ਜੇਕਰ ਕਿਸੇ ਤੋਂ ਪੁੱਛਿਆ ਜਾਵੇ ਕਿ ਸਭ ਤੋਂ ਵੱਡੀ ਤਾਕਤ ਕਿਸ ਵਿਚ ਹੈ ਤਾਂ ਜ਼ਿਆਦਾਤਰ ਲੋਕਾਂ ਦਾ ਜਵਾਬ ਹੋਵੇਗਾ ਕਿ ਸਭ ਤੋਂ ਵੱਡੀ ਤਾਕਤ ਧਨ ਵਿਚ ਹੈ। ਕੁਝ ਦਾ ਜਵਾਬ ਹੋ ਸਕਦਾ ਹੈ ਕਿ ਸਭ ਤੋਂ ਵੱਡੀ ਤਾਕਤ ਅਸਤਰ-ਸ਼ਸਤਰਾਂ ਵਿਚ ਹੈ। ਓਥੇ ਹੀ ਤਮਾਮ ਹੋਰ ਲੋਕਾਂ ਦਾ ਉੱਤਰ ਕੁਝ ਹੋਰ ਹੋ ਸਕਦਾ ਹੈ। ਧਨ ਜਿੱਥੇ ਵੰਨ-ਸੁਵੰਨਤਾ ਅਤੇ ਅਸੰਤੁਸ਼ਟੀ ਨੂੰ ਜਨਮ ਦਿੰਦਾ ਹੈ, ਓਥੇ ਹੀ ਅਸਤਰ-ਸ਼ਸਤਰ ਤਬਾਹੀ ਦਾ ਕਾਰਨ ਬਣਦੇ ਹਨ।

ਉਨ੍ਹਾਂ ਦੇ ਇਸਤੇਮਾਲ ਨਾਲ ਦੁਨੀਆ ਪਲ ਭਰ ਵਿਚ ਤਬਾਹ ਹੋ ਸਕਦੀ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਨਾ ਤਾਂ ਕਦੇ ਧਨ ਹੋ ਸਕਦੀ ਹੈ ਅਤੇ ਨਾ ਹੀ ਤਬਾਹਕੁੰਨ ਹਥਿਆਰਾਂ ਵਿਚ। ਅਸਲ ਵਿਚ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਸਿਰਜਣਸ਼ੀਲਤਾ ਦੇ ਮੁੱਖ ਤੋਂ ਉਪਜੀ ਸ਼ਾਂਤੀ ਵਿਚ ਹੁੰਦੀ ਹੈ।

ਸ਼ਾਂਤੀ ਦੀ ਇਸ ਸ਼ਕਤੀ ਦਾ ਆਭਾਸ ਸਾਡੇ ਪ੍ਰਾਚੀਨ ਰਿਸ਼ੀਆਂ-ਮੁਨੀਆਂ ਨੂੰ ਸੀ, ਤਦੇ ਉਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਇਕੱਠਿਆਂ ਹੀ ਇਸ ਬਾਰੇ ਆਵਾਜ਼ ਚੁੱਕੀ ਸੀ-ਆਕਾਸ਼ ਵਿਚ ਸ਼ਾਂਤੀ ਹੋਵੇ, ਪੁਲਾੜ ਵਿਚ ਸ਼ਾਂਤੀ ਹੋਵੇ, ਪ੍ਰਿਥਵੀ 'ਤੇ ਸ਼ਾਂਤੀ ਹੋਵੇ, ਪਾਣੀ ਵਿਚ ਸ਼ਾਂਤੀ ਹੋਵੇ, ਔਸ਼ਧੀਆਂ ਤੇ ਵਨਸਪਤੀਆਂ 'ਚ ਸ਼ਾਂਤੀ ਹੋਵੇ, ਸਭ ਪਾਸੇ ਸ਼ਾਂਤੀ ਹੋਵੇ। ਇੰਨਾ ਹੀ ਨਹੀਂ, ਉਨ੍ਹਾਂ ਨੇ ਸ਼ਾਂਤੀ 'ਚ ਵੀ ਸ਼ਾਂਤੀ ਹੋਵੇ, ਇਹ ਕਹਿ ਕੇ ਸਾਰਿਆਂ ਨੂੰ ਸ਼ਾਂਤੀ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ ਸੀ। ਉਨ੍ਹਾਂ ਨੇ ਇਸ ਮੰਤਰ 'ਚ ਕੇਵਲ ਪ੍ਰਿਥਵੀ 'ਤੇ ਸ਼ਾਂਤੀ ਦੀ ਗੱਲ ਨਹੀਂ ਕੀਤੀ ਸਗੋਂ ਸ਼ਾਂਤੀ ਦੀ ਗੱਲ ਕਹੀ ਕਿਉਂਕਿ ਇਸ ਬ੍ਰਹਿਮੰਡ ਵਿਚ ਕਿਤੇ ਥੋੜ੍ਹੀ ਜਿਹੀ ਵੀ ਅਸ਼ਾਂਤੀ ਇਸ ਜਗਤ ਲਈ ਖ਼ਤਰਾ ਬਣ ਸਕਦੀ ਹੈ। ਦੁਨੀਆ ਨੇ ਦੋ ਵਿਸ਼ਵ ਯੁੱਧ ਦੇਖੇ ਹਨ।

ਉਦੋਂ ਤੋਂ ਲੈ ਕੇ ਅੱਜ ਤਕ ਗੰਗਾ-ਜਮੁਨਾ 'ਚ ਬਹੁਤ ਪਾਣੀ ਵਗ ਚੁੱਕਾ ਹੈ। ਦੁਨੀਆ ਨੇ ਅਦੁੱਤੀ ਤਰੱਕੀ ਵੀ ਕੀਤੀ ਹੈ ਪਰ ਸ਼ਾਂਤੀ ਦੇ ਬਿਨਾਂ ਇਹ ਤਰੱਕੀ ਫ਼ਜ਼ੂਲ ਹੈ। ਇਹੀ ਕਾਫ਼ੀ ਹੈ ਸ਼ਾਂਤੀ ਦੀ ਤਾਕਤ ਨੂੰ ਸਮਝਣ ਲਈ। ਦੁਨੀਆ 'ਚ ਸ਼ਾਂਤੀ ਸਥਾਪਨਾ ਸਬੰਧੀ ਅੱਜ ਵੀ ਭਾਰਤ ਵਿਸ਼ਵ ਗੁਰੂ ਦੀ ਭੂਮਿਕਾ ਨਿਭਾ ਸਕਦਾ ਹੈ। ਕਦੇ 'ਵਸੂਧੈਵ ਕੁਟੁੰਬਕਮ' ਅਤੇ 'ਸਰਵੇ ਭਵੰਤੁ ਸੁਖਿਨ:' ਦਾ ਸੰਦੇਸ਼ ਭਾਰਤ ਦੀ ਧਰਤੀ ਤੋਂ ਗੂੰਜਿਆ ਸੀ। ਦੁਨੀਆ ਚਾਹੇ ਤਾਂ ਅੱਜ ਵੀ ਉਸ ਦੇ ਸੁਰ ਸੁਣ ਸਕਦੀ ਹੈ। ਇਸ ਨਾਲ ਵਿਸ਼ਵ ਕਲਿਆਣ ਹੋ ਸਕਦਾ ਹੈ। ਨਹੀਂ ਤਾਂ ਹੁਣ ਜੇਕਰ ਮੁੜ ਕੋਈ ਵਿਸ਼ਵ ਜੰਗ ਹੋਈ ਤਾਂ ਉਹ ਅਤਿਅੰਤ ਭਿਆਨਕ ਹੋਵੇਗੀ। ਇਸ ਲਈ ਦੁਨੀਆ ਨੂੰ ਸ਼ਾਂਤੀ ਦੀ ਤਾਕਤ ਨੂੰ ਪਛਾਣਨਾ ਹੀ ਹੋਵੇਗਾ।

-ਡਾ. ਸੱਤਿਆ ਪ੍ਰਕਾਸ਼ ਮਿਸ਼ਰ।

Posted By: Sunil Thapa