ਸ੍ਰਿਸ਼ਟੀ ਦੀ ਰਚਨਾ ਕੁਦਰਤ ਦੇ ਆਸਰੇ ਨਾਲ ਮਾਇਆ ਦੁਆਰਾ ਪ੍ਰਭੂ ਦੀ ਇੱਛਾ ਮੁਤਾਬਕ ਹੋਈ ਸੀ। ਪਰਮਾਤਮਾ ਨੇ ਕਰਮ ਦਾ ਕਠੋਰ ਵਿਧਾਨ ਬਣਾਇਆ ਹੈ। ਜੀਵਨ ਦੇ ਕੇ ਅਨੇਕ ਵਿਸ਼ੇ ਵੀ ਪੇਸ਼ ਕੀਤੇ। ਅਣਗਿਣਤ ਸਾਧਨ ਉਪਲਬਧ ਕਰਵਾਏ। ਜੀਵਨ ਲਈ ਲਾਜ਼ਮੀ ਵਸਤਾਂ ਦੇ ਸਰੋਤ ਵੀ ਉਤਪੰਨ ਕੀਤੇ। ਭਗਵਾਨ ਨੇ ਕਰਮ ਦੀ ਕਸੌਟੀ 'ਤੇ ਚੰਗਾ-ਬੁਰਾ ਸਮਝਣ ਦੀ ਬੁੱਧੀ ਪ੍ਰਦਾਨ ਕੀਤੀ। ਇਨ੍ਹਾਂ ਸਭ ਦੇ ਨਾਲ ਉਸ ਨੇ ਮਨੁੱਖ ਦੀ ਰਚਨਾ ਕੀਤੀ ਜਿਸ ਨੂੰ ਆਪਣੀਆਂ ਸਾਰੀਆਂ ਸ਼ਕਤੀਆਂ ਨਾਲ ਨਿਵਾਜ਼ਿਆ। ਇਸ ਨੂੰ ਗਿਆਨ ਦੀ ਪਾਤਰਤਾ ਵੀ ਮਿਲੀ। ਲੋਕ ਅਤੇ ਪਰਲੋਕ ਨੂੰ ਈਸ਼ਵਰ ਦੇ ਨਿਯਮਾਂ ਨਾਲ ਬੰਨ੍ਹ ਦਿੱਤਾ ਗਿਆ। ਇਹੀ ਨਹੀਂ, ਧਰਤੀ 'ਤੇ ਮਨੁੱਖ ਦੀ ਭੂਮਿਕਾ ਵੀ ਨਿਰਧਾਰਤ ਕੀਤੀ ਗਈ ਪਰ ਮਨੁੱਖ ਨੇ ਸ਼ਕਤੀਆਂ ਦੀ ਵਰਤੋਂ ਘੱਟ, ਦੁਰਵਰਤੋਂ ਵੱਧ ਕੀਤੀ ਹੈ। ਅਕਲਮੰਦੀ ਨੂੰ ਚੰਗਿਆਈ ਵਿਚ ਘੱਟ, ਬੁਰਾਈ ਵਿਚ ਵੱਧ ਇਸਤੇਮਾਲ ਕੀਤਾ। ਗਿਆਨ ਨੂੰ ਵਿਗਿਆਨ ਵੱਲ ਮੋੜਿਆ। ਚੰਗੇ ਕਰਮਾਂ ਦੀ ਥਾਂ ਮਾੜੇ ਕੰਮਾਂ ਦਾ ਵਰਣਨ ਕੀਤਾ। ਕੁਦਰਤ ਦੇ ਉਲਟ ਆਪਣੀ ਸ਼ਕਤੀ ਨੂੰ ਵਧਾਇਆ-ਫੈਲਾਇਆ। ਸਬਰ-ਸੰਤੋਖ ਤਿਆਗ ਕੇ ਹੰਕਾਰ ਵਿਚ ਫਸ ਕੇ ਮੌਲਿਕ ਤੱਤਾਂ 'ਤੇ ਇੰਨਾ ਜ਼ੋਰਦਾਰ ਵਾਰ ਕੀਤਾ ਕਿ ਅੱਜ ਕੁਦਰਤ ਦੇ ਗੁੱਸੇ ਦਾ ਸ਼ਿਕਾਰ ਸਾਰੇ ਪ੍ਰਾਣੀਆਂ ਨੂੰ ਹੋਣਾ ਪੈ ਰਿਹਾ ਹੈ। ਕੁਦਰਤ ਦਾ ਰੋਸ ਉਦੋਂ ਹੀ ਸ਼ਾਂਤ ਹੋਵੇਗਾ ਜਦ ਮਨੁੱਖ ਆਪਣੇ ਕਰਮ ਰੱਥ ਨੂੰ ਉਦੇਸ਼ਪੂਰਨ ਰਾਹ 'ਤੇ ਖੜ੍ਹਾ ਕਰੇ ਅਤੇ ਰੱਬੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਜੀਵਨ ਦੇ ਟੀਚੇ ਹਾਸਲ ਕਰਨ ਦੀ ਕੋਸ਼ਿਸ਼ ਕਰੇ। ਕਰਮ-ਅਧਰਮ ਦੀ ਸਾਧਨਾ ਵਿਚ ਸੰਤੁਲਨ ਨੂੰ ਹਰ ਪਲ ਸੰਭਾਲਣਾ ਚਾਹੀਦਾ ਹੈ, ਨਹੀਂ ਤਾਂ ਯਕੀਨਨ ਉਲਟ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪਰਮਾਤਮਾ ਦੀਆਂ ਸਿਰਜਣਾਤਮਕ ਸ਼ਕਤੀਆਂ ਨੂੰ ਤਬਾਹਕੁੰਨ ਕੰਮਾਂ ਵਿਚ ਲਗਾਉਣ ਕਾਰਨ ਕੁਦਰਤ ਦਾ ਕਹਿਰ ਸਾਨੂੰ ਇਕ ਵੱਡੇ ਅਨਰਥ ਵੱਲ ਲਿਜਾ ਰਿਹਾ ਹੈ। ਇਸ ਨੂੰ ਰੋਕਣ ਦਾ ਹੀਆ ਜ਼ਰੂਰ ਕੀਤਾ ਜਾਵੇ। ਤਬਾਹੀ ਨਹੀਂ, ਸਿਰਜਣਾ ਵੱਲ ਵਧਿਆ ਜਾਵੇ। ਕੁਦਰਤ ਹੀ ਜੀਵਨ ਦਾ ਪੋਸ਼ਣ ਕਰਦੀ ਹੈ, ਉਸ ਦੀ ਮਰਿਆਦਾ ਨੂੰ ਠੀਕ ਉਸੇ ਤਰ੍ਹਾਂ ਸੰਭਾਲਣਾ ਚਾਹੀਦਾ ਹੈ ਜਿਸ ਤਰ੍ਹਾਂ ਜਨਨੀ ਦੀ ਮਰਿਆਦਾ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਕਾਦਰ ਦੀ ਕੁਦਰਤ ਨਾਲ ਇਕਮਿਕ ਹੋ ਕੇ ਚੱਲਣ 'ਚ ਹੀ ਇਨਸਾਨ ਦਾ ਭਲਾ ਹੈ। ਜੇ ਉਹ ਕੁਦਰਤ ਨਾਲ ਖਿਲਵਾੜ ਬੰਦ ਨਹੀਂ ਕਰੇਗਾ ਤਾਂ ਉਸ ਨੂੰ ਵੱਖ-ਵੱਖ ਕੁਦਰਤੀ ਆਫ਼ਤਾਂ ਨਾਲ ਜੂਝਣਾ ਹੀ ਪਵੇਗਾ।

-ਡਾ. ਰਾਘਵੇਂਦਰ ਸ਼ੁਕਲ।

Posted By: Jagjit Singh