ਭਾਰਤ ਦੀ ਸਨਾਤਨ ਰਵਾਇਤ ਵਿਚ ਆਸਤਿਕਤਾ ਦੇ ਤਿੰਨ ਮੁੱਖ ਆਧਾਰ ਮੰਨੇ ਗਏ ਹਨ। ਪਹਿਲਾ, ਵੇਦਾਂ ਵਿਚ ਵਿਸ਼ਵਾਸ ਕਰਨਾ। ਦੂਜਾ, ਆਤਮਾ ਦੇ ਅਮਰ ਹੋਣ 'ਤੇ ਭਰੋਸਾ ਕਰਨਾ ਅਤੇ ਤੀਜਾ ਈਸ਼ਵਰ ਦੀ ਹੋਂਦ ਵਿਚ ਸ਼ਰਧਾ ਪ੍ਰਗਟ ਕਰਨਾ। ਵੇਦਾਂ ਬਾਰੇ ਕਹੀਏ ਤਾਂ ਇਹ ਕਿਸੇ ਵਿਅਕਤੀ ਵਿਸ਼ੇਸ਼ ਦੁਆਰਾ ਰਚਿਤ ਨਹੀਂ ਹਨ। ਨਾ ਹੀ ਭਗਵਾਨ ਦੁਆਰਾ ਰਚੇ ਗਏ ਹਨ। ਦਰਅਸਲ, ਰਿਸ਼ੀ ਵੇਦ ਮੰਤਰਾਂ ਦੇ ਸਰੋਤ ਜਾਂ ਗਵਾਹ ਹਨ। ਇਸ ਲਿਹਾਜ਼ ਨਾਲ ਜੋ ਲੋਕ ਵੇਦ ਮੰਤਰਾਂ ਵਿਚ ਸ਼ਰਧਾ ਪ੍ਰਗਟ ਕਰਦੇ ਹਨ, ਉਹ ਸ਼ਰਧਾਲੂ ਕਹੇ ਜਾਂਦੇ ਹਨ। ਇਸ ਦੇ ਇਲਾਵਾ ਆਤਮਾ ਦੇ ਅਮਰ ਹੋਣ ਦੀ ਗੱਲ 'ਤੇ ਭਰੋਸਾ ਕਰਨ ਵਾਲਿਆਂ ਨੂੰ ਵੀ ਆਸਤਿਕ ਕਿਹਾ ਜਾਂਦਾ ਹੈ। ਆਤਮਾ ਚੇਤਨ ਅਤੇ ਅਵਿਨਾਸ਼ੀ ਹੈ।

ਹਰੇਕ ਜੀਵ ਵਿਚ ਅਲੱਗ-ਅਲੱਗ ਆਤਮਾ ਹੈ। ਇਸ ਨੂੰ ਜੀਵ ਆਤਮਾ ਵੀ ਕਿਹਾ ਜਾਂਦਾ ਹੈ। ਓਥੇ ਹੀ ਸੰਪੂਰਨ ਬ੍ਰਹਿਮੰਡ ਦੀ ਆਤਮਾ ਨੂੰ ਪਰਮਾਤਮਾ ਕਿਹਾ ਜਾਂਦਾ ਹੈ। ਪਰਮਾਤਮਾ ਨੂੰ ਹੀ ਈਸ਼ਵਰ ਕਿਹਾ ਗਿਆ ਹੈ। ਆਸਤਕ ਹੋਣ ਦਾ ਸਭ ਤੋਂ ਵੱਧ ਮਕਬੂਲ ਆਧਾਰ ਈਸ਼ਵਰ ਵਿਚ ਆਸਥਾ ਹੈ। ਜਗਤ ਦੀ ਸਿਰਜਣਾ, ਪਾਲਣ-ਪੋਸ਼ਣ ਅਤੇ ਨਾਸ ਈਸ਼ਵਰ ਦੀ ਲੀਲ੍ਹਾ ਹੈ। ਈਸ਼ਵਰ ਆਪਣੀ ਕੁਸ਼ਲਤਾ ਨਾਲ ਜਗਤ ਦੀ ਸਿਰਜਣਾ ਕਰਦਾ ਹੈ। ਉਹ ਸੰਸਾਰ ਨੂੰ ਆਪਣੇ ਅੰਦਰੋਂ ਉਤਪੰਨ ਕਰਦਾ ਹੈ। ਸਨਾਤਨ ਧਰਮ ਵਿਚ ਈਸ਼ਵਰ ਨੂੰ ਪੂਰਨ ਮੰਨਿਆ ਗਿਆ ਹੈ। ਉਹ ਸਰਬ-ਸ਼ਕਤੀਮਾਨ, ਸਰਬ-ਵਿਆਪੀ ਹੈ।

ਈਸ਼ਵਰ ਅਨੰਤ ਗੁਣਾਂ ਵਾਲਾ ਹੈ। ਉਹ ਮਨੁੱਖ ਨੂੰ ਉਸ ਦੇ ਨੈਤਿਕ-ਅਨੈਤਿਕ ਕਰਮਾਂ ਦਾ ਫਲ ਦਿੰਦਾ ਹੈ। ਮਨੁੱਖ ਦੇ ਜੀਵਨ ਵਿਚ ਸੁੱਖ-ਦੁੱਖ ਰੱਬ ਦੇ ਕਾਰਨ ਹੀ ਆਉਂਦੇ ਹਨ। ਜਗਤ ਵਿਚ ਜੋ ਵੀ ਛੋਟੇ ਤੋਂ ਲੈ ਕੇ ਵੱਡੇ ਕਾਰਜ ਹੋ ਰਹੇ ਹਨ, ਉਹ ਸਭ ਈਸ਼ਵਰ ਕਾਰਨ ਹੁੰਦੇ ਹਨ। ਕਿਹਾ ਵੀ ਜਾਂਦਾ ਹੈ ਕਿ ਭਗਵਾਨ ਦੀ ਮਰਜ਼ੀ ਦੇ ਬਿਨਾਂ ਇਕ ਪੱਤਾ ਵੀ ਨਹੀਂ ਹਿੱਲਦਾ। ਜ਼ਾਹਰ ਹੈ ਕਿ ਈਸ਼ਵਰ ਹੀ ਇਸ ਜਗਤ ਦਾ ਵਿਧਾਤਾ ਹੈ। ਉਹ ਸੰਸਾਰ ਦੇ ਕਣ-ਕਣ ਵਿਚ ਮੌਜੂਦ ਹੈ। ਈਸ਼ਵਰ ਵਿਚ ਆਸਥਾ ਰੱਖਣ ਵਾਲੇ ਨੂੰ ਭੌਤਿਕ ਜੀਵਨ ਵਿਚ ਸਫਲਤਾ ਮਿਲਣ 'ਤੇ ਹੰਕਾਰ ਨਹੀਂ ਹੁੰਦਾ ਅਤੇ ਅਸਫਲਤਾ ਮਿਲਣ 'ਤੇ ਨਿਰਾਸ਼ਾ ਨਹੀਂ ਹੁੰਦੀ। ਉਹ ਸੁੱਖ-ਦੁੱਖ ਵਿਚ ਇਕਸਾਰ ਵਿਵਹਾਰ ਕਰਦਾ ਹੈ। ਈਸ਼ਵਰ 'ਤੇ ਭਰੋਸਾ ਕਰਨ ਵਾਲਾ ਇਨਸਾਨ ਸਬਰ-ਸੰਤੋਖੀ ਹੁੰਦਾ ਹੈ। ਆਸਤਿਕ ਇਨਸਾਨ ਹਮੇਸ਼ਾ ਈਸ਼ਵਰ ਦੀ ਮੌਜ ਵਿਚ ਰਾਜ਼ੀ ਰਹਿੰਦਾ ਹੈ। ਈਸ਼ਵਰ ਨੂੰ ਆਪਣਾ ਸਭ ਕੁਝ ਸਮਰਪਿਤ ਕਰ ਦੇਣ ਦੀ ਭਾਵਨਾ ਇਨਸਾਨ ਦਾ ਲੋਕ-ਪਰਲੋਕ ਸੁਧਾਰਨ ਵਿਚ ਮਦਦ ਕਰਦੀ ਹੈ। ਮੁੱਕਦੀ ਗੱਲ ਇਹ ਕਿ ਸਾਨੂੰ ਈਸ਼ਵਰ ਵਿਚ ਪੂਰੀ ਸ਼ਰਧਾ ਰੱਖਣੀ ਚਾਹੀਦੀ ਹੈ।

-ਬਿਪਿਨ ਪਾਂਡੇ।

Posted By: Sunil Thapa