ਅਕਸਰ ਅਸੀਂ ਪੜ੍ਹਿਆ ਤੇ ਸੁਣਿਆ ਹੈ ਕਿ ਕਿਸੇ ਨੂੰ ਵੀ ਛੋਟਾ ਸਮਝਣਾ, ਦੁਰਕਾਰਨਾ ਜਾਂ ਨੀਵਾਂ ਨਹੀਂ ਦਿਖਾਉਣਾ ਚਾਹੀਦਾ। ਸਮਾਂ ਅਜਿਹੀ ਬਲਵਾਨ ਸ਼ੈਅ ਹੈ ਕਿ ਜਦੋਂ ਇਹ ਆਪਣਾ ਰੰਗ ਵਿਖਾਉਂਦੀ ਹੈ ਤਾਂ ਰਾਜਿਆਂ-ਮਹਾਰਾਜਿਆਂ ਤੋਂ ਵੀ ਭੀਖ ਮੰਗਵਾ ਦਿੰਦੀ ਹੈ। ਸਮੇਂ ਬਾਰੇ ਇਕ ਪੁਰਾਣੀ ਬਾਲੀਵੁੱਡ ਫਿਲਮ 'ਵਕਤ' ਦੇ ਗਾਣੇ ਦੇ ਬੋਲ 'ਵਕਤ ਸੇ ਦਿਨ ਔਰ ਰਾਤ...' ਯਾਦ ਆ ਜਾਂਦੇ ਹਨ। ਜੇਕਰ ਆਪਾਂ ਸਮੇਂ ਦੀ ਗੱਲ ਸਕੂਲੀ ਸਿੱਖਿਆ ਦੇ ਸੰਦਰਭ ਵਿਚ ਕਰੀਏ ਤਾਂ ਸਾਡੀ ਸੋਚ ਇਹ ਕਹਿੰਦੀ ਸੀ ਕਿ ਸੈਕੰਡਰੀ ਤਕ ਮੋਬਾਈਲ ਫੋਨ ਅਤੇ ਇੰਟਰਨੈੱਟ ਦੀ ਵਰਤੋਂ ਬੱਚੇ ਦੇ ਮਾਨਸਿਕ ਵਿਕਾਸ ਵਿਚ ਰੁਕਾਵਟ ਪੈਦਾ ਕਰਦੀ ਹੈ। ਬੱਚੇ ਦਾ ਸਰੀਰਕ ਵਿਕਾਸ ਇਸ ਨਾਲ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਮੋਬਾਈਲ ਫੋਨ 'ਚੋਂ ਜੋ ਰੇਡੀਏਸ਼ਨ ਨਿਕਲਦੀ ਹੈ ਉਹ ਇਨਸਾਨੀ ਕਾਰਜ-ਕੁਸ਼ਲਤਾ ਨੂੰ ਘਟਾਉਂਦੀ ਹੈ ਅਤੇ ਬੱਚਿਆਂ ਦੇ ਮਾਮਲੇ ਵਿਚ ਸ਼ਾਇਦ ਇਹ ਜ਼ਿਆਦਾ ਹਾਨੀਕਾਰਕ ਹੋਵੇ। ਜ਼ਿਆਦਾਤਰ ਸਕੂਲ ਅਤੇ ਅਧਿਆਪਕ ਮਾਪਿਆਂ ਨੂੰ ਇਹੀ ਸਲਾਹ ਦਿੰਦੇ ਸਨ ਕਿ ਜਿੰਨਾ ਹੋ ਸਕੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਿਆ ਜਾਵੇ। ਇਹ ਵੀ ਸਹੀ ਹੈ ਕਿ ਕਾਫ਼ੀ ਸਕੂਲ ਆਪਣੇ ਪੱਧਰ 'ਤੇ ਅਧਿਆਪਕਾਂ ਦੀ ਦੇਖ-ਰੇਖ ਹੇਠ ਸਮਾਰਟ ਕਲਾਸਾਂ ਰਾਹੀਂ ਇੰਟਰਨੈੱਟ ਦੀ ਵਰਤੋਂ ਕਰ ਕੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਜੇਕਰ ਆਪਾਂ ਮਾਪਿਆਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਬੱਚਿਆਂ ਲਈ ਮੋਬਾਈਲ ਫੋਨ ਤੇ ਇੰਟਰਨੈੱਟ ਦੀ ਵਰਤੋਂ ਨਾਮਾਤਰ ਸੀ। ਹੁਣ ਸਮੇਂ ਦੀ ਚਾਲ ਵੇਖੋ ਕਿ ਸਿੱਖਿਆ ਨੂੰ ਨਿਰਵਿਘਨ ਚੱਲਦੇ ਰੱਖਣ ਲਈ ਇਨ੍ਹਾਂ ਦੋਵੇਂ ਸਾਧਨਾਂ ਦੀ ਵਰਤੋਂ ਕਰਨੀ ਪੈ ਰਹੀ ਹੈ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਅਸੀਂ ਸ਼ੱਕ ਦੀ ਨਿਗ੍ਹਾ ਨਾਲ ਵੇਖਦੇ ਸਾਂ। ਅੱਜ ਹਰ ਸਕੂਲ ਅਤੇ ਅਧਿਆਪਕ ਬੱਚਿਆਂ ਨੂੰ ਮੋਬਾਈਲ ਅਤੇ ਇੰਟਰਨੈੱਟ ਰਾਹੀਂ ਸਿੱਖਿਆ ਲੈਣ ਲਈ ਪ੍ਰੇਰਿਤ ਕਰ ਰਹੇ ਹਨ। ਮਾਪਿਆਂ ਨੂੰ ਹੁਣ ਇਸ ਸਭ ਕੁਝ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇੱਥੋਂ ਸਮੇਂ ਦੀ ਤਾਕਤ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਜੋ ਵੀ ਖੋਜਾਂ ਹੋਈਆਂ ਹਨ, ਉਹ ਇਨਸਾਨ ਲਈ ਮਾੜੀਆਂ ਨਹੀਂ ਬਲਕਿ ਲੋੜ ਨੂੰ ਮਹਿਸੂਸ ਕਰ ਕੇ ਹੀ ਹੋਈਆਂ ਹਨ। ਉਨ੍ਹਾਂ ਦੀ ਵਰਤੋਂ ਕੀਤੀ ਜਾਵੇ, ਨਾ ਕਿ ਦੁਰਵਰਤੋਂ। ਜੇ ਬੱਚਿਆਂ ਨੂੰ ਮੋਬਾਈਲ ਅਤੇ ਇੰਟਰਨੈੱਟ ਦੀ ਸੁਚੱਜੀ ਵਰਤੋਂ ਬਾਰੇ ਸਕੂਲਾਂ ਅਤੇ ਮਾਪਿਆਂ ਵੱਲੋ ਸਮੇਂ-ਸਮੇਂ ਸਮਝਾਇਆ ਜਾਵੇ ਤਾਂ ਸਿੱਖਿਆ ਲਈ ਇਹ ਅਸੀਮ ਸੰਭਾਵਨਾਵਾਂ ਰੱਖਦੇ ਹਨ। ਇਸ ਲਈ ਸਮੇਂ ਦੇ ਹਾਣੀ ਬਣ ਕੇ ਚੱਲੋ। ਇਹੋ ਤਰੱਕੀ ਦੀ ਕੁੰਜੀ ਹੈ। -ਕਮਲਵੀਰ ਸਿੰਘ। (88723-91910)

Posted By: Jagjit Singh