Shardiya Navratri 2020 : ਇਸ ਵਾਰ ਅਧਿਕਮਾਸ ਕਾਰਨ ਇਕ ਮਹੀਨੇ ਦੀ ਦੇਰੀ ਨਾਲ ਨਰਾਤਿਆਂ ਦਾ ਪੁਰਬ ਸ਼ੁਰੂ ਹੋਵੇਗਾ। ਪਿਛਲੇ ਸਾਲ 17 ਸਤੰਬਰ ਨੂੰ ਸਰਵ-ਪਿੱਤਰ ਮੱਸਿਆ ਤੋਂ ਅਗਲੇ ਦਿਨ ਸਰਦ ਰੁੱਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਸੀ। ਇਸ ਵਾਰ 2 ਸਤੰਬਰ ਤੋਂ ਪਿੱਤਰ ਪੱਖ ਦੇ ਸ਼ਰਾਧ ਸ਼ੁਰੂ ਹੋ ਰਹੇ ਹਨ, ਜਿਸ ਦੀ ਮਿਆਦ 17 ਸਤੰਬਰ ਤਕ ਰਹੇਗੀ। ਪਿੱਤਰ ਪੱਖ ਖ਼ਤਮ ਹੋਣ ਤੋਂ ਬਾਅਦ ਅਧਿਕਮਾਸ ਲੱਗ ਜਾਵੇਗਾ। ਇਹ 28 ਦਿਨ ਦਾ ਹੁੰਦਾ ਹੈ। ਇਸ ਫ਼ਰਕ 'ਚ ਕੋਈ ਤਿਉਹਾਰ ਨਹੀਂ ਮਨਾਇਆ ਜਾਂਦਾ। ਇਸ ਲਈ ਸਾਰਿਆਂ ਨੂੰ ਪੂਰੇ ਇਕ ਮਹੀਨੇ ਦਾ ਇੰਤਜ਼ਾਰ ਕਰਨਾ ਪਵੇਗਾ। ਸਰਦੀਆਂ ਦੇ ਨਰਾਤੇ 17 ਅਕਤੂਬਰ ਨੂੰ ਸ਼ੁਰੂ ਹੋਣਗੇ। ਪੰਡਿਤਾਂ ਅਨੁਸਾਰ ਹਰ 36 ਮਹੀਨੇ ਯਾਨੀ ਤਿੰਨ ਸਾਲਾਂ 'ਚ 1 ਮਹੀਨਾ ਅਧਿਕਮਾਸ ਦਾ ਆਉਂਦਾ ਹੈ।

ਦੀਵਾਲੀ 14 ਨਵੰਬਰ ਨੂੰ

ਨਰਾਤੇ ਦੇਰ ਨਾਲ ਆਉਣ ਕਰਕੇ ਇਸ ਵਾਰ ਦੀਵਾਲੀ 14 ਨਵੰਬਰ ਨੂੰ ਹਵੇਗੀ, ਜਦੋਂਕਿ ਪਿਛਲੇ ਸਾਲ 27 ਅਕਤੂਬਰ ਨੂੰ ਸੀ। ਅਧਿਕਮਾਸ ਹੋਣ ਕਾਰਨ 22 ਅਗਸਤ ਨੂੰ ਗਣੇਸ਼ ਉਤਸਵ ਤੋਂ ਬਾਅਦ ਜਿੰਨੇ ਵੀ ਵੱਡੇ ਤਿਉਹਾਰ ਹਨ, ਉਹ ਪਿਛਲੇ ਸਾਲ ਦੀ ਤੁਲਨਾ 'ਚ 10 ਤੋਂ 15 ਦਿਨ ਦੇਰੀ ਨਾਲ ਆਉਣਗੇ।

18 ਸਤੰਬਰ ਤੋਂ ਅਧਿਕਮਾਸ ਸ਼ੁਰੂ

ਜੋਤਿਸ਼ ਆਚਾਰਿਆ ਪੰਡਿਤ ਵਿਨੋਦ ਗੌਤਮ ਅਨੁਸਾਰ ਅੱਸੂ ਮਹੀਨਾ ਤਿੰਨ ਸਤੰਬਰ ਤੋਂ ਸ਼ੁਰੂ ਹੋ ਕੇ 29 ਅਕਤੂਬਰ ਤਕ ਰਹੇਗਾ। ਇਸ ਵਿਚਲੀ ਮਿਆਦ ਵਾਲੀ ਤਰੀਕ 'ਚ 18 ਸਤੰਬਰ ਤੋਂ 16 ਅਕਤੂਬਰ ਤਕ ਦਾ ਸਮਾਂ ਅਧਿਕਮਾਸ ਵਾਲਾ ਰਹੇਗਾ। ਇਸ ਕਾਰਨ 17 ਸਤੰਬਰ ਨੂੰ ਪਿੱਤਰ-ਪੱਖ ਮੱਸਿਆ ਤੋਂ ਬਾਅਦ ਅਗਲੇ ਦਿਨ 18 ਸਤੰਬਰ ਤੋਂ ਨਰਾਤੇ ਸ਼ੁਰੂ ਨਹੀਂ ਹੋਣਗੇ ਸਗੋਂ ਨਰਾਤਿਆਂ ਦਾ ਸ਼ੁੱਭ ਆਰੰਭ 17 ਅਕਤੂਬਰ ਨੂੰ ਹੋਵੇਗਾ। ਦੇਵਉਠਨੀ ਏਕਾਦਸ਼ੀ 25 ਨਵੰਬਰ ਨੂੰ ਹੈ। ਮਹੀਨੇ ਦੇ ਆਖ਼ਰ 'ਚ ਦੇਵਉਠਨੀ ਏਕਾਦਸ਼ੀ ਹੋਣ ਨਾਲ ਨਵੰਬਰ-ਦਸੰਬਰ ਦੋਵਾਂ ਮਹੀਨਿਆਂ 'ਚ ਵਿਆਹ ਦੇ ਮਹੂਰਤ 'ਚ ਕਮੀ ਹੋਵੇਗੀ ਕਿਉਂਕਿ 16 ਦਸੰਬਰ ਤੋਂ ਇਕ ਮਹੀਨੇ ਲਈ ਖਰਮਾਸ ਸ਼ੁਰੂ ਹੋ ਜਾਵੇਗਾ।

ਸੂਰਜ ਰਹਿੰਦਾ ਹੈ ਸਥਿਰ

ਜੋਤਸ਼ੀ ਆਚਾਰਿਆ ਪੰਡਿਤ ਪ੍ਰਹਿਲਾਦ ਪਾਂਡੇ ਨੇ ਦੱਸਿਆ ਕਿ ਅਧਿਕਮਾਸ ਤਿੰਨ ਸਾਲਾਂ 'ਚ ਆਉਂਦਾ ਹੈ। ਇਸ ਦੀ ਮਿਆਦ 28 ਦਿਨ ਦੀ ਹੁੰਦੀ ਹੈ। ਅਧਿਕਮਾਸ ਉਦੋਂ ਆਉਂਦਾ ਹੈ ਜਦੋਂ ਸੂਰਜ ਆਪਣੀ ਰਾਸ਼ੀ ਨਾ ਬਦਲ ਕੇ ਸਥਿਰ ਰਹਿੰਦਾ ਹੈ। ਅੰਗਰੇਜ਼ੀ ਮਹੀਨੇ 'ਚ ਸਾਲ 365 ਦਿਨਾਂ ਦਾ ਹੁੰਦਾ ਹੈ ਤੇ ਤਰੀਕ ਅਨੁਸਾਰ ਸਾਲ 355 ਦਿਨਾਂ ਦਾ ਹੁੰਦਾ ਹੈ। ਇਕ-ਦੋ ਦਿਨ ਦਾ ਫ਼ਰਕ ਵੀ ਆ ਜਾਂਦਾ ਹੈ।

Posted By: Harjinder Sodhi