ਪਰਮਾਰਥ ਦੇ ਰਸਤੇ ’ਤੇ ਚੱਲਣ ਲਈ ਨਿਮਰਤਾ ਦਾ ਹੋਣਾ ਪਹਿਲੀ ਅਤੇ ਜ਼ਰੂਰੀ ਸ਼ਰਤ ਹੈ। ਜਿਸ ਤਰ੍ਹਾਂ ਹਵਾ ਤੋਂ ਬਿਨਾਂ ਗੁਬਾਰੇ ਦਾ ਉੱਡਣਾ ਅਸੰਭਵ ਹੈ, ਖੰਭਾਂ ਤੋਂ ਬਿਨਾਂ ਉਡਾਣ ਨਹੀਂ ਭਰੀ ਜਾ ਸਕਦੀ, ਊਰਜਾ ਤੋਂ ਬਿਨਾਂ ਜਿਊਂਦੇ ਨਹੀਂ ਰਿਹਾ ਜਾ ਸਕਦਾ, ਠੀਕ ਉਸੇ ਤਰ੍ਹਾਂ ਨਿਮਰਤਾ ਤੋਂ ਬਿਨਾਂ ਪਰਮਾਤਮਾ ਨੂੰ ਪਾਉਣਾ ਅਸੰਭਵ ਹੈ। ਪੰਜਾਂ ਵਿਕਾਰਾਂ ’ਚੋਂ ਵਿਅਕਤੀ ਕਾਮ, ਕ੍ਰੋਧ, ਲੋਭ ਅਤੇ ਮੋਹ ਨੂੰ ਕੋਸ਼ਿਸ਼ ਕਰ ਕੇ ਤਿਆਗਣ ਵਿਚ ਜਲਦੀ ਸਫਲਤਾ ਹਾਸਲ ਕਰ ਸਕਦਾ ਹੈ ਪਰ ਹੰਕਾਰ ਜਾਂ ਹਉਮੈ ਨੂੰ ਤਿਆਗ ਕੇ ਨਿਮਰਤਾ ਹਾਸਲ ਕਰਨਾ ਬਹੁਤ ਮੁਸ਼ਕਲ ਕੰਮ ਹੈ। ਬੇਸ਼ੱਕ ਇਹ ਅਸੰਭਵ ਕੰਮ ਨਹੀਂ ਹੈ ਪਰ ਇਸ ਨੂੰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਜੇ ਸਾਨੂੰ ਇਹ ਗਿਆਨ ਹੋ ਜਾਵੇ ਕਿ ਸੰਸਾਰ ਤੇ ਇਸ ਦੇ ਪਦਾਰਥ ਅਤੇ ਪ੍ਰਾਪਤੀਆਂ ਨਾਸ਼ਵਾਨ ਹਨ ਤਾਂ ਅਸੀਂ ਕਦੇ ਕਿਸੇ ਚੀਜ਼ ਦਾ ਹੰਕਾਰ ਕਰ ਹੀ ਨਹੀਂ ਸਕਦੇ। ਮਸਕੀਨੀਆਂ ਇਕ ਵੱਡਾ ਪਹਿਲਵਾਨ ਸੀ। ਇਕ ਵਾਰ ਰਾਜੇ ਨੇ ਐਲਾਨ ਕੀਤਾ ਕਿ ਮਸਕੀਨੀਆਂ ਨੂੰ ਢਾਹੁਣ ਵਾਲੇ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ। ਇਕ ਗ਼ਰੀਬ ਦੀ ਲੜਕੀ ਦੀ ਸ਼ਾਦੀ ਸੀ। ਉਸ ਦੀ ਬੇਨਤੀ ਮੰਨ ਕੇ ਮਸਕੀਨੀਆਂ ਨੇ ਪਿੱਠ ਲਵਾ ਲਈ ਅਤੇ ਇਨਾਮ ਉਸ ਗ਼ਰੀਬ ਨੂੰ ਮਿਲ ਗਿਆ। ਜੋ ਸੱਚੇ ਅਰਥਾਂ ਵਿਚ ਸ਼ਕਤੀਸਾਲੀ ਹੁੰਦੇ ਹਨ, ਉਨ੍ਹਾਂ ਵਿਚ ਪੂਰਨ ਨਿਮਰਤਾ ਹੁੰਦੀ ਹੈ ਜਦਕਿ ਵੱਡੇ-ਵੱਡੇ ਹੰਕਾਰੀ ਲੋਕ ਘੁਮੰਡ ਵਿਚ ਹੀ ਆਪਣਾ ਸਰਬਨਾਸ ਕਰਵਾ ਬੈਠੇ। ਇਨ੍ਹਾਂ ਹੰਕਾਰੀਆਂ ਵਿਚ ਲੰਕਾ ਦਾ ਰਾਜਾ ਤੇ ਮਹਾ-ਗਿਆਨੀ ਰਾਵਣ, ਦੁਰਯੋਧਨ, ਜ਼ਰਾਸੰਧ ਅਤੇ ਕੰਸ ਮੁੱਖ ਹਨ। ਜਿਸ ਤਰ੍ਹਾਂ ਉਸ ਵਾਹਿਗੁਰੂ ਦੀ ਰਹਿਮਤ ਤੋਂ ਬਿਨਾਂ ਜੀਵ ਗੁਰੂ ਨੂੰ ਨਹੀਂ ਪਾ ਸਕਦਾ, ਠੀਕ ਉਸੇ ਤਰ੍ਹਾਂ ਹੀ ਉਸ ਦੀ ਕਿਰਪਾ ਤੋਂ ਬਿਨਾਂ ਕਿਸੇ ਜੀਵ ਦੇ ਹਿਰਦੇ ਵਿਚ ਨਿਮਰਤਾ ਦਾ ਵਾਸ ਨਹੀਂ ਹੋ ਸਕਦਾ। ਉਹ ਪਰਮ ਪਿਤਾ ਪਰਮਾਤਮਾ ਜਿਸ ਜੀਵ ਦੇ ਹਿਰਦੇ ਵਿਚ ਨਿਮਰਤਾ ਪਾਉਂਦਾ ਹੈ ਫਿਰ ਉਹੀ ਜੀਵ ਇਸ ਜ਼ਿੰਦਗੀ ਵਿਚ ਮਾਇਆ ਦੇ ਬੰਧਨਾਂ ਅਤੇ ਵਿਸ਼ੇ-ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਅਤੇ ਮੌਤ ਤੋਂ ਬਾਅਦ ਵੀ ਪਰਲੋਕ ਵਿਚ ਸੁੱਖ ਪਾਉਂਦਾ ਹੈ। ਇਸ ਲਈ ਅਸੀਂ ਆਪਣੇ ਅੰਦਰ ਨਿਮਰਤਾ ਧਾਰਨ ਕਰਨ ਲਈ ਉਸ ਸੱਚੇ ਸਤਿਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਹੇ! ਸੱਚੇ ਪਾਤਸ਼ਾਹ, ਸਾਡੇ ’ਤੇ ਰਹਿਮ ਕਰ, ਬਖ਼ਸ਼ਿਸ਼ ਕਰ, ਸਾਡੇ ਹਿਰਦੇ ਵਿਚ ਨਿਮਰਤਾ ਦਾ ਵਾਸ ਕਰ ਤਾਂ ਕਿ ਅਸੀਂ ਆਪਣੇ ਇਸ ਮਨੁੱਖਾ ਜੀਵਨ ਨੂੰ ਸਫ਼ਲ ਕਰ ਕੇ ਸੰਸਾਰ ਤੋਂ ਕੂਚ ਕਰ ਸਕੀਏ।

-ਵੀਨਾ ਬਟਾਲਵੀ।

Posted By: Jagjit Singh