ਸਾਡੇ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਜੀਵਨ ਵਿਚ ਸਦਾ ਉਨ੍ਹਾਂ ਚੀਜ਼ਾਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਜਿਨ੍ਹਾਂ ਦੀ ਹਕੀਕਤ ਵਿਚ ਸਾਨੂੰ ਲੋੜ ਹੀ ਨਹੀਂ ਹੁੰਦੀ। ਜੋ ਕੁਝ ਕੋਲ ਹੈ, ਉਸ ਨੂੰ ਘੱਟ ਮਹੱਤਵ ਦਿੰਦੇ ਹਾਂ ਪਰ ਜੋ ਨਹੀਂ ਹੈ, ਉਸ ਬਾਰੇ ਸੋਚ-ਸੋਚ ਕੇ ਦੁਖੀ ਰਹਿੰਦੇ ਹਾਂ। ਨਾਲ ਹੀ ਅੱਜ ਜੋ ਵੀ ਪੁਰਸ਼ਾਰਥ ਜਾਂ ਕਰਮ ਕਰਦੇ ਹਾਂ, ਉਸ ਨੂੰ ਲਾਭ-ਹਾਨੀ ਦੇ ਤਰਾਜ਼ੂ ’ਤੇ ਤੋਲਦੇ ਹਾਂ। ਇਸ ਨਾਲ ਸਾਡੀ ਬੁੱਧੀ ਵਿਚ ਸਵਾਰਥਪੁਣਾ ਆ ਜਾਂਦਾ ਹੈ। ਕਈ ਵਾਰ ਅਸੀਂ ਆਪਣੀ ਅੰਤਰ-ਆਤਮਾ ਦੀ ਆਵਾਜ਼ ਵੀ ਨਹੀਂ ਸੁਣਦੇ ਅਤੇ ਉਹ ਸਭ ਕੁਝ ਕਰ ਬੈਠਦੇ ਹਾਂ ਜਿਸ ਨੂੰ ਸਾਡੀ ਅੰਤਰ-ਆਤਮਾ ਸਵੀਕਾਰ ਨਹੀਂ ਕਰਦੀ ਜਾਂ ਗ਼ਲਤ ਮੰਨਦੀ ਹੈ। ਸੁੱਖ ਹਾਸਲ ਕਰਨਾ ਹੈ, ਹਕੀਕੀ ਸਫਲਤਾ ਹਾਸਲ ਕਰਨੀ ਹੈ ਅਤੇ ਖ਼ੁਸ਼ੀ ਪ੍ਰਾਪਤ ਕਰਨੀ ਹੈ ਤਾਂ ਆਪਣੇ ਅੰਤਰ-ਮਨ ਦੀ ਗੱਲ ਸੁਣੋ ਅਤੇ ਉਹੀ ਕਰੋ ਜਿਸ ਨੂੰ ਮਨ ਠੀਕ ਸਮਝਦਾ ਹੈ। ਸੰਸਾਰਕ ਜੀਵਨ ਵਿਚ ਅਸੀਂ ਤਰ੍ਹਾਂ-ਤਰ੍ਹਾਂ ਦੇ ਲਾਲਚਾਂ ਅਤੇ ਖ਼ਾਹਿਸ਼ਾਂ ਨਾਲ ਘਿਰੇ ਰਹਿੰਦੇ ਹਾਂ। ਸਾਡੇ ਚਾਰੇ ਪਾਸੇ ਮੋਹ-ਮਾਇਆ ਦਾ ਜਾਲ ਵਿਛਿਆ ਰਹਿੰਦਾ ਹੈ। ਭੌਤਿਕ ਵਸਤਾਂ ਦੀ ਖਿੱਚ ਇੰਨੀ ਤੇਜ਼ ਹੁੰਦੀ ਹੈ ਕਿ ਅਸੀਂ ਨਿਰੰਤਰ ਉਨ੍ਹਾਂ ਦਾ ਭੰਡਾਰ ਕਰਦੇ ਜਾਂਦੇ ਹਾਂ। ਇੰਨਾ ਹੀ ਨਹੀਂ, ਉਨ੍ਹਾਂ ਵਸਤਾਂ ਪ੍ਰਤੀ ਸਾਡੀ ਖਿੱਚ ਡੂੰਘੀ ਹੁੰਦੀ ਜਾਂਦੀ ਹੈ। ਇਹੀ ਖਿੱਚ ਸਾਡੇ ਦੁੱਖਾਂ ਦਾ ਕਾਰਨ ਹੈ। ਸਾਡਾ ਮਨ ਵੱਡਾ ਚੰਚਲ ਹੈ। ਉਹ ਨਿੱਤ ਨਵੀਆਂ-ਨਵੀਆਂ ਮੰਗਾਂ ਕਰਦਾ ਰਹਿੰਦਾ ਹੈ। ਇਨ੍ਹਾਂ ਮੰਗਾਂ ਦਾ ਕਦੇ ਅੰਤ ਨਹੀਂ ਹੁੰਦਾ। ਇਕ ਮੰਗ ਪੂਰੀ ਹੋਈ ਨਹੀਂ ਕਿ ਦੂਜੀ ਸਾਹਮਣੇ ਆ ਜਾਂਦੀ ਹੈ। ਅਸੀਂ ਇਹ ਕਦੇ ਨਹੀਂ ਸੋਚਦੇ ਕਿ ਜਿਸ ਦੀ ਸਾਨੂੰ ਜ਼ਰੂਰਤ ਨਹੀਂ ਹੈ, ਉਸ ਨੂੰ ਅਸੀਂ ਇਕੱਤਰ ਕਰਦੇ ਹਾਂ ਤਾਂ ਉਸ ਵਿਅਕਤੀ ਦਾ ਹੱਕ ਮਾਰਦੇ ਹਾਂ ਜਿਸ ਨੂੰ ਉਸ ਦੀ ਜ਼ਰੂਰਤ ਹੈ। ਅਸੀਂ ਜ਼ਰੂਰਤਾਂ ਦਾ ਦਾਇਰਾ ਬਹੁਤ ਵਧਾ ਚੁੱਕੇ ਹਾਂ। ਖਾਹਿਸ਼ਾਂ ਪੂਰੀਆਂ ਨਾ ਹੋਣ ’ਤੇ ਅਸੀਂ ਬਹੁਤ ਦੁਖੀ ਹੋ ਜਾਂਦੇ ਹਾਂ। ਜਿੱਥੇ ਢੇਰ ਹੁੰਦਾ ਹੈ ਉੱਥੇ ਆਪਣੇ-ਆਪ ਹੀ ਟੋਆ ਬਣ ਜਾਂਦਾ ਹੈ। ਜਿੱਥੇ ਮਹਿਲ ਖੜ੍ਹਾ ਹੁੰਦਾ ਹੈ, ਉੱਥੇ ਯਕੀਨਨ ਬਹੁਤ ਸਾਰੀਆਂ ਝੌਪੜੀਆਂ ਹੋਂਦ ਵਿਚ ਆਉਂਦੀਆਂ ਹਨ। ਸੰਗ੍ਰਹਿ ਦਾ ਅਰਥ ਹੀ ਹੈ ਦੂਜੇ ਨੂੰ ਉਸ ਤੋਂ ਵਿਰਵਾ ਕਰਨਾ। ਜਮ੍ਹਾਂ ਕਰਨ ਦੀ ਬਿਰਤੀ ਘਾਟ ਦੀ ਜਨਕ ਹੁੰਦੀ ਹੈ। ਇਹੀ ਦੁੱਖਾਂ ਦਾ ਜਨਮ-ਸਥਾਨ ਹੈ। ਤੁਸੀਂ ਤਨ ਅਤੇ ਮਨ ਤੋਂ ਸਿਹਤਮੰਦ ਹੋ ਤਾਂ ਪੰਜੇ ਇੰਦਰੀਆਂ ਦਾ ਸੁੱਖ ਭੋਗਦੇ ਹੋ। ਇਸ ਲਈ ਮਨ ਦੇ ਨਾਲ-ਨਾਲ ਤਨ ਨੂੰ ਸਿਹਤਮੰਦ ਰੱਖਣ ਦਾ ਯਤਨ ਵੀ ਦੁੱਖ ਤੋਂ ਮੁਕਤੀ ਦਾ ਤਕੜਾ ਮਾਧਿਅਮ ਹੈ।

-ਲਲਿਤ ਗਰਗ।

Posted By: Jagjit Singh