ਖ਼ੁਦ ਨਾਲ ਸੰਵਾਦ ਨਾ ਹੋਣ ਕਾਰਨ ਹੀ ਮਨੁੱਖ ਵਿਚ ਬੁਰਾਈਆਂ ਦਾ ਚੱਕਰ ਚੱਲਦਾ ਰਹਿੰਦਾ ਹੈ। ਕੋਈ ਵਿਅਕਤੀ ਪਾਪ ਦਾ ਆਚਰਣ ਕਿਉਂ ਕਰਦਾ ਹੈ? ਭਗਵਾਨ ਸ੍ਰੀਕ੍ਰਿਸ਼ਨ ਨੇ ਇਸ ਦਾ ਉੱਤਰ ਦਿੱਤਾ ਹੈ ਕਿ ਆਦਮੀ ਨੂੰ ਪਾਪ ਵਿਚ ਧੱਕਣ ਵਾਲੇ ਦੁਸ਼ਮਣ ਹਨ-ਕਾਮ ਤੇ ਕਰੋਧ। ਕਰੋਧ ਉਸ ਦੇ ਗਿਆਨ ’ਤੇ ਪਰਦਾ ਪਾ ਦਿੰਦਾ ਹੈ। ਅਜਿਹੀ ਮਾਇਆ ਪੈਦਾ ਕਰਦਾ ਹੈ ਕਿ ਆਦਮੀ ਸਮਝ ਹੀ ਨਹੀਂ ਪਾਉਂਦਾ ਕਿ ਉਹ ਪਾਪ ਕਰ ਰਿਹਾ ਹੈ। ਆਦਮੀ ਵਿਚ ਗਹਿਰੀ ਮਦਹੋਸ਼ੀ ਤੇ ਮੂੜ੍ਹ ਮੱਤ ਪੈਦਾ ਹੋ ਜਾਂਦੀ ਹੈ ਅਤੇ ਉਦੋਂ ਉਹ ਜਾਣਦੇ ਹੋਏ ਵੀ ਨਹੀਂ ਜਾਣਦਾ, ਦੇਖਦੇ ਹੋਏ ਵੀ ਨਹੀਂ ਦੇਖਦਾ। ਉਸ ਵਿਚ ਬੁਰੇ ਤੇ ਭਲੇ ਦਾ ਵਿਵੇਕ ਹੀ ਖ਼ਤਮ ਹੋ ਜਾਂਦਾ ਹੈ ਅਤੇ ਤਦ ਉਹ ਨਾ ਕਰਨ ਵਾਲੇ ਕੰਮ ਵੀ ਕਰ ਲੈਂਦਾ ਹੈ। ਇਸੇ ਲਈ ਸੰਤਾਂ ਨੇ ਕਿਹਾ ਹੈ ਕਿ ਸਾਨੂੰ ਖ਼ੁਦ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਸਾਨੂੰ ਪਰਮਾਤਮਾ ਨਾਲ ਜੁੜਨ ਵਿਚ ਮਦਦ ਮਿਲਦੀ ਹੈ। ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਵਿਅਕਤੀ ਨੂੰ ਸੁੱਖ-ਦੁੱਖ ਵਿਚ ਇਕ ਸਮਾਨ ਰਹਿਣਾ ਚਾਹੀਦਾ ਹੈ। ਅਰਥਾਤ ਹਰ ਹਾਲਤ ਵਿਚ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ। ਜੀਵਨ ਵਿਚ ਆਉਣ ਵਾਲੀ ਹਰ ਸਮੱਸਿਆ ਨੂੰ ਠੋਕਰ ਨਾਲ ਹਟਾਉਂਦੇ ਚਲੇ ਜਾਓ, ਹਵਾ ਵਿਚ ਉਡਾਉਂਦੇ ਚਲੇ ਜਾਓ, ਇਕ ਦਿਨ ਸਫਲਤਾ ਦੇ ਸਿਖ਼ਰ ’ਤੇ ਜ਼ਰੂਰ ਪੁੱਜੋਗੇ। ਕਸ਼ਟਾਂ ਤੋਂ ਕੀ ਡਰਨਾ ਹੈ? ਜੋ ਜੀਵਨ ਨੂੰ ਇਕ ਚੁਣੌਤੀ ਮੰਨਦੇ ਹਨ, ਉਹ ਹਰ ਮੁਹਾਜ਼ ’ਤੇ ਕਾਮਯਾਬੀ ਹਾਸਲ ਕਰਦੇ ਹਨ, ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ। ਤੁਸੀਂ ਵੀ ਕੁਝ ਅਜਿਹੀ ਹੀ ਸੋਚਣੀ ਨਾਲ ਅੱਗੇ ਵਧਣ ਲਈ ਤਹੱਈਆ ਕਰੋ। ਚੰਗਾ ਸੋਚੋ, ਚੰਗਾ ਦੇਖੋ, ਚੰਗਾ ਬੋਲੋ, ਚੰਗਾ ਸੁਣੋ ਅਤੇ ਚੰਗਾ ਕਰੋ। ਸਭ ਪ੍ਰਤੀ ਚੰਗਾ ਭਾਵ ਰੱਖੋ, ਸਫਲਤਾ ਜ਼ਰੂਰ ਮਿਲੇਗੀ। ਮਿੱਠੜੇ ਬੋਲ ਸੰਖੇਪ ਅਤੇ ਬੋਲਣ ਵਿਚ ਆਸਾਨ ਹੋ ਸਕਦੇ ਹਨ ਪਰ ਉਨ੍ਹਾਂ ਦੀ ਗੂੰਜ ਸੱਚਮੁੱਚ ਅਨੰਤ ਹੁੰਦੀ ਹੈ। ਜੀਵਨ ਵਿਚ ਸਫਲਤਾ ਲਈ ਜ਼ਰੂਰੀ ਹੈ-ਦਿਮਾਗ ਵਿਚ ਬਰਫ਼ ਦੀ ਫੈਕਟਰੀ ਅਤੇ ਜੀਭ ’ਤੇ ਖੰਡ ਦੀ ਫੈਕਟਰੀ ਲੱਗੇ। ਜੋ ਵਿਅਕਤੀ ਸਬਰ, ਬੁੱਧੀ, ਸੰਕਲਪ, ਕਿਰਤ ਦੀ ਤਾਕਤ ਨਾਲ ਆਪਣਾ ਕੰਮ ਸੰਪੂਰਨ ਕਰਦਾ ਹੈ, ਉਹੀ ਸਫਲਤਾ ਦੇ ਸਿਖ਼ਰ ’ਤੇ ਪੁੱਜਣ ਵਿਚ ਕਾਮਯਾਬ ਹੁੰਦਾ ਹੈ। ਕਰੋਧ ਬੁੱਧੀ ਨੂੰ ਦਿਮਾਗ ਰੂਪੀ ਘਰ ’ਚੋਂ ਬਾਹਰ ਕੱਢ ਦਿੰਦਾ ਹੈ ਅਤੇ ਦਰਵਾਜ਼ੇ ’ਤੇ ਤਾਲਾ ਲਗਾ ਦਿੰਦਾ ਹੈ। ਸਾਫ਼ ਹੈ ਕਿ ਜੀਵਨ ਦੀ ਸਾਰਥਕਤਾ ਸਦਾ ਮੁਸਕਰਾਉਂਦੇ ਰਹਿਣ ਵਿਚ ਹੀ ਹੈ ਅਤੇ ਅਜਿਹਾ ਯਤਨ ਕਰਨਾ ਚਾਹੀਦਾ ਹੈ।

-ਲਲਿਤ ਗਰਗ।

Posted By: Jagjit Singh