ਵਿਧਾਤਾ ਦੀ ਸ੍ਰਿਸ਼ਟੀ ਹੈਰਾਨਕੁੰਨ ਹੈ। ਇੱਥੇ ਸੁੱਖ ਹੈ ਤਾਂ ਦੁੱਖ ਵੀ, ਲਾਭ ਹੈ ਤਾਂ ਹਾਨੀ ਵੀ। ਜਸ ਹੈ ਤਾਂ ਅਪਮਾਨ ਵੀ ਅਤੇ ਜੀਵਨ ਹੈ ਤਾਂ ਮੌਤ ਵੀ। ਇਸ ਸੰਸਾਰ ਵਿਚ ਸੁੱਖ-ਦੁੱਖ, ਧੁੱਪ-ਛਾਂ ਦੀ ਤਰ੍ਹਾਂ ਹਨ ਜੋ ਸਦਾ ਸਥਾਨ ਬਦਲਦੇ ਰਹਿੰਦੇ ਹਨ। ਸੰਸਾਰ ਵਿਚ ਕੋਈ ਅਜਿਹਾ ਨਹੀਂ ਹੈ ਜੋ ਇਨ੍ਹਾਂ ਤੋਂ ਬਚ ਸਕਿਆ ਹੋਵੇ। ਇਸ ਲਈ ਇਸ ਸੰਸਾਰ ਵਿਚ ਸੁਖੀ ਉਹੀ ਹੈ ਜੋ ਇਨ੍ਹਾਂ ਦੋਵਾਂ ਨੂੰ ਸਹਿਜ ਰੂਪ ਵਿਚ ਲੈਂਦਾ ਹੈ ਅਤੇ ਵਿਧਾਤਾ ਦਾ ਦਿੱਤਾ ਹੋਇਆ ਤੋਹਫ਼ਾ ਮੰਨ ਕੇ ਸਵੀਕਾਰ ਕਰਦਾ ਹੈ। ਗੀਤਾ ਵਿਚ ਤਾਂ ਇਸ ਜਗਤ ਨੂੰ ਦੁੱਖਾਂ ਦਾ ਘਰ ਹੀ ਕਿਹਾ ਗਿਆ ਹੈ। ਇਸ ਲਈ ਇਸ ਨੂੰ ਮਨੁੱਖੀ ਧਰਮ ਮੰਨ ਕੇ ਜੀਵਨ ਜਿਊਣ ਦਾ ਅਭਿਆਸ ਕਰ ਲੈਣਾ ਚਾਹੀਦਾ ਹੈ। ਇਸ ਦੇ ਇਲਾਵਾ ਸੁਖੀ ਰਹਿਣ ਦਾ ਹੋਰ ਕੋਈ ਮਾਰਗ ਵੀ ਨਹੀਂ ਹੈ। ਜੇਕਰ ਦੁੱਖ ਨਾ ਹੋਵੇ ਤਾਂ ਮਨੁੱਖ ਸੁੱਖ ਦਾ ਅਸਲੀ ਆਨੰਦ ਨਹੀਂ ਲੈ ਸਕੇਗਾ।

ਸੱਚਮੁੱਚ ਸੁੱਖ ਦੀ ਹੋਂਦ ਦੁੱਖ 'ਤੇ ਟਿਕੀ ਹੋਈ ਹੈ। ਇਹ ਮਨੁੱਖੀ ਜੀਵਨ ਰਣ-ਭੂਮੀ ਹੈ ਜਿੱਥੇ ਮਨੁੱਖ ਨੂੰ ਸੁੱਖ ਅਤੇ ਦੁੱਖ ਦੋਵਾਂ ਨਾਲ ਹੀ ਲੜਨਾ ਪੈਂਦਾ ਹੈ। ਇਸ ਜੰਗ ਵਿਚ ਅਸੀਂ ਕਈ ਵਾਰ ਹਾਰਨ ਲੱਗਦੇ ਹਾਂ। ਹਤਾਸ਼ ਅਤੇ ਨਿਰਾਸ਼ ਹੋ ਕੇ ਜੀਵਨ ਦੇ ਰਣ ਵਿਚ ਅਰਜਨ ਦੀ ਤਰ੍ਹਾਂ ਹਥਿਆਰ ਸੁੱਟ ਦਿੰਦੇ ਹਾਂ, ਜੋ ਕਰਮਵੀਰ ਦ੍ਰਿੜ੍ਹ ਸੰਕਲਪੀ ਮਨੁੱਖ ਨੂੰ ਸ਼ੋਭਾ ਨਹੀਂ ਦਿੰਦਾ। ਇਹ ਜ਼ਰੂਰੀ ਨਹੀਂ ਕਿ ਹਰ ਵਾਰ ਭਗਵਾਨ ਸ੍ਰੀਕ੍ਰਿਸ਼ਨ ਨਾਲ ਹੋਣ। ਉਨ੍ਹਾਂ ਦਾ ਗਿਆਨ, ਕਰਮ ਅਤੇ ਭਗਤੀ ਦਾ ਸੰਦੇਸ਼ ਦੁੱਖਾਂ ਨਾਲ ਲੜਨ ਵਿਚ ਅੱਜ ਵੀ ਸਾਡਾ ਸਭ ਤੋਂ ਵੱਡਾ ਤੇ ਕਾਰਗਰ ਹਥਿਆਰ ਹੈ।

ਮਨੁੱਖੀ ਜੀਵਨ ਇਕ ਪ੍ਰੀਖਿਆ ਸਥਾਨ ਵੀ ਹੈ ਜਿੱਥੇ ਦੁੱਖ ਅਤੇ ਕਸ਼ਟ ਕਦਮ-ਕਦਮ 'ਤੇ ਸਾਡੀਆਂ ਪ੍ਰੀਖਿਆਵਾਂ ਲੈਂਦੇ ਰਹਿੰਦੇ ਹਨ। ਬਸ ਅਜਿਹੇ ਸਮੇਂ ਸਬਰ ਅਤੇ ਹੌਸਲਾ ਹੀ ਢਾਲ ਬਣ ਕੇ ਮਨੁੱਖ ਦੀ ਰੱਖਿਆ ਕਰ ਸਕਦੇ ਹਨ। ਜੀਵਨ ਵਿਚ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੁੱਖ ਦਾ ਮਾਰਗ ਹਮੇਸ਼ਾ ਦੁੱਖ ਤੋਂ ਹੋ ਕੇ ਗੁਜ਼ਰਦਾ ਹੈ। ਜਿਸ ਨੇ ਦੁੱਖ ਵੀ ਹੱਸ ਕੇ ਸਹਾਰਨਾ ਸਿੱਖ ਲਿਆ, ਉਹੀ ਸੱਚੇ ਸੁੱਖ ਦਾ ਆਨੰਦ ਲੈ ਸਕਦਾ ਹੈ। ਸਰਦੀ-ਗਰਮੀ ਦੀ ਤਰ੍ਹਾਂ ਸੁੱਖ-ਦੁੱਖ ਵਿਚ ਵੀ ਇਕ-ਸਮਾਨ ਵਿਵਹਾਰ ਕਰਨ ਵਾਲਾ ਵਿਅਕਤੀ ਜੀਵਨ ਦੇ ਸੱਚੇ ਸਾਰ ਨੂੰ ਸਮਝਦਾ ਹੈ। ਉਹ ਫ਼ਜ਼ੂਲ ਦੇ ਝੰਜਟਾਂ ਵਿਚ ਨਹੀਂ ਉਲਝਦਾ।

ਉਸ ਦਾ ਧਿਆਨ ਆਪਣੇ ਟੀਚੇ 'ਤੇ ਕੇਂਦ੍ਰਿਤ ਰਹਿੰਦਾ ਹੈ ਜਿਸ ਕਾਰਨ ਸਫਲਤਾ ਉਸ ਦੇ ਪੈਰ ਚੁੰਮਦੀ ਹੈ। ਇਹੀ ਖ਼ੁਸ਼ਹਾਲ ਜ਼ਿੰਦਗੀ ਦੀ ਸੱਚੀ ਪਰਿਭਾਸ਼ਾ ਹੈ। ਇਹੀ ਗੀਤਾ ਦਾ ਸੰਦੇਸ਼ ਹੈ ਅਤੇ ਇਹੀ ਮਨੁੱਖ ਦਾ ਧਰਮ ਵੀ।

-ਡਾ. ਸੱਤਿਆ ਪ੍ਰਕਾਸ਼ ਮਿਸ਼ਰ।

Posted By: Sunil Thapa