ਪਿਆਰ ਭਾਵੇਂ ਛੋਟਾ ਜਿਹਾ ਲਫ਼ਜ਼ ਹੈ ਪਰ ਇਸ ਦੀ ਵਿਆਪਕਤਾ ਬੇਹੱਦ ਵਿਸ਼ਾਲ ਹੈ। ਕਹਿੰਦੇ ਹਨ ਕਿ ਪ੍ਰੇਮ ਦੀ ਸ਼ਕਤੀ ਨਾਲ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਪ੍ਰੇਮ ਸਾਰੇ ਸੱਚਾਂ ਨੂੰ ਖ਼ੁਦ ਵਿਚ ਸਮਾਈ ਬੈਠਾ ਹੈ। ਪ੍ਰੇਮ ਦਾ ਅਹਿਸਾਸ ਇੰਨਾ ਗੂੜ੍ਹਾ ਹੁੰਦਾ ਹੈ ਜਿਸ ਵਿਚ ਵਿਅਕਤੀ ਆਪਣੀ ਹੋਂਦ ਨੂੰ ਹੀ ਭੁੱਲ ਜਾਂਦਾ ਹੈ। ਮਨੁੱਖ ਪ੍ਰੇਮ ਵਿਚ ਖ਼ੁਦ ਨੂੰ ਗੁਆ ਕੇ ਵੀ ਬਹੁਤ ਕੁਝ ਹਾਸਲ ਕਰਦਾ ਹੈ।

ਪ੍ਰੇਮ ਰਾਹੀਂ ਜ਼ਿੰਦਗੀ 'ਚ ਕਈ ਨਵੇਂ ਰਾਹ ਖੁੱਲ੍ਹਦੇ ਹਨ। ਪਰਮਾਤਮਾ ਨੂੰ ਪਾਉਣਾ ਜਾਂ ਉਸ ਦਾ ਅਹਿਸਾਸ ਕਰਨਾ ਇਸ 'ਤੇ ਨਿਰਭਰ ਕਰਦਾ ਹੈ ਕਿ ਦਿਮਾਗ਼ 'ਚ ਪ੍ਰੇਮ ਤੋਂ ਇਲਾਵਾ ਕੁਝ ਵੀ ਨਾ ਹੋਵੇ। ਪ੍ਰੇਮ ਦੀ ਹਕੀਕੀ ਹਾਲਤ ਵਿਚ ਪੁੱਜਣਾ ਦਿਮਾਗ਼ ਵਿਚ ਪੂਰਨ ਸਿਫ਼ਰ ਹੋਣ ਦੀ ਹਾਲਤ ਨੂੰ ਪ੍ਰਗਟ ਕਰਦਾ ਹੈ। ਜਦ ਇਹ ਹਾਲਤ ਬਣ ਜਾਂਦੀ ਹੈ ਉਦੋਂ ਪਰਮਾਤਮਾ ਦੀ ਹਕੀਕਤ ਉਸ ਦੇ ਅਨੰਤ ਰੂਪਾਂ ਵਿਚ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ।

ਇਹ ਸੱਚ ਹੈ ਕਿ ਜਿੱਥੇ ਖ਼ੁਦ ਨੂੰ ਗੁਆ ਦਿੱਤਾ ਜਾਂਦਾ ਹੈ, ਉੱਥੇ ਪਰਮਾਤਮਾ ਦੀ ਸ਼ਕਤੀ ਦਾ ਨਾ ਸਿਰਫ਼ ਪ੍ਰਕਾਸ਼ ਦਿਖਾਈ ਦੇਣ ਲੱਗਦਾ ਹੈ ਸਗੋਂ ਉਸ ਦੀਆਂ ਵੱਖ-ਵੱਖ ਮਧੁਰ ਧੁਨਾਂ ਵੀ ਸੁਣਾਈ ਦੇਣ ਲੱਗਦੀਆਂ ਹਨ ,ਜਿਸ ਕਾਰਨ ਉਸ ਦੇ ਅਨੰਤ ਸੁਰ ਸਾਡੀ ਹੋਂਦ ਨੂੰ ਘੇਰ ਲੈਂਦੇ ਹਨ ਤੇ ਅਸੀਂ ਸਭ ਕੁਝ ਭੁੱਲ ਕੇ ਅਥਾਹ ਪ੍ਰੇਮ ਵਿਚ ਡੁੱਬ ਜਾਂਦੇ ਹਾਂ। ਜਿਵੇਂ ਪ੍ਰੇਮ ਦਾ ਸਬੰਧ ਸੱਚ ਨਾਲ ਹੈ ਤੇ ਸੱਚ ਦਾ ਸਬੰਧ ਸਮਝ ਨਾਲ ਹੈ, ਉਵੇਂ ਹੀ ਸਮਝ ਦਾ ਸਬੰਧ ਮੌਨ ਨਾਲ ਹੁੰਦਾ ਹੈ। ਸਮਝ ਜਿੰਨੀ ਗਹਿਰੀ ਹੁੰਦੀ ਹੈ, ਮੌਨ ਓਨਾ ਹੀ ਡੂੰਘਾ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਵਿਅਕਤੀ ਬੋਲਣਾ ਪਸੰਦ ਨਹੀਂ ਕਰਦਾ।

ਹਾਲਾਂਕਿ ਬੋਲਦੇ ਸਮੇਂ ਇਹ ਗੱਲ ਵਾਰ-ਵਾਰ ਦਿਮਾਗ਼ 'ਚ ਆਉਂਦੀ ਹੈ ਕਿ ਜੋ ਕੁਝ ਹਾਸਲ ਕੀਤਾ ਹੈ, ਉਸ ਦਾ ਵਿਆਖਿਆਨ ਨਾ ਕੀਤਾ ਜਾਵੇ ਕਿਉਂਕਿ ਹਾਸਲ ਕਰਨ ਲਈ ਬਾਕੀ ਕੁਝ ਨਹੀਂ ਰਹਿ ਗਿਆ ਹੈ। ਉਹ ਤਾਂ ਪ੍ਰੇਮ ਦੀ ਸਿਫ਼ਰ 'ਚ ਜਾ ਕੇ ਲੀਨ ਹੋ ਚੁੱਕਾ ਹੈ। ਲੀਨ ਇਸ ਲਈ ਹੋ ਚੁੱਕਾ ਹੈ ਕਿਉਂਕਿ ਇਸ ਸਿਫ਼ਰ ਵਿਚ ਹੁਣ ਕਿਸੇ ਹੋਰ ਦਾ ਪ੍ਰਵੇਸ਼ ਹੋ ਚੁੱਕਾ ਹੈ। ਇਸ ਹਾਲਤ ਨੂੰ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ। ਪ੍ਰੇਮ ਵਿਚ ਸਿਫ਼ਰ ਦਾ ਉਹੀ ਮਹੱਤਵ ਹੈ , ਜੋ ਗਣਿਤ ਦੇ ਸਿਫ਼ਰ ਦਾ ਹੁੰਦਾ ਹੈ। ਗਣਿਤ ਦੀ ਸਿਫ਼ਰ ਜਿਸ ਸੰਖਿਆ ਦੇ ਅੱਗੇ ਰੱਖ ਦਿੱਤੀ ਜਾਂਦੀ ਹੈ, ਉਹ ਆਪਣੀ ਮੂਲ ਸੰਖਿਆ ਤੋਂ ਕਈ ਗੁਣਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਜਦ ਅਸੀਂ ਆਪਣੀ ਖ਼ੁਦ ਦੀ ਸ਼ਕਤੀ 'ਚ ਪ੍ਰੇਮ ਦੀ ਸ਼ਕਤੀ ਦੇ ਸਿਫ਼ਰ ਵਧਾਉਂਦੇ ਹਾਂ ਤਾਂ ਇਹ ਸ਼ਕਤੀ ਅਨੰਤ ਗੁਣਾ ਵੱਧ ਜਾਂਦੀ ਹੈ।

-ਵੀਕੇ ਜਾਇਸਵਾਲ।

Posted By: Sunil Thapa