ਨਵੇਂ ਵਰ੍ਹੇ ਦਾ ਪਹਿਲਾ ਮਹੀਨਾ ਅੱਧੇ ਤੋਂ ਵੱਧ ਲੰਘ ਚੁੱਕਾ ਹੈ। ਹੁਣ ਤਕ ਤਾਂ ਨਵੇਂ ਸਾਲ ਦੀ ਸ਼ੁਰੂਆਤ ਵਿਚ ਲਏ ਗਏ ਨਵੇਂ ਸੰਕਲਪਾਂ ਨੇ ਵੀ ਦਮ ਤੋੜ ਦਿੱਤਾ ਹੋਵੇਗਾ। ਆਖ਼ਰ ਹਰ ਸਾਲ ਦੀ ਇਹੀ ਕਹਾਣੀ ਕਿਉਂ ਹੁੰਦੀ ਹੈ? ਇਸ ਨਾਲ ਨਜਿੱਠਣ ਲਈ ਜੇ ਅਸੀਂ ਇੱਛਾ ਸ਼ਕਤੀ ਦੇ ਨਾਲ ਹੀ ਸ਼ਬਦਾਂ ਦੀ ਤਾਕਤ ਵੱਲ ਵੀ ਗ਼ੌਰ ਕਰੀਏ ਤਾਂ ਗੱਲ ਬਣ ਸਕਦੀ ਹੈ। ਵਾਰ-ਵਾਰ ਸੰਕਲਪਾਂ ਸਬੰਧੀ ਨਿਰਾਸ਼ਾ ਦੇ ਭਾਵ ਤੋਂ ਪੀੜਤ ਲੋਕ ਅਕਸਰ ਕਠੋਰ ਰਣਨੀਤੀ ਅਪਣਾ ਲੈਂਦੇ ਹਨ।

ਇਸ ਕਾਰਨ ਉਹ ਖ਼ੁਦ ਦੇ ਦੁਸ਼ਮਣ ਬਣ ਜਾਂਦੇ ਹਨ। ਇਹ ਆਪੇ ਬਣੇ ਦੁਸ਼ਮਣ ਸੰਕਲਪਾਂ ਦੀ ਸਿੱਧੀ ਵਿਚ ਰੋੜਾ ਬਣਦੇ ਹਨ। ਅਜਿਹੇ ਵਿਚ ਇਸ ਤਰ੍ਹਾਂ ਦੇ ਹਾਲਾਤ ਤੋਂ ਬਚਣ ਲਈ ਇਸ ਸਾਲ ਸਖ਼ਤ ਬਣਨ ਦੀ ਥਾਂ ਸ਼ਬਦਾਂ ਦਾ ਇਸਤੇਮਾਲ ਲਚਕੀਲਾ ਬਣਾਉਣਾ ਸਿੱਖੋ। ਯਾਦ ਰੱਖੋ ਕਿ ਹਾਂ-ਪੱਖੀ ਅਤੇ ਰਚਨਾਤਮਿਕ ਨੀਤੀ ਹਰ ਉਲਟ ਹਾਲਾਤ ਨੂੰ ਸਹਿਜ ਬਣਾ ਕੇ ਸਾਡੀ ਰਾਹ ਆਸਾਨ ਬਣਾ ਦਿੰਦੀ ਹੈ।

ਇਹ ਬੇਹੱਦ ਕਾਰਗਰ ਨੀਤੀ ਹੈ। ਹਾਂ-ਪੱਖੀ ਸ਼ਬਦਾਂ ਦੀ ਤਾਕਤ ਨੂੰ ਅੱਜ ਵਿਸ਼ਵ ਦੇ ਕੋਨੇ-ਕੋਨੇ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ। ਹਾਂ-ਪੱਖੀ ਸੋਚ ਦੀ ਰਣਨੀਤੀ ਵਿਚ ਜੇ ਲਚਕੀਲੇ ਸ਼ਬਦ ਸ਼ੁਮਾਰ ਕਰ ਦਿੱਤੇ ਜਾਣ ਤਾਂ ਫਿਰ ਲੋਹਾ ਵੀ ਟੁੱਟ ਜਾਂਦਾ ਹੈ। ਕੋਈ ਕੁਦਰਤੀ ਜਾਂ ਮਨੁੱਖੀ ਆਫ਼ਤ ਵੀ ਅਜਿਹੇ ਵਿਅਕਤੀ ਨੂੰ ਤੋੜ ਨਹੀਂ ਸਕਦੀ।

ਇਸ ਲਈ ਆਪਣੇ ਸ਼ਬਦਾਂ ’ਤੇ ਗ਼ੌਰ ਕਰੋ ਅਤੇ ਉਨ੍ਹਾਂ ਨੂੰ ਬਦਲਣ ਦਾ ਯਤਨ ਕਰੋ। ਜੇ ਲੋਕ ਤੁਹਾਡੇ ਸ਼ਬਦਾਂ ਤੋਂ ਨਾਰਾਜ਼ ਹੋ ਜਾਂਦੇ ਹਨ, ਤੁਹਾਡੇ ਕੰਮ ਵਿਗੜ ਜਾਂਦੇ ਹਨ ਤਾਂ ਤੁਰੰਤ ਲਚਕੀਲੇ ਸ਼ਬਦਾਂ ਨੂੰ ਆਪਣੇ ਜੀਵਨ ਵਿਚ ਲਿਆਉਣ ਦਾ ਯਤਨ ਕਰੋ। ਵਿਰੋਧ ਦੀ ਥਾਂ ਖੁੱਲ੍ਹੇ ਦਿਮਾਗ਼ ਵਾਲਾ ਬਣਨ ਦਾ ਯਤਨ ਕਰੋ।

ਅਕਸਰ ਅਸੀਂ ਦੇਖਦੇ ਹਾਂ ਕਿ ਅਨੇਕ ਵਿਵਾਦ ਕੇਵਲ ਸ਼ਬਦਾਂ ਦੇ ਹੇਰ-ਫੇਰ ਤੋਂ ਉਪਜਦੇ ਹਨ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਤਮਾਮ ਵਿਵਾਦਾਂ ਦਾ ਅੰਤ ਵੀ ਸਿਰਫ਼ ਸਮਝਦਾਰੀ ਭਰੇ ਸ਼ਬਦਾਂ ਦੀ ਚੋਣ ਕਰ ਕੇ ਹੀ ਕੀਤਾ ਜਾ ਸਕਦਾ ਹੈ। ਸਮਝਦਾਰੀ ਭਰੇ ਕੁਝ ਸ਼ਬਦ ਆਪਣੇ ਸਾਹਮਣੇ ਰੱਖੋ। ਨਵੇਂ ਸਾਲ ਵਿਚ ਉਨ੍ਹਾਂ ਦੀ ਵਰਤੋਂ ਕਰਨ ਦੀ ਆਦਤ ਪਾਓ।

ਹੌਲੀ-ਹੌਲੀ ਇਹ ਨਵੇਂ ਸ਼ਬਦ ਕੁਝ ਹੀ ਸਮੇਂ ਵਿਚ ਤੁਹਾਡੀ ਕਿਸਮਤ ਅਤੇ ਸ਼ਖ਼ਸੀਅਤ ਨੂੰ ਬਦਲ ਦੇਣਗੇ ਅਤੇ ਤੁਸੀਂ ਚਮਤਕਾਰੀ ਸ਼ਖ਼ਸੀਅਤ ਬਣ ਕੇ ਉੱਭਰੋਗੇ। ਤਾਂ ਫਿਰ ਕਿਉਂ ਨਾ ਅੱਜ ਤੋਂ ਹੀ ਹਾਂ-ਪੱਖੀ ਤੇ ਲਚਕੀਲੇ ਸ਼ਬਦਾਂ ਦੀ ਵਰਤੋਂ ਸ਼ੁਰੂ ਕੀਤੀ ਜਾਵੇ ਤਾਂ ਜੋ ਨਵੇਂ ਸਾਲ ਦੇ ਸ਼ੁਰੂ ਤੋਂ ਹੀ ਇਹ ਸ਼ਬਦ ਤੁਹਾਡੀ ਦਿਸ਼ਾ ਨੂੰ ਸਹੀ ਰਾਹ ’ਤੇ ਲੈ ਕੇ ਜਾਣ ਅਤੇ ਤੁਹਾਨੂੰ ਸ਼ੁਰੂ ’ਚ ਹੀ ਸਫਲਤਾ ਵੱਲ ਵਧਾਉਣ।

-ਰੇਨੂੰ ਸੈਣੀ।

Posted By: Jagjit Singh