ਸਾਡੀ ਆਤਮਾ ਸਾਨੂੰ ਨਿਰੰਤਰ ਕੁਝ ਨਾ ਕੁਝ ਕਹਿੰਦੀ ਰਹਿੰਦੀ ਹੈ ਪਰ ਅਸੀਂ ਉਸ ਦੀ ਆਵਾਜ਼ ਨੂੰ ਸੁਣ ਨਹੀਂ ਪਾਉਂਦੇ ਕਿਉਂਕਿ ਸਾਡਾ ਜ਼ਿਆਦਾਤਰ ਧਿਆਨ ਮਨ ਵੱਲ ਹੁੰਦਾ ਹੈ। ਆਤਮਾ ਸਾਨੂੰ ਸਮਰੱਥ ਬਣਾਉਣਾ ਚਾਹੁੰਦੀ ਹੈ। ਸਾਨੂੰ ਨਰਕ ਵਿਚ ਡਿੱਗਣ ਤੋਂ ਬਚਾਉਣਾ ਚਾਹੁੰਦੀ ਹੈ। ਸਾਨੂੰ ਪਰਮਾਤਮਾ ਤਕ ਲੈ ਕੇ ਜਾਣਾ ਚਾਹੁੰਦੀ ਹੈ ਕਿਉਂਕਿ ਅਸੀਂ ਆਪਣੇ ਪਰਮ-ਪਿਤਾ ਤੋਂ ਵਿਛੜੇ ਹੋਏ ਹਾਂ। ਜੋ ਆਤਮਾ ਦੀ ਆਵਾਜ਼ ਨੂੰ ਸੁਣਦਾ ਹੈ, ਉਹੀ ਰੂਹਾਨੀ ਉੱਨਤੀ ਕਰਦਾ ਹੈ। ਜਦਕਿ ਮਨ ਪਲ ਭਰ ਦੇ ਸੁੱਖ ਲਈ ਵਾਰ-ਵਾਰ ਜੀਵਨ ਨੂੰ ਕਸ਼ਟਾਂ ਵਿਚ ਪਾ ਦਿੰਦਾ ਹੈ। ਜੋ ਮਨ ਦੀ ਇੱਛਾ ਦੇ ਅਨੁਸਾਰ ਚੱਲਦਾ ਹੈ, ਉਹ ਭੌਤਿਕ ਜੀਵਨ ਜਿਊਂਦਾ ਹੈ। ਆਪਣੀ ਅਧਿਆਤਮਕ ਸ਼ਕਤੀ ਨੂੰ ਨਸ਼ਟ ਕਰਦਾ ਹੈ। ਮਨ ਸਾਨੂੰ ਪਤਨ ਦੇ ਮਾਰਗ ’ਤੇ ਲੈ ਕੇ ਜਾਣਾ ਚਾਹੁੰਦਾ ਹੈ। ਆਤਮਾ ਸਾਨੂੰ ਭਵਸਾਗਰ ਤੋਂ ਕੱਢ ਕੇ ਮੁਕਤੀ ਦਾ ਰਸਤਾ ਦਿਖਾਉਂਦੀ ਹੈ। ਮਨ ਦੀ ਇੱਛਾ ਪੂਰਤੀ ਲਈ ਵਿਅਕਤੀ ਕਾਮਨਾ, ਵਾਸਨਾ ਦੇ ਪਲ ਭਰ ਦੇ ਸੁੱਖ ਵਿਚ ਜੀਵਨ ਦੀ ਮਾਣ-ਮਰਿਆਦਾ ਗੁਆ ਦਿੰਦਾ ਹੈ। ਮਨੁੱਖੀ ਸਰੀਰ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ। ਇਹ ਨਸ਼ਵਰ ਹੈ, ਪਰ ਇਸ ਦੇ ਅੰਦਰ ਆਤਮਾ ਹੈ। ਜ਼ਿਆਦਾਤਰ ਲੋਕ ਇਸ ਪਲ-ਭਰ ਵਿਚ ਨਸ਼ਟ ਹੋਣ ਵਾਲੇ ਸਰੀਰ ਨੂੰ ਸਜਾਉਣ ਵਿਚ ਹੀ ਜੀਵਨ ਗੁਜ਼ਾਰ ਦਿੰਦੇ ਹਨ ਪਰ ਜੀਵਨ ਪ੍ਰਾਪਤੀ ਦਾ ਅਸਲੀ ਉਦੇਸ਼ ਨਹੀਂ ਸਮਝ ਪਾਉਂਦੇ। ਧਿਆਨ-ਅਭਿਆਸ ਜ਼ਰੀਏ ਜਦ ਅਸੀਂ ਮਨ ’ਤੇ ਕਾਬੂ ਪਾਉਂਦੇ ਹਾਂ ਤਾਂ ਹੀ ਆਤਮਾ ਦੀ ਆਵਾਜ਼ ਸੁਣ ਸਕਦੇ ਹਾਂ। ਮਨ ਸਦਾ ਬਾਹਰਲੇ ਸੰਸਾਰ ਵਿਚ ਸਾਨੂੰ ਫਸਾ ਕੇ ਰੱਖਦਾ ਹੈ ਅਤੇ ਆਤਮਾ ਵੱਲ ਝਾਕਣ ਨਹੀਂ ਦਿੰਦਾ। ਆਤਮਾ ਦੀ ਪੁਕਾਰ ਨੂੰ ਸੁਣਨਾ ਮਨੁੱਖ ਦੀ ਦੂਰਦਰਸ਼ਿਤਾ ਹੈ। ਇਸ ਹਾਲਤ ਵਿਚ ਮਨ ਕਾਬੂ ਹੇਠ ਰਹਿੰਦਾ ਹੈ। ਆਤਮਾ ਦੀ ਪੁਕਾਰ ਸੁਣ ਕੇ ਵਿਅਕਤੀ ਮਨ ਦਾ ਸਵਾਮੀ ਬਣਦਾ ਹੈ। ਇਸ ਨਾਲ ਉਸ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ। ਜਦਕਿ ਮਨ ਦੇ ਚੱਕਰ ਵਿਚ ਫਸ ਕੇ ਵਿਅਕਤੀ ਰਿੱਧੀ-ਸਿੱਧੀ ਦਾ ਸਵਾਮੀ ਹੁੰਦੇ ਹੋਏ ਵੀ ਭਿਖਾਰੀ ਦੀ ਹਾਲਤ ਵਿਚ ਕਦੇ ਲੋਭੀ, ਕਦੇ ਕਾਮੀ ਬਣਿਆ ਰਹਿੰਦਾ ਹੈ। ਮਨ ਸਥਿਰ ਨਹੀਂ, ਚੰਚਲ ਹੈ। ਉਹ ਇੰਦਰੀਆਂ ਦਾ ਦਾਸ ਹੈ। ਇੰਦਰੀਆਂ ਦੀ ਇੱਛਾ ਪੂਰਤੀ ਵਿਚ ਉਹ ਸਦਾ ਲੀਨ ਰਹਿੰਦਾ ਹੈ। ਜਦ ਵਿਅਕਤੀ ਆਤਮਾ ਦੀ ਆਵਾਜ਼ ਨੂੰ ਸੁਣਦਾ ਹੈ ਤਾਂ ਉਹ ਇੰਦਰੀਆਂ ਦਾ ਵੀ ਸਵਾਮੀ ਬਣ ਜਾਂਦਾ ਹੈ। ਫਿਰ ਰਾਮ ਅਤੇ ਕ੍ਰਿਸ਼ਨ ਦੀ ਸ਼ਕਤੀ ਉਸ ਦੇ ਅੰਦਰ ਭਰ ਜਾਂਦੀ ਹੈ।

-ਮੁਕੇਸ਼ ਰਿਸ਼ੀ

Posted By: Jatinder Singh