ਮੁਲਕ ਅਰਬੀ ਭਾਸ਼ਾ ਦਾ ਸ਼ਬਦ ਹੈ। ਸੰਸਾਰ ਵਿਚ ਦੋ ਕੁ ਸੌ ਮੁਲਕ ਹਨ। ਸਭ ਤੋਂ ਛੋਟਾ ਮੁਲਕ ਵੈਟੀਕਨ ਹੈ। ਇਸ ਮੁਲਕ ਦੀ ਆਬਾਦੀ ਹਜ਼ਾਰ ਕੁ ਦੇ ਨੇੜੇ ਹੈ। ਇਸ ਦਾ ਖੇਤਰਫਲ ਵੀ ਕੁਝ ਕੁ ਕਿਲੋਮੀਟਰਾਂ ਦਾ ਹੈ। ਵੈਟੀਕਨ ਈਸਾਈ ਧਰਮ ਦਾ ਪਵਿੱਤਰ ਅਸਥਾਨ ਹੈ। ਵੈਟੀਕਨ ਤੋਂ ਮੁੱਖ ਪਾਦਰੀ ਹੀ ਵਿਸ਼ਵ ਲਈ ਬਹੁਤ ਸਾਰੇ ਫੁਰਮਾਨ ਜਾਰੀ ਕਰਦਾ ਰਹਿੰਦਾ ਹੈ। ਮੁਲਕ ਨੂੰ ਆਪਸਦਾਰੀ ਦੀ ਭਾਵਨਾ ਤਹਿਤ ਰਹਿਣ ਵਾਲੇ ਕਰੋੜਾਂ ਵਾਸੀਆਂ ਦਾ ਘਰ ਕਹਿ ਸਕਦੇ ਹਾਂ। ਆਦਮੀ ਜਿਵੇਂ ਆਪਣੇ ਘਰ ਨੂੰ ਪਿਆਰ ਕਰਦਾ ਹੈ, ਤਿਵੇਂ ਹੀ ਉਹ ਆਪਣੇ ਮੁਲਕ ਨੂੰ ਵੀ ਪਿਆਰ ਕਰਦਾ ਹੈ। ਭਾਰਤ ਨੂੰ ਆਪਾਂ ਮਾਤ ਭੂਮੀ ਆਖ ਕੇ ਇਸ ਨੂੰ ਆਪਣੀ ਮਾਂ ਵਾਂਗ ਬਹੁਤ ਪਿਆਰ ਕਰਦੇ ਹਾਂ। ਜਰਮਨ ਇਕ ਮੁਲਕ ਹੈ ਤੇ ਉਸ ਦੇ ਵਸਨੀਕ ਉਸ ਧਰਤੀ ਨੂੰ ਬਹੁਤ ਪਿਆਰ ਕਰਦੇ ਹਨ। ਸਾਡੇ ਇਸ ਮੁਲਕ ਨੇ ਕਿਸੇ ਹੋਰ ਮੁਲਕ 'ਤੇ ਕਦੇ ਕੋਈ ਹਮਲਾ ਨਹੀਂ ਕੀਤਾ। ਗੌਤਮ ਬੁੱਧ ਵਰਗੇ ਮਹਾਪੁਰਸ਼ ਤੇ ਬੁੱਧ ਧਰਮ ਵਾਲੇ ਹੋਰ ਮੁਲਕਾਂ ਲਈ ਜ਼ਿੰਦਗੀ ਤੇ ਸ਼ਾਂਤੀ ਦਾ ਉਪਦੇਸ਼ ਲੈ ਕੇ ਗਏ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਵੀ ਉਪਦੇਸ਼ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੀ ਗਈ ਪਰਮਾਰਥਕ ਯਾਤਰਾ ਸੀ। ਆਪਣਾ ਪੰਜਾਬ ਭਾਰਤ ਦੇਸ਼ ਦਾ ਇਕ ਸੂਬਾ ਹੈ ਜਿੱਥੋਂ ਦੇ ਵਸਨੀਕ ਸੂਰਬੀਰ ਤੇ ਮਿਹਨਤੀ ਹਨ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਸਾਹਿਤ ਪੜ੍ਹਨ ਦੀ ਰੁਚੀ ਘੱਟ ਰਹੀ ਹੈ। ਇਸ ਘਾਟ ਨੂੰ ਦੂਰ ਕਰਨ ਲਈ ਵਿਦਿਆਰਥੀਆਂ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਇੱਥੇ ਆਪਾਂ ਨਾਰਵੇ ਨਾਂ ਦੇ ਮੁਲਕ ਦੀ ਗੱਲ ਕਰਦੇ ਹਾਂ। ਉਸ ਮੁਲਕ ਦਾ ਇਕ ਲੇਖਕ ਹੈ 'ਗੌਰਦਨ'। ਉਹ ਪ੍ਰਾਇਮਰੀ ਅਧਿਆਪਕ ਹੈ। ਉਸ ਨੇ ਇਕ ਨਾਵਲ ਲਿਖਿਆ ਹੈ। ਉਸ ਨੇ ਉਹ ਨਾਵਲ ਲਿਖਣ ਤੋਂ ਪਹਿਲਾਂ ਪੰਜ ਹਜ਼ਾਰ ਪੁਸਤਕਾਂ ਪੜ੍ਹੀਆਂ ਸਨ। ਗੌਰਦਨ ਨੂੰ ਉਸ ਨਾਵਲ ਦੀ ਵਿਕਰੀ ਕਾਰਨ ਇਕ ਸਾਲ ਵਿਚ ਬਾਰਾਂ ਕਰੋੜ ਅੱਸੀ ਲੱਖ ਰੁਪਏ ਮਿਲੇ ਸਨ। ਨਾਰਵੇ ਵਾਂਗ ਇਕ ਹੋਰ ਮੁਲਕ ਹੈ ਫਿਨਲੈਂਡ ਅਤੇ ਉੱਥੇ ਰਿਸ਼ਵਤ ਦਾ ਨਾਮੋ-ਨਿਸ਼ਾਨ ਨਹੀਂ ਹੈ। ਵੱਢੀਖੋਰੀ ਤੋਂ ਜਾਪਾਨ ਵੀ ਸੁਰਖਰੂ ਹੈ। ਜਾਪਾਨ ਦੀਆਂ ਕੁਝ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ। ਉਸ ਦੀ ਅਮਰੀਕਾ ਨੇ ਐਟਮੀ ਬੰਬਾਂ ਨਾਲ ਤਬਾਹੀ ਕੀਤੀ ਸੀ ਪਰ ਇਹ ਮੁਲਕ ਆਪਣੇ ਸਬਰ-ਸੰਤੋਖ ਤੇ ਸਿਰੜ ਕਾਰਨ ਮੁੜ ਪੈਰੀਂ ਹੋ ਗਿਆ ਹੈ। ਜਾਪਾਨੀ ਲੋਕ ਸਫ਼ਾਈ ਨੂੰ ਬਹੁਤ ਪਸੰਦ ਕਰਦੇ ਹਨ ਪਰ ਸਾਡੇ ਮੁਲਕ ਵਿਚ ਅਜਿਹਾ ਨਹੀਂ ਹੈ। ਭਾਰਤ ਤੇ ਪਾਕਿਸਤਾਨ ਪਹਿਲਾਂ ਇਕ ਹੀ ਮੁਲਕ ਸਨ ਪਰ ਵੰਡ ਤੋਂ ਬਾਅਦ ਇਹ ਇਕ-ਦੂਜੇ ਦੇ ਖ਼ੂਨ ਦੇ ਪਿਆਸੇ ਹੋਏ ਪਏ ਹਨ। ਇਨ੍ਹਾਂ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ।

-ਓਮ ਪ੍ਰਕਾਸ਼ ਗਾਸੋ। (94635-61123)

Posted By: Rajnish Kaur