ਭਾਵੇਂ ਅਸੀਂ ਜਨਮ ਤੋਂ ਅਖ਼ੀਰ ਤਕ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਗਿਆਨ ਸਿੱਖਦੇ ਹੀ ਚਲੇ ਜਾਂਦੇ ਹਾਂ ਪਰ ਗਿਆਨ ਲੈਂਦੇ ਹੋਏ ਉਸ ਅਵਸਥਾ 'ਤੇ ਪਹੁੰਚਣ ਵਾਲਾ ਇਨਸਾਨ ਜਿੱਥੇ ਆਤਮਾ ਦਾ ਸੰਪੂਰਨ ਅਨੁਭਵ ਹੋ ਜਾਏ, ਗਿਆਨੀ ਹੈ। ਆਤਮ ਸਰੂਪ ਨੂੰ ਪਛਾਣਨਾ, ਬ੍ਰਹਮ ਗਿਆਨ ਸਬੰਧੀ ਵਿਚਾਰਾਂ ਵਾਲਾ, ਗਿਆਨ ਵਾਲਾ, ਜਾਣਨ ਵਾਲਾ, ਵਿਦਵਾਨ ਜਾਂ ਪੰਡਿਤ ਗਿਆਨੀ ਹੈ ਜੋ ਆਪਣੇ-ਆਪ 'ਚ ਪੂਰੀ ਸੋਝੀ ਰੱਖਦਾ ਹੋਵੇ। ਆਪੁ ਬੀਚਾਰੇ ਸੁ ਗਿਆਨੀ ਹੋਈ£ ਪਿਛਲੇ ਕੁਝ ਕੁ ਦਹਾਕਿਆਂ ਵਿਚ ਗਿਆਨੀ ਦਾ ਕੋਰਸ ਕਰਨ ਵਾਲੇ ਅਧਿਆਪਕ ਨੂੰ ਗਿਆਨੀ ਜੀ ਕਿਹਾ ਜਾਣ ਲੱਗਾ ਜੋ ਕੁਝ ਕੁ ਹੱਦ ਤਕ ਜਾਇਜ਼ ਸੀ ਪਰ ਅੱਜਕੱਲ੍ਹ ਤਾਂ ਹਰ ਕੇਸਧਾਰੀ ਇਨਸਾਨ ਨੂੰ ਗਿਆਨੀ ਕਹਿ ਕੇ ਪੁਕਾਰਿਆ ਜਾਂਦਾ ਹੈ। ਇਹ ਦੇਖਣ ਦਾ ਬਿਲਕੁਲ ਯਤਨ ਨਹੀਂ ਕੀਤਾ ਜਾਂਦਾ ਕਿ ਉਹ ਸੱਚਮੁੱਚ ਗਿਆਨਵਾਨ ਹੈ ਵੀ ਜਾਂ ਨਹੀਂ। ਇਸੇ ਤਰ੍ਹਾਂ ਜਾਤ, ਗੋਤ ਤੋਂ ਬ੍ਰਾਹਮਣ ਨੂੰ ਵੀ ਪੰਡਿਤ ਜੀ ਕਹਿ ਕੇ ਬੁਲਾਇਆ ਜਾਂਦਾ ਹੈ। ਅਸੀਂ ਅਗਿਆਨਤਾ ਦੇ ਹਨੇਰੇ ਵਿਚ ਗਿਆਨੀ ਸ਼ਬਦ ਨੂੰ ਬਹੁਤ ਨੀਵੇਂ ਅਰਥਾਂ ਤਕ ਸਮੇਟ ਕੇ ਰੱਖ ਦਿੱਤਾ ਹੈ। ਸੋ ਪੰਡਿਤੁ ਜੋ ਮਨੁ ਪਰਬੋਧੈ£ ਰਾਮ ਨਾਮੁ ਆਤਮ ਮਹਿ ਸੋਧੈ£ ਰਾਮ ਨਾਮ ਸਾਰੁ ਰਸੁ ਪੀਵੈ£ ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ£ ਗਿਆਨੀ ਜਾਂ ਪੰਡਿਤ ਉਹ ਹੈ ਜੋ ਮਨ ਨੂੰ ਸਮਝਾ ਲੈਂਦਾ ਹੈ ਅਤੇ ਹਿਰਦੇ ਵਿਚ ਰਾਮ ਨਾਮ ਨੂੰ ਸੋਧ ਕੇ ਰੱਖਦਾ ਹੈ। ਰਾਮ ਨਾਮ ਦੇ ਤੱਤ ਦਾ ਰਸ ਪੀਂਦਾ ਹੈ। ਅਜਿਹੇ ਪੰਡਿਤ ਦੇ ਉਪਦੇਸ਼ ਨਾਲ ਜਗ ਜਿਊਂਦਾ ਹੈ। ਅਜਿਹੇ ਗਿਆਨੀ, ਗਿਆਨ ਰਾਹੀਂ ਹਰੀ ਪਰਮਾਤਮਾ ਨੂੰ ਮਨ ਵਿਚ ਵਸਾ ਲੈਂਦੇ ਹਨ ਅਤੇ ਵਾਰ-ਵਾਰ ਜੂਨਾਂ ਵਿਚ ਨਹੀਂ ਆਉਂਦੇ। ਅਜਿਹੇ ਗਿਆਨੀ ਲੋਕ ਸਾਰੇ ਜਹਾਨ, ਲੋਕਾਈ ਨੂੰ ਗਿਆਨ ਰਾਹੀਂ ਉਪਦੇਸ਼ ਦਿੰਦੇ ਹਨ। ਉਨ੍ਹਾਂ 'ਤੇ ਸੁੱਖ-ਦੁੱਖ ਕਿਸੇ ਪ੍ਰਕਾਰ ਦਾ ਪ੍ਰਭਾਵ ਨਹੀਂ ਪਾ ਸਕਦੇ। ਅਜਿਹੇ ਪੰਡਿਤ, ਗਿਆਨੀ ਨੂੰ ਸਦਾ ਹੀ ਨਮਸਕਾਰ ਕਰਨਾ ਚਾਹੀਦਾ ਹੈ। ਗੁਰੂ ਅਰਜਨ ਦੇਵ ਜੀ ਨੇ ਅਜਿਹੇ ਬ੍ਰਹਮ ਦਾ ਗਿਆਨ ਰੱਖਣ ਵਾਲੇ ਗਿਆਨੀ ਨੂੰ ਬ੍ਰਹਮ ਗਿਆਨੀ ਕਿਹਾ ਹੈ। ਇਹ ਵੱਖਰੀ ਗੱਲ ਹੈ ਕਿ ਅੱਜਕੱਲ੍ਹ ਜ਼ਿਆਦਾਤਰ ਇਨਸਾਨ ਖ਼ੁਦ ਨੂੰ ਬਹੁਤ ਵੱਡੇ ਵਿਦਵਾਨ ਤੇ ਗਿਆਨੀ-ਧਿਆਨੀ ਸਮਝਦੇ ਹਨ। ਉਨ੍ਹਾਂ ਦੇ ਸਮਝਣ ਨਾਲ ਕੁਝ ਨਹੀਂ ਹੋਣਾ। ਜਦ ਹੋਰਾਂ ਨੂੰ ਉਨ੍ਹਾਂ ਦਾ ਰਹਿਣ-ਸਹਿਣ ਤੇ ਬੋਲ-ਚਾਲ ਗਿਆਨੀ ਪੁਰਸ਼ ਵਾਲੀ ਲੱਗਣ ਲੱਗੇਗੀ ਤਾਂ ਉਹ ਖ਼ੁਦ-ਬ-ਖ਼ੁਦ ਉਸ ਨੂੰ ਗਿਆਨੀ ਪੁਰਸ਼ ਕਹਿਣ ਲੱਗਣਗੇ। -ਗੁਰਾਂਦਿੱਤਾ ਸਿੰਘ ਮਨੂ। ਸੰਪਰਕ : 88725-26500

Posted By: Jagjit Singh