ਮਨੁੱਖੀ ਜੀਵਨ ਵਿਚ ਭਰੋਸੇ ਦਾ ਖ਼ਾਸ ਮਹੱਤਵ ਹੈ। ਭਰੋਸਾ ਮਨੁੱਖੀ ਰਿਸ਼ਤਿਆਂ ਨੂੰ ਜੋੜ ਕੇ ਰੱਖਦਾ ਹੈ। ਉਨ੍ਹਾਂ ਨੂੰ ਗੂੜ੍ਹਾ ਬਣਾਉਂਦਾ ਹੈ। ਪਰਸਪਰ ਯਕੀਨ ਦਾ ਸੰਚਾਰ ਕਰਦਾ ਹੈ। ਮਨੁੱਖੀ ਰਿਸ਼ਤਿਆਂ ਦੀ ਬੁਨਿਆਦ ਹੀ ਭਰੋਸੇ ’ਤੇ ਟਿਕੀ ਹੁੰਦੀ ਹੈ ਪਰ ਵਿਅਕਤੀ ਲਈ ਖ਼ੁਦ ’ਤੇ ਭਰੋਸਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਆਦਰਸ਼ ਸ਼ਖ਼ਸੀਅਤ ਦਾ ਨਿਰਮਾਣ ਮਨੁੱਖ ਦੀਆਂ ਆਪਣੀਆਂ ਸਮਰੱਥਾਵਾਂ ’ਤੇ ਭਰੋਸੇ ਨਾਲ ਹੀ ਹੁੰਦਾ ਹੈ। ਖ਼ੁਦ ’ਤੇ ਭਰੋਸਾ ਕਰ ਕੇ ਹੀ ਪ੍ਰਾਣੀ ਜਗਤ ਸਫਲਤਾ ਦੇ ਨਵੇਂ ਦਿਸਹੱਦਿਆਂ ’ਤੇ ਪੁੱਜ ਸਕਦਾ ਹੈ। ਜੀਵਨ ਦੇ ਹਰੇਕ ਇਮਤਿਹਾਨ ਵਿਚ ਅਸੀਂ ਭਰੋਸੇ ਦੀ ਇਸੇ ਪੂੰਜੀ ਨਾਲ ਸਫਲਤਾ ਦਾ ਪਰਚਮ ਲਹਿਰਾਉਣ ਵਿਚ ਕਾਮਯਾਬ ਹੁੰਦੇ ਹਾਂ। ਜੇਕਰ ਸਾਨੂੰ ਖ਼ੁਦ ’ਤੇ ਭਰੋਸਾ ਨਹੀਂ ਹੋਵੇਗਾ ਤਾਂ ਜੀਵਨ ਵਿਚ ਕਿਸੇ ਵੀ ਕੰਮ ਨੂੰ ਕਰਨ ਵਿਚ ਸਦਾ ਸੰਸ਼ਾ ਬਣਿਆ ਰਹੇਗਾ। ਅਜਿਹੇ ਵਿਚ ਭਲਾ ਦੂਜੇ ਕਿਵੇਂ ਸਾਡੇ ’ਤੇ ਯਕੀਨ ਕਰ ਸਕਣਗੇ। ਅਸਲ ਵਿਚ ਭਰੋਸੇ ਤੋਂ ਉਪਜਿਆ ਯਕੀਨ ਹੀ ਮਨੁੱਖੀ ਰਿਸ਼ਤਿਆਂ ਦੀ ਚਮਕ ਵਧਾਉਂਦਾ ਹੈ। ਇਸ ਭਰੋਸੇ ਦੇ ਢਹਿ-ਢੇਰੀ ਹੋਣ ਤੋਂ ਬਾਅਦ ਹੀ ਮਨੁੱਖੀ ਰਿਸ਼ਤਿਆਂ ਵਿਚ ਪਾਟੋਧਾੜ ਆਰੰਭ ਹੁੰਦੀ ਹੈ। ਇਹ ਵੀ ਓਨਾ ਹੀ ਸੱਚ ਹੈ ਕਿ ਭਰੋਸੇ ਦਾ ਭਾਵ ਬਣਾਉਣਾ ਜਿੰਨਾ ਮੁਸ਼ਕਲ ਹੈ, ਉਸ ਤੋਂ ਕਿਤੇ ਜ਼ਿਆਦਾ ਔਖਾ ਹੈ ਉਸ ਨੂੰ ਬਣਾਈ ਰੱਖਣਾ। ਇਸ ਦਾ ਕਾਰਨ ਹੈ ਆਪਣੇ ਹਿੱਤਾਂ ਮੁਤਾਬਕ ਮਨੁੱਖ ਦੀ ਬਿਰਤੀ ਵਿਚ ਤਬਦੀਲੀ। ਇਹ ਬੇਹੱਦ ਜ਼ਰੂਰੀ ਹੈ। ਇਨ੍ਹਾਂ ਹਿੱਤਾਂ ਖ਼ਾਤਰ ਮਨੁੱਖ ਕੁਝ ਅਜਿਹਾ ਕਰ ਬੈਠਦਾ ਹੈ ਜਿਸ ਕਾਰਨ ਉਸ ਨਾਲ ਜੁੜੀ ਭਰੋਸੇ ਦੀ ਦੀਵਾਰ ਢਹਿ-ਢੇਰੀ ਹੋਣ ਲੱਗਦੀ ਹੈ। ਇਸ ਨਾਲ ਸਾਹਮਣੇ ਵਾਲੇ ਦਾ ਨਿਰਾਸ਼ ਹੋਣਾ ਵੀ ਸੁਭਾਵਿਕ ਹੈ ਕਿਉਂਕਿ ਉਹ ਦੂਜੇ ਵਿਅਕਤੀ ਤੋਂ ਅਜਿਹੀ ਕੋਈ ਉਮੀਦ ਨਹੀਂ ਕਰਦਾ। ਬੇਸ਼ੱਕ ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ ਪਰ ਇਸ ਵਿਚ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਵਿਚ ਅਜਿਹੀ ਕੋਈ ਨਾਂਹ-ਪੱਖੀ ਤਬਦੀਲੀ ਨਾ ਆ ਜਾਵੇ ਜੋ ਸਾਡੇ ਇਰਦ-ਗਿਰਦ ਭਰੋਸੇ ਦੇ ਊਰਜਾ ਚੱਕਰ ਨੂੰ ਕਮਜ਼ੋਰ ਕਰੇ। ਜਿਵੇਂ ਧਾਗਾ ਟੁੱਟਣ ਤੋਂ ਬਾਅਦ ਮੁੜ ਜੋੜਨ ’ਤੇ ਉਸ ਵਿਚ ਗੰਢ ਪੈ ਜਾਂਦੀ ਹੈ, ਇਹੀ ਗੱਲ ਭਰੋਸੇ ਦੀ ਕਮੀ ਕਾਰਨ ਵਿਗੜੇ ਰਿਸ਼ਤਿਆਂ ’ਤੇ ਵੀ ਸਟੀਕ ਬੈਠਦੀ ਹੈ। ਇਕ ਵਾਰ ਭਰੋਸਾ ਟੁੱਟਦਾ ਹੈ ਤਾਂ ਫਿਰ ਆਪਣੇ ਵੀ ਪਰਾਏ ਲੱਗਣ ਲੱਗਦੇ ਹਨ। ਅਸਲ ਵਿਚ ਭਰੋਸਾ ਹੀ ਇਕ ਅਜਿਹੀ ਚੁੰਬਕ ਹੈ ਜੋ ਪਰਿਵਾਰ, ਸਮਾਜ ਅਤੇ ਸਮੁੱਚੇ ਦੇਸ਼ ਨੂੰ ਇਕਜੁੱਟ ਰੱਖਣ ਵਿਚ ਸਮਰੱਥ ਹੈ।

-ਕੁੰਦਨ ਕੁਮਾਰ

Posted By: Jatinder Singh