ਅਕਸਰ ਦੇਖਿਆ ਜਾਂਦਾ ਹੈ ਕਿ ਜਦ ਸ਼ਰਧਾਲੂ ਕਿਸੇ ਤੀਰਥ ਜਾਂ ਮੰਦਰ ਵਿਚ ਜਾਂਦਾ ਹੈ ਤਾਂ ਈਸ਼ਵਰ ਦੀ ਮੂਰਤੀ ਦੇ ਦਰਸ਼ਨ ਹੋਣ ’ਤੇ ਆਪ-ਮੁਹਾਰੇ ਹੰਝੂਆਂ ਦਾ ਹੜ੍ਹ ਆ ਜਾਂਦਾ ਹੈ। ਅਜਿਹਾ ਆਮ ਤੌਰ ’ਤੇ ਘਰ ਵਿਚ ਪੂਜਾ ਕਰਦੇ ਸਮੇਂ ਵੀ ਹੁੰਦਾ ਹੈ ਜਦ ਪੂਰੀ ਤਰ੍ਹਾਂ ਪਰਮਾਤਮਾ ਦੇ ਅੱਗੇ ਸਮਰਪਣ ਕਰ ਕੇ ਉਸ ਕੋਲ ਆਪਣੀ ਦਾਸਤਾਨ ਬਿਆਨ ਕੀਤੀ ਜਾ ਰਹੀ ਹੁੰਦੀ ਹੈ। ਡੂੰਘੇ ਧਿਆਨ ਦੀ ਅਵਸਥਾ ਵਿਚ ਵੀ ਸਾਧਕ ਦੀਆਂ ਅੱਖਾਂ ਬੰਦ ਰਹਿੰਦੀਆਂ ਹਨ ਅਤੇ ਹੰਝੂ ਵਗਦੇ ਚਲੇ ਜਾਂਦੇ ਹਨ। ਕੀ ਹੰਝੂ ਸਿਰਫ਼ ਪੀੜਾ ਦੇ ਹੀ ਪ੍ਰਤੀਕ ਹੁੰਦੇ ਹਨ? ਸਾਡਾ ਮਨ ਕਸ਼ਟ ਅਤੇ ਆਨੰਦ ਦੋਵਾਂ ਦੇ ਹੀ ਵਹਾਅ ਨੂੰ ਸਹਿਣ ਨਹੀਂ ਕਰ ਸਕਦਾ ਅਤੇ ਹੰਝੂਆਂ ਦਾ ਬੰਨ੍ਹ ਟੁੱਟ ਜਾਂਦਾ ਹੈ। ਪਰ ਜੇ ਆਪਣੇ ਪੂਜਨੀਕ ਦੇ ਸਾਹਮਣੇ ਅਸੀਂ ਸ਼ਰਧਾ ਨਾਲ ਆਪਣਾ ਸਭ ਕੁਝ ਅਰਪਣ ਕਰ ਦਿੰਦੇ ਹਾਂ ਤਾਂ ਅੰਦਰੋਂ ਹੰਕਾਰ ਦਾ ਪੂਰੀ ਤਰ੍ਹਾਂ ਤਿਆਗ ਕਰ ਦਿੰਦੇ ਹਾਂ। ਉਦੋਂ ਮਨ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਦੂਸ਼ਿਤ ਮਨ ਨੂੰ ਸਾਫ਼ ਕਰਨ ਲਈ ਹੰਝੂਆਂ ਦੇ ਜਲ ਤੋਂ ਵਧ ਕੇ ਭਲਾ ਕੀ ਹੋਵੇਗਾ। ਭਾਵੇਂ ਮਹਿਜ਼ ਕੁਝ ਹੀ ਪਲਾਂ ਲਈ ਇਹ ਅਵਸਥਾ ਆਵੇ ਪਰ ਮਨ ਦੀਆਂ ਅੱਖਾਂ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀਆਂ ਹਨ ਅਤੇ ਸਾਨੂੰ ਆਪਣੀ ਨਿਰਦੋਸ਼ ਆਤਮਾ ਦਾ ਅਹਿਸਾਸ ਹੋਣ ਲੱਗਦਾ ਹੈ। ਸਾਨੂੰ ਪਤਾ ਲੱਗਦਾ ਹੈ ਕਿ ਜਿਸ ਪਿਤਾ ਤੋਂ ਅਲੱਗ ਹੋ ਕੇ ਅਸੀਂ ਮਾਇਆ ਵਿਚ ਲਿਪਤ ਹੋ ਕੇ ਖ਼ੁਦ ਨੂੰ ਭੁੱਲ ਗਏ ਹਾਂ, ਉਸ ਪਰਮ-ਪਿਤਾ ਨੇ ਸਾਨੂੰ ਤਾਂ ਕਦੇ ਵਿਸਾਰਿਆ ਹੀ ਨਹੀਂ ਸੀ। ਧਿਆਨ ਵਿਚ, ਪੂਜਾ-ਅਰਚਨਾ ਤੇ ਸਾਧਨਾ ਵਿਚ ਜਦ ਈਸ਼ਵਰ ਦੇ ਦਰਸ਼ਨ ਦੌਰਾਨ ਹੰਝੂਆਂ ਦੇ ਵਹਾਅ ਕਾਰਨ ਆਤਮਾ ਨਿਰਮਲ ਹੋ ਰਹੀ ਹੋਵੇ ਤਦ ਇਸ ਬ੍ਰਹਮ ਜੀਵ ਦੇ ਸਬੰਧ ਨੂੰ ਪੂਰੀ ਦ੍ਰਿੜ੍ਹਤਾ ਨਾਲ ਸਾਂਭਣ ਦਾ ਯਤਨ ਕਰਨਾ ਚਾਹੀਦਾ ਹੈ। ਸਾਡੇ ਸਾਰਿਆਂ ਲਈ ਇਸ ਅਲੋਕਿਕ ਅਨੁਭਵ ਦਾ ਆਨੰਦ ਬਹੁਤ ਦੁਰਲਭ ਹੈ। ਦਰਅਸਲ, ਹਿਰਦੇ ਵਿਚ ਸਥਿਤ ਅਟੁੱਟ ਚੱਕਰ ਦੇ ਖੁੱਲ੍ਹਣ ਨਾਲ ਇਹ ਆਨੰਦ ਪ੍ਰਾਪਤ ਹੁੰਦਾ ਹੈ। ਆਤਮਾ ਦੇਖਦੀ ਹੈ ਕਿ ਉਸ ਦਾ ਅਸਲੀ ਸਰੂਪ ਤਾਂ ਪ੍ਰੇਮ, ਕਰੁਣਾ ਅਤੇ ਭਾਈਚਾਰੇ ਤੋਂ ਬਣਿਆ ਹੋਇਆ ਹੁੰਦਾ ਹੈ। ਨਫ਼ਰਤ, ਕਰੋਧ, ਈਰਖਾ ਅਤੇ ਲਾਲਚ, ਸਭ ਇਸ ਮਨ ਦੇ ਮਾਧਿਅਮ ਨਾਲ ਹੰਝੂਆਂ ਦੀ ਧਾਰ ਦੇ ਰਸਤੇ ਵਗਣ ਲੱਗਦੇ ਹਨ। ਰਾਮਚਰਿਤਮਾਨਸ ਵਿਚ ਜ਼ਿਕਰ ਵੀ ਹੈ-ਨਿਰਮਲ ਮਨ ਜਨ ਸੋ ਮੋਹਿ ਪਾਵਾ...। ਅਰਥਾਤ ਜਿਸ ਨੇ ਇਸ ਨਿਰਮਲਤਾ ਨੂੰ ਹਾਸਲ ਕਰ ਲਿਆ, ਉਸ ਦੇ ਲਈ ਪ੍ਰਭੂ ਦਾ ਮਾਰਗ ਖੁੱਲ੍ਹ ਗਿਆ।

-ਟਵਿੰਕਲ ਤੋਮਰ ਸਿੰਘ।

Posted By: Jagjit Singh