ਗੁਰਦੁਆਰਾ ਸਾਹਿਬਾਨ ਵਿਚ ਤਖ਼ਤ ਉਤੇ ਬਿਰਾਜਮਾਨ, ਉਪਰ ਚੰਦੋਆ ਸਜਾਇਆ ਹੋਇਆ, ਗ੍ਰੰਥੀ ਸਿੰਘ ਦੀ ਹਿਫ਼ਾਜਤ ਵਿਚ ਪ੍ਰਕਾਸ਼ਮਾਨ ਦੁਨੀਆ ਦਾ ਇਕੋ ਇਕ ਤੇ ਸਦੀਵੀ ਗੁਰੂ, ਅਕਾਲ ਪੁਰਖ ਦੇ ਨਿੱਜ ਦਾ ਪ੍ਰਗਟਾਵਾ ਕਰਨ ਵਾਲਾ ਜਿਸ ਨੂੰ ਸ਼ਰਧਾਲੂ ਸਿਰ ਢੱਕ ਕੇ ਪੂਰੇ ਸਨਮਾਨ ਨਾਲ ਮੱਥਾ ਟੇਕਦੇ ਹਨ, ਉਹ ਹੈ ਆਦਿ ਗ੍ਰੰਥ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਗਿਆ ਹੈ। ਖੋਜੀ ਲਿਖਤਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਵਲੋਂ ਭਾਈ ਗੁਰਦਾਸ ਦੇ ਸਹਿਯੋਗ ਨਾਲ 1604 ਈ. ’ਚ ਵੱਖ ਵੱਖ ਸਰੋਤਾਂ ਤੋਂ ਗੁਰੂ ਸਾਹਿਬਾਨ, ਪੀਰਾਂ ਫ਼ਕੀਰਾਂ ਤੇ ਭਗਤਾਂ ਦੀਆਂ ਹੱਥ ਲਿਖਤ ਬਾਣੀ ਨੂੰ ਇਕੱਠਿਆਂ ਕਰਕੇ ਤੇ ਇਨ੍ਹਾਂ ਦਾ ਸੰਪਾਦਨ ਕਰਕੇ ਇਕ ਹੱਥ ਲਿਖਤ ਗ੍ਰੰਥ ਤਿਆਰ ਕੀਤਾ ਗਿਆ ਜਿਸਨੂੰ ਆਦਿ ਗ੍ਰੰਥ ਦਾ ਨਾਮ ਦਿੱਤਾ ਗਿਆ ਤੇ ਇਸ ਗ੍ਰੰਥ ਦਾ ਪਹਿਲਾ ਪ੍ਰਕਾਸ਼ ਪਹਿਲੀ ਸਤੰਬਰ 1604 ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਰਤਸਰ ਵਿਖੇ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ। ਕੁਝ ਸਮੇਂ ਬਾਦ ਗੁਰੂ ਹਰਗੋਬਿੰਦ ਜੀ ਵਲੋਂ ਇਸ ਗ੍ਰੰਥ ’ਚ ਰਾਮਕਲੀ ਰਚਨਾ ਨੂੰ ਸ਼ਾਮਿਲ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਮਨੀ ਸਿੰਘ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਇਸ ਵਿਚ ਸ਼ਾਮਲ ਕਰਕੇ ਆਦਿ ਗ੍ਰੰਥ ਨੂੰ ਸੰਪੂਰਨ ਤੇ ਸਦੀਵੀਂ ਬਣਾ ਕੇ ਸਭ ਸ਼ਰਧਾਲੂਆਂ ਨੂੰ ਹੁਕਮ ਦਿੱਤਾ “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥”

ਜ਼ਿਕਰਯੋਗ ਹੈ ਕਿ ਆਦਿ ਗ੍ਰੰਥ ਸਾਹਿਬ ਨੂੰ ਗੁਰਮੁੱਖੀ ਲਿਪੀ ’ਚ ਲਿਖਿਆ ਗਿਆ ਹੈ ਤੇ ਉਸ ਸਮੇਂ ਦੀ ਸੰਤ ਭਾਸ਼ਾ ਪੰਜਾਬੀ ਲਹਿੰਦੀ, ਪ੍ਰਾਕਿ੍ਰਤ ਅਪਭੰਸ਼, ਸੰਸਕਿ੍ਰਤ, ਹਿੰਦੀ, ਬ੍ਰਜ, ਅਵੱਧੀ, ਕੌਰਵੀ, ਭੋਜਪੁਰੀ, ਫਾਰਸੀ ਤੇ ਸਿੰਧੀ ਭਾਸ਼ਾ ਆਦਿ ਦੀ ਸ਼ਬਦਾਵਲੀ ਵਰਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਸੰਸਕਰਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਖਰੜਾ ਨੰ. 1245 (ਸੰਮਤ 1599) ਸੁਰੱਖਿਅਤ ਹੈ। ਇਸ ਤੋਂ ਇਲਾਵਾ ਬਾਹੋਵਾਲ ਪੋਥੀ, ਵਣਜਾਰਾ ਪੋਸ਼ੀ, ਭਾਈ ਰੂਪਾ ਪੋਥੀ, ਲਾਹੌਰ ਦੀ ਬੀੜ, ਗੁਰੂ ਹਰ ਸਹਾਇ ਪੋਥੀ ਆਦਿ ਗ੍ਰੰਥ ਸਾਹਿਬ ਦੇ ਸੰਸਕਰਣ ਤੋਂ ਪਹਿਲਾ ਮਜੂਦ ਦੱਸੇ ਜਾਂਦੇ ਹਨ।

ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ’ਚ ਰੂਪਾਂਤਰਨ

ਇਹ ਜਾਣਨਾ ਰੌਚਕ ਹੋਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਸਾਰੀਆਂ ਦੇਸੀ, ਵਿਦੇਸ਼ੀ ਭਾਸ਼ਾਵਾਂ ਅਤੇ ਲਿੱਪੀਆਂ ’ਚ ਰੂਪਾਂਤਰ ਕੀਤਾ ਗਿਆ ਹੈ। ਜਰਮਨੀ ਦੇ ਵਿਦਵਾਨ ਅਰਨੈਸਟ ਟਰੰਪ ਨੇ ਗੁਰੂ ਗ੍ਰੰਥ ਸਾਹਿਬ ਦਾ ਜਰਮਨੀ ਵਿਚ ਅਤੇ ਮੈਕਸ ਆਰਥਰ ਮੈਕਾਲਿਫ ਨੇ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਹੈ। ਅੰਗ੍ਰੇਜ਼ੀ ’ਚ ਸੰਪੂਰਨ ਪਹਿਲਾ ਅਨੁਵਾਦ ਡਾ. ਗੋਪਾਲ ਸਿੰਘ ਨੇ 1960 ’ਚ ਕੀਤਾ ਹੈ ਅਤੇ ਇਸ ਦਾ ਸੋਧਿਆ ਸੰਸਕਰਨ 1978 ’ਚ ਪ੍ਰਕਾਸ਼ਿਤ ਕੀਤਾ ਹੈ। ਪ੍ਰੋ. ਸਾਹਿਬ ਸਿੰਘ ਵਲੋਂ ਗੁਰੂ ਗੰ੍ਰਥ ਸਾਹਿਬ ਦੀ ਵਿਆਖਿਆ ਕਰਦੀ ਪੁਸਤਕ “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਵੀ ਪ੍ਰਕਾਸ਼ਿਤ ਕੀਤੀ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਅਧਿਕਾਰਤ ਤੌਰ ’ਤੇ ਆਪਣੀ ਪ੍ਰੈੱਸ ਰਾਹੀਂ ਛਪਾਈ ਕਰਵਾਈ ਜਾਂਦੀ ਹੈ ਜਿਸ ਦੇ 1430 ਅੰਗ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਤੋਂ ਬਾਹਰ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਦਾ ਛਾਪਕ ਤੇ ਪ੍ਰਕਾਸ਼ਕ ਵੀ ਹੈ। ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੋ ਪਿ੍ਰੰ੍ਰਟਿੰਗ ਪ੍ਰੈਸ ਰਾਹੀਂ ਛਾਪੇ ਜਾਂਦੇ ਹਨ, ਦੇ ਗਲਤ ਪਿ੍ਰੰਟ ਤੇ ਸੈਟਪ ਸ਼ੀਟਾਂ ਅਤੇ ਪਿ੍ਰੰਟਰ ਦੀ ਰਹਿੰਦ ਖੂੰਹਦ ਨੂੰ ਗੁਰੂ ਮਰਿਆਦਾ ਅਨੁਸਾਰ ਗੋਇੰਦਵਾਲ ਸਾਹਿਬ ਵਿਖੇ ਸਸਕਾਰ ਕੀਤਾ ਜਾਂਦਾ ਹੈ। ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਨਾਨਕਸਰ ਟਰੱਸਟ ਦੇ ਸਹਿਯੋਗ ਨਾਲ 2003 ਤੋਂ ਸਿੱਖ ਧਰਮ ਗ੍ਰੰਥਾਂ ਦੇ ਡਿਜ਼ੀਟਲਾਈਜੇਸ਼ਨ ਦਾ ਕੰਮ ਸ਼ੁਰੂ ਕੀਤਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਵਿਚ ਆਨਲਾਈਨ ਵੀ ਉਪਲੱਬਧ ਹੈ। ਡਿਜੀਟਲ ਲਾਇਬ੍ਰੇਰੀ ਦਾ ਮਕਸਦ ਲਿਪੀ ਭਾਸ਼ਾ ਧਰਮ, ਕੌਮੀਅਤ ਅਤੇ ਹੋਰ ਭੌਤਿਕ ਸਥਿਤੀ ਦੇ ਭੇਦਭਾਵਾਂ ਤਂੋ ਬਿਨਾਂ੍ਹ ਪੰਜਾਬ ਖੇਤਰ ਦੀ ਸੰਚਿਤ ਬੁੱਧੀ ਨੂੰ ਲੱਭਣਾ, ਡਿਜੀਲਾਈਜੇਸ਼ਨ, ਇਕੱਤਰ ਕਰਨਾ, ਲੋਕਾਂ ਤੱਕ ਪਹੁੰਚ ਯੋਗ ਬਣਾਉਣਾ ਅਤੇ ਮੁਫ਼ਤ ਆਨਲਾਈਨ ਕਰਨਾ ਹੈ।

ਖਾਲਸਾ ਪੰਥ ਦੀ ਸਾਜਨਾ (1699) ਸਮਂੇ ਇਨ੍ਹਾਂ ਦੇ ਨਾਵਾਂ ਨਾਲ ‘ਸਿੰਘ’ ਅਤੇ ‘ਕੌਰ’ ਦੀ ਉਪਾਧੀ ਜੋੜੀ ਗਈ ਹੈ। ਸਿੱਖ ਧਰਮ ਗੁਰਮਤਿ ਜਾਂ ‘ਗੁਰੂ ਦਾ ਰਾਹ’ ਅਖਵਾਉਂਦਾ ਹੈ। ਗੁਰੂ ਨਾਨਕ (1469-1539) ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੇ ਇਸ ਦੀ ਧਰਮ ਦੇ ਫਲਸਫ਼ੇ ਅਤੇ ਆਦਰਸ਼ਾਂ ਨੂੰ ਆਪਣੀ ਕਾਵਿ ਰਚਨਾ ਰਾਹੀਂ ਸਦੀਵੀ ਕੀਤਾ ਹੈ। ਗੁਰੂ ਨਾਨਕ ਦੇ 9 ਉਤਰਾਧਿਕਾਰੀ ਗੁਰੂਆਂ ਨੇ ਇਸ ਮਿਸ਼ਨ ਨੂੰ ਅੱਗੇ ਤੋਰਿਆ। ਗੁਰੂ ਗੋਬਿੰਦ ਸਿੰਘ ਨੇ ਸਿੱਖ ਫਲਸਫ਼ੇ ਦੇ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਅਤੇ ਸੰਪੂਰਨ ਬਣਾ ਕੇ ਗੁਰੂ ਗ੍ਰੰਥ ਨੂੰ ਜੀਵੰਤ ਗੁਰੂ ਦੀ ਉਪਾਧੀ ਦਿੱਤੀ ਹੈ। ਇਸੇ ਲਈ ਜਦੋਂ ਗੁਰੂ ਗ੍ਰੰਥ ਦਾ ਕੋਈ ਅੰਗ ਜਾਂ ਪੂਰਾ ਸਰੂਪ ਬਿਰਧ ਹੋ ਜਾਂਦਾ ਜਾਂ ਵਰਤਣਯੋਗ ਨਹੀਂ ਰਹਿੰਦਾ ਤਾਂ ਸਿੱਖ ਸੰਗਤ ਵਲੋਂ ਪੂਰਨ ਮਰਿਆਦਾ ਨਾਲ ਗੋਇੰਦਵਾਲ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਦਾ ਸਸਕਾਰ ਵੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਇ ਜੀ ਅਤੇ ਗੁਰੂ ਹਰਿਕਿ੍ਰਸ਼ਨ ਜੀ ਨੇ ਬਾਣੀ ਨਹੀਂ ਰਚੀ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਵਿਚ ਸਾਹਿਤ ਦੀ ਰੁਚੀ ਮੱਠੀ ਪੈ ਗਈ ਸਗੋਂ ਇਉਂ ਕਹਿਣਾ ਯੋਗ ਹੋਵੇਗਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਦ ਸਿੱਖ ਮਤ ਅਤੇ ਸਿੱਖ ਸੰਗਤ ਵਿਚ ਆਈ ਆਤਮਿਕ ਬਲਵਾਨਗੀ ਤੇ ਜ਼ੁਲਮ ਵਿਰੁੱਧ ਡੱਟ ਕੇ ਲੜਨ ਦੀ ਸਮੱਰਥਾ ਨੇ ਸਿੱਖ ਮਤ ਨੂੰ ਸੈਨਿਕ ਰੁਚੀਆਂ ਅਤੇ ਮੀਰੀ ਪੀਰੀ ਵੱਲ ਮੋੜਿਆ ਹੈ। ਇਸੇ ਸਮੇਂ ਖਾਲਸਾ ਸਾਜਨਾ ਲਈ ਜ਼ਮੀਨ ਤਿਆਰ ਹੋਣੀ ਸ਼ੁਰੂ ਹੋਈ ਜੋ 1699 ਈ ਨੂੰ ਖਾਲਸਾ ਸਾਜਨਾ ਨਾਲ ਨੇਪੜੇ ਚੜ੍ਹੀ। ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ’ਚ ਦਰਜ ਨਹੀਂ ਹਨ ਪਰ ਸਿੱਖ ਸੰਗਤ ਲਈ ਉਨ੍ਹਾਂ ਦੀ ਬਾਣੀ ਸਦੀਵੀ ਮਾਰਗ ਦਰਸ਼ਕ ਬਣ ਗਈ ਹੈ-

ਦੇਹਿ ਸ਼ਿਵਾ ਬਰ ਮੋਹਿ ਇਹੈ

ਸ਼ੁਭ ਕਰਮਨ ਤੇ ਕਬਹੰੂ ਨਾ ਟਰੋ।

ਨਾ ਡਰੋ ਅਰਿ ਸੋ ਜਬ ਜਾਇ ਲਰੋ

ਨਿਸਚੇ ਕਰਿ ਆਪਨੀ ਜੀਤ ਕਰੋ।

31 ਰਾਗਾਂ ਰਾਹੀਂ ਕੀਤਾ ਤਰਤੀਬ ਬੱਧ

ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਹੈ ਕਿ ਇਸ ਵਿਚ ਸਮੁੱਚੀ ਬਾਣੀ ਨੂੰ 31 ਰਾਗਾਂ ਅਨੁਸਾਰ ਤਰਤੀਬ ਬੱਧ ਕੀਤਾ ਗਿਆ ਹੈ ਅਤੇ ਇਹ ਸਾਰੇ ਰਾਗ ਭਿੰਨ ਭਿੰਨ ਰੁੱਤਾਂ, ਇਲਾਕਿਆਂ, ਜਾਤਾਂ ਵਰਣਾਂ, ਬਰਾਦਰੀਆਂ ਅਤੇ ਮਜ਼੍ਹਬਾਂ ਆਦਿ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਵਿਚ ਸ਼ਾਮਿਲ ਸਭ ਤੋਂ ਪਹਿਲੀ ਬਾਣੀ ਜਪੱੁਜੀ ਸਾਹਿਬ ਰਾਗ ਮੁਕਤ ਬਾਣੀ ਹੈ। ਵੱਖ ਵੱਖ ਗੁਰੂ ਸਾਹਿਬਾਨ ਦੀ ਬਾਣੀ ਦੀ ਪਛਾਣ ਲਈ ‘ਮਹਲਾ’ ਸੰਕੇਤ ਦਿੱਤਾ ਗਿਆ ਹੈ ਜਿਵੇਂ ਗੁਰੂ ਨਾਨਕ ਲਈ ਮਹਲਾ ਪਹਿਲਾ। ਮੁੱਖ ਤੌਰ ’ਤੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਨਾਨਕ ਨਾਮ ਦੇ ਅੰਤਰਗਤ ਹੀ ਰਚੀ ਹੈ ਜੋ ਉਨ੍ਹਾਂ ਵਲੋਂ ਨਿਭਾਈ ਗਈ ਇਕ ਅਦੁੱਤੀ ਮਰਿਆਦਾ ਤੇ ਏਕਤਾ ਦਾ ਸੁੰਦਰ ਨਮੂਨਾ ਹੈ। ਸਮੁੱਚੀ ਬਾਣੀ ਛੰਦ ਬੱਧ ਕਾਵਿ-ਰਚਨਾ ਹੈ ਇਸ ਵਿਚ ਦੋਰਹਾ, ਦਵੱਈਏ, ਚੋਪਈ, ਸ਼ਿਰਖੰਡੀ, ਸਵੱਈਏ, ਸੋਰਠਾ, ਝੂਲ਼ਵਾ, ਦੋਹਾ ਆਦਿ ਛੰਦ ਲੋਕ ਕਾਵਿ ਰੂਪ ਸ਼ਾਮਲ ਹਨ।

ਰੋਜ਼ਾਨਾ ਹੁੰਦਾ ਹੈ ਪ੍ਰਕਾਸ਼

ਸਮੂਹ ਧਰਮਾਂ ਦੇ ਇਤਿਹਾਸ ਵਿਚੋਂ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਪਾਵਨ ਗ੍ਰੰਥ ਹੈ ਜਿਸ ਦਾ ਰੋਜ਼ਾਨਾ ਪ੍ਰਕਾਸ਼ ਅਤੇ ਸੁੱਖ ਆਸਨ ਬੜੇ ਅਦਬ ਅਤੇ ਸਤਿਕਾਰ ਨਾਲ ਕੀਤਾ ਜਾਂਦਾ ਹੈ ਅਤੇ ਲੱਖਾਂ ਲੋਕ ਇਸਨੂੰ ਨਤਮਸਤਕ ਹੋ ਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ, ਬੇਨਤੀਆਂ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੀ ਰਚਨਾ ਇਕ ਪੋਥੀ ਦੇ ਰੂਪ ਵਿਚ ਕੀਤੀ ਸੀ ਤੇ ਇਹ ਪੋਥੀ ਅੱਗੇ ਤੁਰਦੀ ਗਈ ਜਿਸ ਵਿਚ ਗੁਰੂਆਂ ਨੇ ਆਪਣੀ ਬਾਣੀ ਦਰਜ ਕੀਤੀ । ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਬਨਾਮ ਸੋਮਨਾਥ ਦਾਸ ਕੇਸ (2000) ਮਿਤੀ 29-03-2000 ਐਸਸੀਸੀ 186 ਰਾਹੀਂ ਫ਼ੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਇਕ ਕਾਨੂੰਨੀ ਜੀਵੰਤ ਮਹਾਪੁਰਸ਼ ਅਤੇ ਗੁਰੂ ਹੈ।

1430 ਅੰਗਾਂ ਵਾਲੇ ਗੁਰੂ ਗ੍ਰੰਥ ਸਾਹਿਬ ਵਿਚ ਅੰਗ 1 ਤੋਂ 7 ਤੱਕ ਜਪੁਜੀ ਸਾਹਿਬ ਅਤੇ ਸੋਹਿਲਾ ਸਾਹਿਬ ਦੀ ਬਾਣੀ ਅੰਕਿਤ ਹੈ ਜਦਕਿ ਅੰਗ 14 ਤੋਂ 1353 ਅੰਗ ਤੱਕ ਰਾਗਾਂ ’ਚ ਬਾਣੀ ਅੰਕਿਤ ਹੈ। ਅੰਗ 1352 ਤੋਂ 1430 ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਜੀ ਤੇ ਭੱਟ ਸਾਹਿਬਾਨ ਵਲੋਂ ਉਚਾਰੇ ਸਲੋਕ, ਸਵੱਯੇ ਅਤੇ ਰਾਗਮਾਲਾ ਦਰਜ ਹੈ। ਅੰਗ 8 ਤੋਂ 1351 ਤਕ ਦਰਜ ਸੰਪੂਰਨ ਬਾਣੀ ਨੂੰ 31 ਮੁੱਖ ਅਤੇ 54 ਉਪਰ ਰਾਗਾਂ ਲੜੀ ’ਚ ਸ੍ਰੀ ਰਾਮ ਤੋਂ ਲੈ ਕੇ ਜਾਵੰਤੀ ਤੱਕ ਰਾਗਾਂ ’ਚ ਪਰੋਇਆ ਗਿਆ ਹੈ।

6 ਗੁਰੂ ਸਾਹਿਬਾਨ ਤੇ ਹੋਰ ਭਗਤਾਂ ਦੀ ਬਾਣੀ

ਮੌਜੂਦਾ ਸਰੂਪ ’ਚ ਗੁਰੂ ਗ੍ਰੰਥ ਸਾਹਿਬ ’ਚ ਛੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੋਂ ਇਲਾਵਾ 29 ਹੋਰ ਮਹਾਪੁਰਸ਼, ਭਗਤਾਂ, ਸੰਤਾਂ, ਸੂਫ਼ੀਆਂ, ਭੱਟਾਂ ਪੀਰਾਂ, ਗੁਰ ਸਿੱਖਾਂ ਦੀਆਂ ਰਚਨਾਵਾਂ ਜੋ ਗੁਰਬਾਣੀ ਦੀ ਕਸਵੱਟੀ ਉਤੇ ਠੀਕ ਉਤਰਦੀਆਂ ਹਨ, ਨੂੰ ਗੁਰੂ ਗ੍ਰੰਥ ਸਾਹਿਬ ’ਚ ਸ਼ਾਮਲ ਕੀਤਾ ਗਿਆ ਹੈ। ਖੋਜਕਾਰਾਂ ਅਨੁਸਾਰ ਬਾਣੀ ਦੇ ਅਕਾਰ ਦੇ ਹਿਸਾਬ ਨਾਲ ਗੁਰੂ ਅਰਜਨ ਦੇਵ ਜੀ (32.63%) ਗੁਰੂ ਨਾਨਕ ਦੇਵ ਜੀ (16.53%) ਗੁਰੂ ਅਮਰਦਾਸ ਜੀ (15.38%) ਗੁਰੂ ਰਾਮਦਾਸ ਜੀ (11.52%) ਗੁਰੂ ਅੰਗਦ ਜੀ(1.10%) ਅਤੇ ਹੋਰ ਭੱਗਤ, ਭੱਟਾਂ ਅਤੇ ਸੂਫ਼ੀ ਪੀਰਾਂ ਦੀ (16.92%) ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਏਮਾਨ ਹੈ। ਰਾਗਾਂ ਅਨੁਸਾਰ 6 ਗੁਰੂ ਸਾਹਿਬਾਨ ਤੇ 29 ਸੰਤਾਂ ਭਗਤਾਂ ਦੀ ਬਾਣੀ 31 ਰਾਗਾਂ ਅਨੁਸਾਰ ਸੰਸਕਰਨ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੇ 1430 ਅੰਗ (ਪੰਨੇ) ਤੇ 5894 ਸ਼ਬਦ (ਲਾਈਨ ਰਚਨਾਵਾਂ) ਸ਼ਾਮਿਲ ਹਨ ਜੋ ਕਾਵਿ ਰੂਪ ’ਚ ਦਰਜ ਹਨ ਤੇ ਸੰਗੀਤ ਦੇ ਇਕ ਤਾਲਬੱਧ ਪ੍ਰਾਚੀਨ ਉਤਰ ਭਾਰਤੀ ਸ਼ਾਸ਼ਤਰ ਰੂਪ ਅਨੁਸਾਰ ਸੈੱਟ ਕੀਤੇ ਹਨ। ਬਾਣੀ ਨੂੰ ਰਾਗਾਂ ਤੇ ਰਚਨਹਾਰਿਆਂ ਅਨੁਸਾਰ ਵੰਡਿਆ ਹੈ।

- ਤਰਲੋਚਨ ਸਿੰਘ ਭੱਟੀ

Posted By: Harjinder Sodhi