ਮਨੁੱਖ ਦੇ ਤਮਾਮ ਗੁਣਾਂ ਵਿਚ ਸਬਰ-ਸੰਤੋਖ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਖ਼ਾਸ ਤੌਰ 'ਤੇ ਸੰਕਟ ਦੇ ਸਮੇਂ ਇਹ ਬਹੁਤ ਫ਼ਾਇਦੇਮੰਦ ਸਿੱਧ ਹੁੰਦਾ ਹੈ। ਜੀਵਨ ਵਿਚ ਅਕਸਰ ਅਣ-ਕਿਆਸੀਆਂ ਦੁਸ਼ਵਾਰੀਆਂ ਆਉਂਦੀਆਂ ਹਨ ਜਿਨ੍ਹਾਂ ਕਾਰਨ ਮਨ ਦੁਖੀ ਹੋਣ ਲੱਗਦਾ ਹੈ। ਇਸ ਵਿਚ ਸਬਰ ਹੀ ਇਕ ਅਜਿਹਾ ਹਥਿਆਰ ਹੁੰਦਾ ਹੈ ਜੋ ਉਮੀਦਾਂ ਅਤੇ ਸੰਕਲਪਾਂ ਨੂੰ ਮਨ ਵਿਚ ਦ੍ਰਿੜ੍ਹਤਾ ਨਾਲ ਪਰੋਈ ਰੱਖਦਾ ਹੈ। ਸਬਰ-ਸੰਤੋਖ ਵਿਅਕਤੀ ਵਿਚ ਆਪਣੇ ਟੀਚੇ ਪ੍ਰਤੀ ਸੰਕਲਪ ਦੀ ਭਾਵਨਾ ਜਿਊਂਦੀ ਰੱਖਦਾ ਹੈ ਜੋ ਸਫਲਤਾ ਲਈ ਬਹੁਤ ਜ਼ਰੂਰੀ ਹੁੰਦੀ ਹੈ। ਸੰਕਲਪ ਵਾਲੇ ਵਿਅਕਤੀ ਆਪਣੇ ਟੀਚੇ ਤੋਂ ਕਦੇ ਪਿੱਛੇ ਨਹੀਂ ਹਟਦੇ। ਉਹ ਵੱਖ-ਵੱਖ ਦਿਸ਼ਾਵਾਂ ਵਿਚ ਵੀ ਆਪਣੀ ਮਨੋਦਸ਼ਾ ਨੂੰ ਟੀਚੇ ਵੱਲ ਹੀ ਕੇਂਦਰਿਤ ਰੱਖਦੇ ਹਨ। ਸੰਕਲਪ ਦਾ ਭਾਵ ਵਿਅਕਤੀ ਵਿਚ ਆਤਮ-ਵਿਸ਼ਵਾਸ ਜਗਾਈ ਰੱਖਣਾ ਹੈ ਪਰ ਇਸ ਦਾ ਤਕੜਾ ਸਰੋਤ ਸਬਰ ਨੂੰ ਹੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਸਬਰ ਤੇ ਸੰਕਲਪ ਦੋਵੇਂ ਇਕ-ਦੂਜੇ ਦੇ ਪੂਰਕ ਹਨ ਜੋ ਮਨੁੱਖ ਦੇ ਅੰਦਰ ਆਤਮ-ਵਿਸ਼ਵਾਸ ਜਗਾਉਂਦੇ ਹਨ ਜਿਸ ਕਾਰਨ ਵਿਅਕਤੀ ਸਮਰਪਣ ਭਾਵ ਨਾਲ ਆਪਣੀ ਤਮਾਮ ਊਰਜਾ ਨੂੰ ਟੀਚੇ ਦੀ ਪ੍ਰਾਪਤੀ ਲਈ ਇਸਤੇਮਾਲ ਕਰਦਾ ਹੈ। ਸਬਰ ਵਿਅਕਤੀ ਵਿਚ ਬਹੁਤ ਜ਼ਿਆਦਾ ਖ਼ਾਹਿਸ਼ਾਂ ਨੂੰ ਵੀ ਘੱਟ ਕਰਦਾ ਹੈ ਜਿਸ ਕਾਰਨ ਵਿਅਕਤੀ ਰਾਹ ਭਟਕਣ ਤੋਂ ਬਚਿਆ ਰਹਿੰਦਾ ਹੈ। ਬਹੁਤ ਜ਼ਿਆਦਾ ਖ਼ਾਹਿਸ਼ਾਂ ਦੀ ਹਾਲਤ ਵਿਚ ਵਿਅਕਤੀ ਆਮ ਤੌਰ 'ਤੇ ਆਪਣੀਆਂ ਹੱਦਾਂ ਲੰਘ ਜਾਂਦਾ ਹੈ। ਸਬਰ ਅੰਤਰ-ਆਤਮਾ ਵਿਚ ਭਰੋਸਾ ਬਣਾਈ ਰੱਖਦਾ ਹੈ ਜੋ ਮਨ ਨੂੰ ਸਹੀ ਪਾਸੇ ਲਾਉਣ ਦਾ ਕੰਮ ਕਰਦਾ ਹੈ ਜਿਸ ਕਾਰਨ ਧਿਆਨ ਕੇਂਦਰਿਤ ਕਰਨ ਵਿਚ ਮਦਦ ਮਿਲਦੀ ਹੈ। ਇਸ ਦੁਆਰਾ ਮਨ ਵਿਚ ਉੱਠ ਰਹੀਆਂ ਤੇਜ਼ ਇੱਛਾਵਾਂ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ। ਮਹਾ-ਗਿਆਨੀ ਚਾਣਕਿਆ ਨੇ ਵੀ ਕਿਹਾ ਹੈ ਕਿ 'ਸਬਰ ਹੋਵੇ ਤਾਂ ਦਲਿੱਦਰ ਵੀ ਸ਼ੋਭਾ ਦਿੰਦੇ ਹਨ, ਧੋਤੇ ਹੋਏ ਹੋਣ ਤਾਂ ਫਟੇ ਹੋਏ ਕੱਪੜੇ ਵੀ ਚੰਗੇ ਲੱਗਦੇ ਹਨ। ਘਟੀਆ ਭੋਜਨ ਵੀ ਗਰਮ ਹੋਣ 'ਤੇ ਸਵਾਦਿਸ਼ਟ ਹੁੰਦਾ ਹੈ ਅਤੇ ਸੁੰਦਰ ਸੁਭਾਅ ਕਾਰਨ ਕਰੂਪਤਾ ਵੀ ਸ਼ੋਭਾ ਦਿੰਦੀ ਹੈ।' ਇਹ ਮੰਨੀ ਹੋਈ ਗੱਲ ਹੈ ਕਿ ਸਬਰ-ਸੰਤੋਖ ਸਮਾਜ ਵਿਚ ਵੀ ਸੰਤੁਲਨ ਅਤੇ ਸਥਿਰਤਾ ਦਾ ਭਾਵ ਪੈਦਾ ਕਰਦਾ ਹੈ ਜਿਸ ਕਾਰਨ ਆਪਸੀ ਤਾਲਮੇਲ ਅਤੇ ਸਹਿਯੋਗ ਵਿਚ ਵਾਧਾ ਹੁੰਦਾ ਹੈ ਜੋ ਦੇਸ਼ ਦੀ ਏਕਤਾ ਅਤੇ ਇਕਰੂਪਤਾ ਵਿਚ ਵੀ ਮਦਦਗਾਰ ਹੁੰਦਾ ਹੈ। ਅੱਜ ਜਦ ਸਾਡੇ ਸਾਹਮਣੇ ਕੋਰੋਨਾ ਵਰਗੀ ਆਫ਼ਤ ਨਾਲ ਨਜਿੱਠਣ ਦੀ ਚੁਣੌਤੀ ਹੈ ਤਾਂ ਅਸੀਂ ਸਬਰ-ਸੰਤੋਖ ਸਦਕਾ ਹੀ ਇਸ ਚੁਣੌਤੀ ਨਾਲ ਨਜਿੱਠ ਸਕਦੇ ਹਾਂ।

-ਸ਼ਿਵਾਂਸ਼ੂ ਰਾਏ।

Posted By: Jagjit Singh