ਹਰ ਕਿਸੇ ਵਿਅਕਤੀ ਨੂੰ ਕਦੇ ਨਾ ਕਦੇ ਆਪਣੇ ਕੀਤੇ ’ਤੇ ਪਛਤਾਵਾ ਅਰਥਾਤ ਅਫ਼ਸੋਸ ਜ਼ਰੂਰ ਹੁੰਦਾ ਹੈ। ਇਹ ਆਮ ਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਅਤੀਤ ਵਿਚ ਸਾਡੇ ਕਿਸੇ ਫ਼ੈਸਲੇ ਦਾ ਬੁਰਾ ਨਤੀਜਾ ਨਿਕਲਦਾ ਹੈ ਜਾਂ ਉਸ ਤੋਂ ਕਿਸੇ ਦਾ ਬੁਰਾ ਹੋਇਆ ਹੋਵੇ। ਇਸ ਤਰ੍ਹਾਂ ਪਛਤਾਵਾ ਇਕ ਖ਼ਰਾਬ ਫ਼ੈਸਲੇ ਦੀ ਭਾਵਨਾਤਮਕ ਪ੍ਰਤੀਕਿਰਿਆ ਹੁੰਦੀ ਹੈ। ਸਹੀ ਕਰੀਅਰ ਨਾ ਚੁਣਨਾ, ਅਸਫਲਤਾ, ਪਸੰਦ ਮੁਤਾਬਕ ਵਿਆਹ ਨਾ ਕਰ ਸਕਣਾ ਆਦਿ ਕਈ ਕਾਰਨਾਂ ਕਰ ਕੇ ਲੋਕ ਜੀਵਨ ਅਫ਼ਸੋਸ ’ਚ ਗੁਜ਼ਰ ਦਿੰਦੇ ਹਨ। ਅਸਲ ਵਿਚ ਚਿੰਤਾ ਅਤੇ ਪਛਤਾਵਾ ਦੋਵੇਂ ਮਨੁੱਖ ਦੇ ਜੀਵਨ ਵਿਚ ਵਿਹੁ ਦੇ ਸਮਾਨ ਹਨ। ਫ਼ਰਕ ਸਿਰਫ਼ ਇਹੀ ਹੈ ਕਿ ਪਛਤਾਵਾ ਅਤੀਤ ਨੂੰ ਲੈ ਕੇ ਕੀਤਾ ਜਾਂਦਾ ਹੈ ਅਤੇ ਚਿੰਤਾ ਸਾਨੂੰ ਆਉਣ ਵਾਲੇ ਸਮੇਂ ਦੀ ਸਤਾਉਂਦੀ ਹੈ ਪਰ ਦੋਵਾਂ ਦੇ ਮਾੜੇ ਨਤੀਜੇ ਇੱਕੋ ਜਿਹੇ ਹਨ। ਇਨ੍ਹਾਂ ਦੇ ਲਗਾਤਾਰ ਬਣੇ ਰਹਿਣ ਨਾਲ ਤਨ-ਮਨ ’ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਤਣਾਅ ਦਾ ਖ਼ਦਸ਼ਾ ਵੱਧਦਾ ਹੈ, ਸਗੋਂ ਭਵਿੱਖ ਵਿਚ ਫ਼ੈਸਲਾ ਲੈਣ ਦੀ ਸਮਰੱਥਾ ਵੀ ਸ਼ੱਕੀ ਹੁੰਦੀ ਜਾਂਦੀ ਹੈ ਕਿ ਸਾਡੇ ਜੀਵਨ ਦਾ ਹਰੇਕ ਫ਼ੈਸਲਾ ਗ਼ਲਤ ਹੀ ਹੋਵੇਗਾ। ਗ਼ਲਤੀਆਂ ਹਰ ਕਿਸੇ ਤੋਂ ਹੁੰਦੀਆਂ ਹਨ ਪਰ ਉਨ੍ਹਾਂ ਤੋਂ ਸਾਨੂੰ ਸਬਕ ਜ਼ਰੂਰ ਸਿੱਖਣਾ ਚਾਹੀਦਾ ਹੈ। ਇਕ ਸਫਲ ਵਿਅਕਤੀ ਦੀ ਖਾਸੀਅਤ ਇਹੀ ਹੈ ਕਿ ਉਹ ਆਪਣੇ ਫ਼ੈਸਲਿਆਂ ’ਤੇ ਅਟੱਲ ਰਹਿੰਦਾ ਹੈ। ਇਸ ਲਈ ਜੇਕਰ ਤੁਹਾਨੂੰ ਵਾਰ-ਵਾਰ ਅਤੀਤ ਵਿਚ ਪਰਤਣ ਦੀ ਆਦਤ ਹੈ ਤਾਂ ਉਸ ਨੂੰ ਛੱਡਣਾ ਹੋਵੇਗਾ। ਗ਼ਲਤੀਆਂ ਅਤੇ ਅਤੀਤ ਦੀਆਂ ਅਸਫਲਤਾਵਾਂ ਨੂੰ ਵਾਰ-ਵਾਰ ਯਾਦ ਨਹੀਂ ਕਰਨਾ ਚਾਹੀਦਾ। ਜੀਵਨ ਵਿਚ ਪ੍ਰਸੰਨਤਾ ਅਤੇ ਸਫਲਤਾ ਲਈ ਇਹ ਜ਼ਰੂਰੀ ਹੈ ਕਿ ਉਮੀਦ ਦੇ ਨਾਲ ਭਵਿੱਖ ਨੂੰ ਦੇਖੋ ਪਰ ਪਛਤਾਵੇ ਦੇ ਨਾਲ ਅਤੀਤ ਨਹੀਂ। ਬਿਨਾਂ ਪਛਤਾਵੇ ਦੇ ਆਪਣੇ ਅਤੀਤ ਨੂੰ ਸਵੀਕਾਰ ਕਰੋ, ਆਪਣੇ ਵਰਤਮਾਨ ਨੂੰ ਆਤਮ-ਵਿਸ਼ਵਾਸ ਦੇ ਨਾਲ ਸੰਭਾਲੋ ਅਤੇ ਨਿਰਭੈ ਹੋ ਕੇ ਆਪਣੇ ਭਵਿੱਖ ਦਾ ਸਾਹਮਣਾ ਕਰੋ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਅਫ਼ਸੋਸ ਕਰਨਾ ਸਮੇਂ, ਸੰਕਲਪ ਅਤੇ ਸ਼ਕਤੀ ਨੂੰ ਵਿਅਰਥ ਬਰਬਾਦ ਕਰਨਾ ਹੈ। ਇਸ ਲਈ ਸੱਚੀ ਲਗਨ ਨਾਲ ਅਤੇ ਸੋਚ-ਸਮਝ ਕੇ ਲਏ ਗਏ ਆਪਣੇ ਕਿਸੇ ਫ਼ੈਸਲੇ ’ਤੇ ਬਿਲਕੁਲ ਪਛਤਾਵਾ ਨਾ ਕਰੋ। ਪਛਤਾਵੇ ਦੇ ਨਾਲ ਜੀਵਨ ਜਾਰੀ ਰੱਖਣ ਲਈ ਜੀਵਨ ਬਹੁਤ ਛੋਟਾ ਹੈ। ਇਸ ਲਈ ਪਛਤਾਵੇ ਤੋਂ ਮੁਕਤ ਜੀਵਨ ਜਿਊਣਾ ਹਰ ਕਿਸੇ ਦਾ ਟੀਚਾ ਹੋਣਾ ਚਾਹੀਦਾ ਹੈ।

-ਕੈਲਾਸ਼ ਮਾਂਝੂ ਬਿਸ਼ਨੋਈ

Posted By: Susheel Khanna