈ। ਸਹਿਣਸ਼ੀਲਤਾ ਅਜਿਹਾ ਗਹਿਣਾ ਹੈ।ਜਿਸ ਨੂੰ ਕੋਈ ਖ਼ਰੀਦ ਨਹੀਂ ਸਕਦਾ।

ਇਹ ਗੁਣ ਜਾਂ ਤਾਂ ਕੁਦਰਤੀ ਦਾਤ ਹੁੰਦਾ ਹੈ ਜਾਂ ਇਸ ਨੂੰ ਵਿਕਸਤ ਕਰਨਾ ਪੈਂਦਾ ਹੈ। ਇਹ ਗੱਲ ਪੱਕੀ ਹੈ ਕਿ ਸਹਿਣਸ਼ੀਲ ਇਨਸਾਨ ਕਾਹਲ ਵਿਚ ਫ਼ੈਸਲੇ ਨਹੀਂ ਲੈਂਦਾ ਜਿਸ ਕਾਰਨ ਉਸ ਦੇ ਅਸਫਲ ਹੋਣ ਦੇ ਆਸਾਰ ਬੇਹੱਦ ਘੱਟ ਜਾਂਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਉਨ੍ਹਾਂ ਲੋਕਾਂ ਦੀ ਹੋਰਾਂ ਨਾਲੋਂ ਵੱਧ ਕਦਰ ਹੁੰਦੀ ਹੈ ਜੋ ਸਹਿਣਸ਼ੀਲ ਹੁੰਦੇ ਹਨ। ਗੁੱਸੇਖੋਰ ਜਾਂ ਹੰਕਾਰੀ ਇਨਸਾਨ ਦੀ ਤਾਂ ਹਰ ਥਾਂ ਬਦਖੋਈ ਹੁੰਦੀ ਹੈ। ਕੋਈ ਮੂੰਹ 'ਤੇ ਕਹੇ ਜਾਂ ਨਾ, ਪਰ ਪਿੱਠ ਪਿੱਛੇ ਜ਼ਰੂਰ ਉਸ ਨੂੰ ਬੁਰਾ-ਭਲਾ ਕਹਿੰਦੇ ਹਨ। 'ਘੁਮੰਡ ਦਾ ਸਿਰ ਨੀਵਾਂ' ਅਖਾਣ ਇਸੇ ਦੀ ਤਰਜਮਾਨੀ ਕਰਦਾ ਹੈ। ਆਮ ਦੇਖਿਆ ਜਾਂਦਾ ਹੈ ਕਿ ਘੁਮੰਡੀ ਮਾੜੇ ਵਤੀਰੇ ਕਾਰਨ ਆਪਣਾ ਹੀ ਨੁਕਸਾਨ ਕਰਵਾ ਲੈਂਦੇ ਹਨ। ਫਿਰ ਉਨ੍ਹਾਂ ਕੋਲ ਪਛਤਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ।

ਮੋਹਾਲੀ। (98150-30221)

Posted By: Sunil Thapa