- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਣਾਂ ਅਨੁਸਾਰ, ਇਕ ਸਮਾਂ ਅਜਿਹਾ ਆਇਆ ਜਦੋਂ ਦੇਵਤਿਆਂ ਦੀ ਸ਼ਕਤੀ ਘਟਣ ਲੱਗੀ ਤੇ ਅਸੁਰ ਲਗਾਤਾਰ ਬਲਸ਼ਾਲੀ ਹੁੰਦੇ ਗਏ। ਉਦੋਂ ਦੇਵਤਿਆਂ ਨੇ ਭਗਵਾਨ ਵਿਸ਼ਨੂੰ ਤੋਂ ਮਦਦ ਮੰਗੀ। ਭਗਵਾਨ ਨੇ ਉਨ੍ਹਾਂ ਨੂੰ ਅਸੁਰਾਂ ਨਾਲ ਮਿਲ ਕੇ ਸ਼ੀਰਸਾਗਰ ਦਾ ਮੰਥਨ ਕਰਨ ਦੀ ਸਲਾਹ ਦਿੱਤੀ ਤਾਂ ਜੋ ਅੰਮ੍ਰਿਤ ਪ੍ਰਾਪਤ ਹੋ ਸਕੇ।

ਧਰਮ ਡੈਸਕ, ਨਵੀਂ ਦਿੱਲੀ : ਸਮੁੰਦਰ ਮੰਥਨ ਦੀ ਕਥਾ ਹਿੰਦੂ ਧਰਮ ਦੀਆਂ ਸਭ ਤੋਂ ਪ੍ਰਸਿੱਧ ਅਤੇ ਰਹੱਸਮਈ ਘਟਨਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਹ ਕੇਵਲ ਦੇਵਤਿਆਂ ਅਤੇ ਅਸੁਰਾਂ (ਦੈਂਤਾਂ) ਵਿਚਕਾਰ ਹੋਏ ਸੰਘਰਸ਼ ਦੀ ਕਹਾਣੀ ਨਹੀਂ ਹੈ, ਬਲਕਿ ਇਸਦੇ ਅੰਦਰ ਜੀਵਨ, ਧੀਰਜ, ਗਿਆਨ ਅਤੇ ਅਧਿਆਤਮਿਕਤਾ ਦੇ ਕਈ ਡੂੰਘੇ ਸੰਦੇਸ਼ ਵੀ ਛਿਪੇ ਹੋਏ ਹਨ।
ਪੁਰਾਣਾਂ ਅਨੁਸਾਰ, ਇਕ ਸਮਾਂ ਅਜਿਹਾ ਆਇਆ ਜਦੋਂ ਦੇਵਤਿਆਂ ਦੀ ਸ਼ਕਤੀ ਘਟਣ ਲੱਗੀ ਤੇ ਅਸੁਰ ਲਗਾਤਾਰ ਬਲਸ਼ਾਲੀ ਹੁੰਦੇ ਗਏ। ਉਦੋਂ ਦੇਵਤਿਆਂ ਨੇ ਭਗਵਾਨ ਵਿਸ਼ਨੂੰ ਤੋਂ ਮਦਦ ਮੰਗੀ। ਭਗਵਾਨ ਨੇ ਉਨ੍ਹਾਂ ਨੂੰ ਅਸੁਰਾਂ ਨਾਲ ਮਿਲ ਕੇ ਸ਼ੀਰਸਾਗਰ ਦਾ ਮੰਥਨ ਕਰਨ ਦੀ ਸਲਾਹ ਦਿੱਤੀ ਤਾਂ ਜੋ ਅੰਮ੍ਰਿਤ ਪ੍ਰਾਪਤ ਹੋ ਸਕੇ।
ਸ਼੍ਰੀਮਦ ਭਾਗਵਤ ਪੁਰਾਣ (ਅੱਠਵੇਂ ਸਕੰਧ) ਅਨੁਸਾਰ, ਸਮੁੰਦਰ ਮੰਥਨ ਲਈ ਮੰਦਰਾਚਲ ਪਰਵਤ ਨੂੰ ਮਧਾਣੀ ਅਤੇ ਨਾਗਰਾਜ ਵਾਸੁਕੀ ਨੂੰ ਰੱਸੀ ਬਣਾਇਆ ਗਿਆ। ਦੇਵਤਿਆਂ ਤੇ ਅਸੁਰਾਂ ਦੋਵਾਂ ਨੇ ਮਿਲ ਕੇ ਸਮੁੰਦਰ ਮੰਥਨ ਸ਼ੁਰੂ ਕੀਤਾ। ਇਸ ਔਖੀ ਪ੍ਰਕਿਰਿਆ ਦੌਰਾਨ ਇਕ-ਇਕ ਕਰ ਕੇ ਕਈ ਦੈਵੀ ਰਤਨ ਪ੍ਰਗਟ ਹੋਏ। ਇਨ੍ਹਾਂ ਵਿਚ ਮਾਤਾ ਲਕਸ਼ਮੀ, ਕਾਮਧੇਨੂ ਗਾਂ, ਐਰਾਵਤ ਹਾਥੀ, ਉੱਚੈਸ਼੍ਰਵਾ ਘੋੜਾ, ਕੌਸਤੁਭ ਮਣੀ, ਪਾਰੀਜਾਤ ਰੁੱਖ, ਚੰਦਰਮਾ ਤੇ ਵਾਰੁਣੀ ਦੇਵੀ ਵਰਗੇ ਅਨੇਕਾਂ ਅਨਮੋਲ ਰਤਨ ਸ਼ਾਮਲ ਸਨ। ਸਭ ਤੋਂ ਪਹਿਲਾਂ ਕਾਲਕੂਟ ਨਾਮਕ ਵਿਸ਼ ਵੀ ਨਿਕਲਿਆ, ਜਿਸ ਨੇ ਪੂਰੀ ਸ੍ਰਿਸ਼ਟੀ ਨੂੰ ਸੰਕਟ ਵਿਚ ਪਾ ਦਿੱਤਾ ਸੀ। ਉਦੋਂ ਭਗਵਾਨ ਸ਼ਿਵ ਨੇ ਉਸ ਵਿਸ਼ ਨੂੰ ਆਪਣੇ ਕੰਠ 'ਚ ਧਾਰਨ ਕਰ ਕੇ ਸੰਸਾਰ ਦੀ ਰੱਖਿਆ ਕੀਤੀ ਅਤੇ ਨੀਲਕੰਠ ਅਖਵਾਏ।
ਹਾਲਾਂਕਿ, ਸਮੁੰਦਰ ਮੰਥਨ 'ਚੋਂ ਨਿਕਲੇ ਸਾਰੇ ਰਤਨਾਂ ਦਾ ਆਪੋ-ਆਪਣਾ ਮਹੱਤਵ ਹੈ, ਪਰ ਇਨ੍ਹਾਂ ਵਿੱਚੋਂ ਸਭ ਤੋਂ ਰਹੱਸਮਈ ਤੇ ਮਹੱਤਵਪੂਰਨ ਅੰਮ੍ਰਿਤ ਕਲਸ਼ ਨੂੰ ਮੰਨਿਆ ਜਾਂਦਾ ਹੈ। ਭਾਗਵਤ ਪੁਰਾਣ ਅਨੁਸਾਰ, ਸਮੁੰਦਰ ਮੰਥਨ ਦੇ ਆਖ਼ਰੀ ਪੜਾਅ 'ਚ ਭਗਵਾਨ ਧਨਵੰਤਰੀ ਪ੍ਰਗਟ ਹੋਏ। ਉਨ੍ਹਾਂ ਦੇ ਹੱਥਾਂ 'ਚ ਅੰਮ੍ਰਿਤ ਨਾਲ ਭਰਿਆ ਹੋਇਆ ਸੋਨੇ ਦਾ ਕਲਸ਼ ਸੀ। ਮਾਨਤਾ ਹੈ ਕਿ ਇਸ ਅੰਮ੍ਰਿਤ ਦਾ ਸੇਵਨ ਕਰਨ ਵਾਲਾ ਮੌਤ ਦੇ ਡਰੋਂ ਮੁਕਤ ਹੋ ਕੇ ਲੰਬੀ ਉਮਰ ਅਤੇ ਬਹੁਤ ਸ਼ਕਤੀਸ਼ਾਲੀ ਬਣ ਸਕਦਾ ਸੀ।
ਅੰਮ੍ਰਿਤ ਦੇ ਦਰਸ਼ਨ ਹੁੰਦੇ ਹੀ ਦੇਵਤਿਆਂ ਤੇ ਅਸੁਰਾਂ ਵਿਚਕਾਰ ਉਸਨੂੰ ਪਾਉਣ ਦੀ ਦੌੜ ਲੱਗ ਗਈ। ਅਸੁਰ ਕਿਸੇ ਵੀ ਕੀਮਤ 'ਤੇ ਅੰਮ੍ਰਿਤ ਪ੍ਰਾਪਤ ਕਰਨਾ ਚਾਹੁੰਦੇ ਸਨ। ਉਦੋਂ ਭਗਵਾਨ ਵਿਸ਼ਨੂੰ ਨੇ ਮੋਹਿਨੀ ਦਾ ਰੂਪ ਧਾਰਨ ਕੀਤਾ। ਮੋਹਿਨੀ ਦੇ ਰੂਪ ਤੇ ਬੁੱਧੀਮਾਨੀ ਤੋਂ ਮੋਹਿਤ ਹੋ ਕੇ ਅਸੁਰਾਂ ਨੇ ਅੰਮ੍ਰਿਤ ਵੰਡਣ ਦਾ ਕੰਮ ਉਨ੍ਹਾਂ ਨੂੰ ਸੌਂਪ ਦਿੱਤਾ। ਭਗਵਾਨ ਵਿਸ਼ਨੂੰ ਨੇ ਆਪਣੀ ਦੈਵੀ ਲੀਲਾ ਨਾਲ ਅੰਮ੍ਰਿਤ ਕੇਵਲ ਦੇਵਤਿਆਂ ਨੂੰ ਪਿਆ ਦਿੱਤਾ। ਇਸੇ ਦੌਰਾਨ ਰਾਹੂ ਨਾਮਕ ਅਸੁਰ ਨੇ ਧੋਖੇ ਨਾਲ ਅੰਮ੍ਰਿਤ ਪੀਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਭੇਦ ਖੁੱਲ੍ਹ ਗਿਆ ਤੇ ਉਸਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ। ਇਹੀ ਰਾਹੂ ਅਤੇ ਕੇਤੂ ਗ੍ਰਹਿਆਂ ਦੀ ਉਤਪੱਤੀ ਦਾ ਕਾਰਨ ਮੰਨਿਆ ਜਾਂਦਾ ਹੈ।
ਅੰਮ੍ਰਿਤ ਕਲਸ਼ ਨੂੰ ਕੇਵਲ ਅਮਰਤਾ ਦੇਣ ਵਾਲੀ ਵਸਤੂ ਨਹੀਂ ਮੰਨਿਆ ਜਾਂਦਾ, ਬਲਕਿ ਇਹ ਅਧਿਆਤਮਕ ਗਿਆਨ, ਆਤਮਿਕ ਉੱਨਤੀ ਅਤੇ ਜੀਵਨ ਦੇ ਰਹੱਸਾਂ ਦਾ ਵੀ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਸਮੁੰਦਰ ਮੰਥਨ ਵਿੱਚੋਂ ਨਿਕਲੇ 14 ਰਤਨਾਂ ਵਿਚ ਅੰਮ੍ਰਿਤ ਕਲਸ਼ ਦਾ ਸਥਾਨ ਸਭ ਤੋਂ ਵਿਸ਼ੇਸ਼ ਅਤੇ ਰਹੱਸਮਈ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।