ਅੱਜਕੱਲ੍ਹ ਹਰ ਕੋਈ ਸਫਲਤਾ ਦੇ ਪਿੱਛੇ ਭੱਜ ਰਿਹਾ ਹੈ ਪਰ ਸਫਲਤਾ ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਪਲਾਇਨ ਕਰ ਰਹੀ ਹੈ। ਕੁਝ ਲੋਕ ਛੇਤੀ ਤੋਂ ਛੇਤੀ ਸਫਲਤਾ ਹਾਸਲ ਕਰਨ ਲਈ ਸ਼ਾਰਟ-ਕੱਟ ਰਸਤਾ ਚੁਣਨ ਵਿਚ ਵੀ ਦੇਰੀ ਨਹੀਂ ਕਰ ਰਹੇ। ਸਿੱਟੇ ਵਜੋਂ ਉਨ੍ਹਾਂ ਦੇ ਹੱਥ ਨਾਕਾਮਯਾਬੀ ਹੀ ਲੱਗ ਰਹੀ ਹੈ। ਆਖ਼ਰ ਸਫਲਤਾ ਦਾ ਰਹੱਸ ਕੀ ਹੈ? ਇਸ ਪ੍ਰਸ਼ਨ ਦਾ ਉੱਤਰ ਜਾਣੇ ਬਿਨਾਂ ਅਤੇ ਸਫਲਤਾ ਨੂੰ ਭਲੀਭਾਂਤੀ ਸਮਝੇ ਬਿਨਾਂ ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਹੀ ਫਜ਼ੂਲ ਹੈ। ਕੁਝ ਲੋਕ ਸਫਲਤਾ ਦਾ ਸਹੀ ਅਰਥ ਸਮਝੇ ਬਿਨਾਂ ਹੀ ਫਜ਼ੂਲ ਦੀ ਦੌੜ ਵਿਚ ਲੱਗੇ ਰਹਿੰਦੇ ਹਨ। ਉਹ ਸਮਝਦੇ ਹਨ ਕਿ ਸਫਲਤਾ ਕੋਈ ਪੜਾਅ ਹੈ। ਅਸਲ ਵਿਚ ਸਫਲਤਾ ਕੋਈ ਪੜਾਅ ਨਾ ਹੋ ਕੇ ਨਿਰੰਤਰ ਚੱਲਣ ਵਾਲੀ ਇਕ ਪ੍ਰਕਿਰਿਆ ਹੈ। ਸਫਲਤਾ ਹਾਸਲ ਕਰਨ ਲਈ ਅਣਥੱਕ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਮਿਹਨਤ ਅਤੇ ਸਫਲਤਾ ਦਾ ਰਿਸ਼ਤਾ ਚੋਲੀ-ਦਾਮਨ ਦਾ ਕਹੀਏ ਤਾਂ ਅਤਿਕਥਨੀ ਨਹੀਂ ਹੋਵੇਗੀ। ਸਫਲਤਾ ਦਾ ਸੁਨਹਿਰਾ ਸੁਪਨਾ ਦੇਖਣ ਵਾਲਿਆਂ ਨੂੰ ਆਪਣੀ ਯੋਗਤਾ 'ਤੇ ਭਰੋਸਾ ਹੋਣਾ ਚਾਹੀਦਾ ਹੈ। ਜਦ ਯੋਗਤਾ ਆ ਜਾਂਦੀ ਹੈ ਤਾਂ ਸਫਲਤਾ ਦਾ ਰਸਤਾ ਬੇਹੱਦ ਆਸਾਨ ਹੋ ਜਾਂਦਾ ਹੈ। ਸਫਲਤਾ ਵਰਗੇ ਸ਼ਬਦ ਦੇ ਹਰ ਵਿਅਕਤੀ ਦੀ ਨਜ਼ਰ ਵਿਚ ਅਲੱਗ-ਅਲੱਗ ਮਾਅਨੇ ਹੋ ਸਕਦੇ ਹਨ। ਇਕ ਵਿਦਿਆਰਥੀ ਲਈ ਨੌਕਰੀ ਅਤੇ ਵੱਧ ਧਨ ਦੀ ਪ੍ਰਾਪਤੀ ਸਫਲਤਾ ਦਾ ਇਕ ਪਹਿਲੂ ਹੋ ਸਕਦਾ ਹੈ। ਭਾਵੇਂ ਹੀ ਮਾਅਨੇ ਢੇਰ ਸਾਰੇ ਹੋਣ ਪਰ ਸਾਰਿਆਂ ਲਈ ਸਫਲਤਾ ਤਕ ਪੁੱਜਣ ਦਾ ਇਕ ਹੀ ਬਦਲ ਹੈ-ਸਬਰ ਅਤੇ ਮਿਹਨਤ ਪਰ ਅੱਜ ਦੇ ਯੁੱਗ ਵਿਚ ਸਭ ਤੋਂ ਵੱਡੀ ਕਮੀ ਹੈ ਤਾਂ ਸਬਰ ਦੀ। ਤੁਰੰਤ ਨਤੀਜੇ ਦੀ ਇੱਛਾ ਵਿਚ ਅਸੀਂ ਅਕਸਰ ਬੇਕਾਬੂ ਹੋ ਕੇ ਗ਼ਲਤ ਰਾਹ 'ਤੇ ਤੁਰ ਕੇ ਸਫਲਤਾ ਦੇ ਨਜ਼ਦੀਕ ਹੁੰਦੇ ਹੋਏ ਵੀ ਉਸ ਤੋਂ ਦੂਰ ਹੋ ਜਾਂਦੇ ਹਾਂ। ਫਿਰ ਤਣਾਅ ਅਤੇ ਗੁੱਸਾ ਸਾਡੇ ਸੁਭਾਅ ਦਾ ਹਿੱਸਾ ਬਣਨ ਲੱਗਦਾ ਹੈ। ਕਿਹਾ ਵੀ ਗਿਆ ਹੈ ਕਿ ਕਿਸਮਤ ਤੋਂ ਵੱਧ ਅਤੇ ਸਮੇਂ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਮਿਲਦਾ। ਜੀਵਨ ਵਿਚ ਕਰਮ ਹੀ ਵਿਅਕਤੀ ਦੀਆਂ ਸਭ ਇੱਛਾਵਾਂ ਦੀ ਪੂਰਤੀ ਦਾ ਇਕਮਾਤਰ ਮਾਧਿਅਮ ਹੈ। ਸਾਨੂੰ ਵੀ ਆਪਣੇ ਟੀਚੇ ਨਿਰਧਾਰਤ ਕਰ ਕੇ ਉਨ੍ਹਾਂ ਨੂੰ ਹਾਸਲ ਕਰਨ ਲਈ ਦਿਨ-ਰਾਤ ਯਤਨ ਕਰਦੇ ਰਹਿਣਾ ਚਾਹੀਦਾ ਹੈ। ਕੁਝ ਕੁ ਅਸਫਲਤਾਵਾਂ ਦੀਆਂ ਠੋਕਰਾਂ ਤੋਂ ਭੈਭੀਤ ਹੋ ਕੇ ਆਪਣਾ ਰਸਤਾ ਬਦਲ ਲੈਣਾ ਸਹੀ ਨਹੀਂ ਹੈ। ਅਸਫਲਤਾ ਮਗਰੋਂ ਵੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਲਹਿਰਾਂ ਤੋਂ ਡਰ ਕੇ ਬੇੜੀ ਪਾਰ ਨਹੀਂ ਹੁੰਦੀ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।

-ਦੇਵੇਂਦਰ ਰਾਜ।

Posted By: Rajnish Kaur