ਭਾਰਤ ਮਹਾਨ ਰਿਸ਼ੀਆਂ, ਮੁਨੀਆਂ, ਸੰਤਾਂ, ਗੁਰੂਆਂ ਤੇ ਅਵਤਾਰਾਂ ਦੀ ਜਨਮ-ਭੂਮੀ ਹੈ। ਜੇ ਭਾਰਤ ਦੀ ਆਤਮਾ ਦੇ ਦਰਸ਼ਨ ਕਰਨੇ ਹੋਣ ਤਾਂ ਇਨ੍ਹਾਂ ਮਹਾਨ ਆਤਮਾਵਾਂ ਦੀਆਂ ਸਿੱਖਿਆਵਾਂ ਅਤੇ ਫਲਸਫ਼ੇ ਨੂੰ ਸਮਝ ਕੇ ਹੀ ਕੀਤੇ ਜਾ ਸਕਦੇ ਹਨ। ਅਜਿਹੀਆਂ ਹੀ ਪਵਿੱਤਰ ਹਿਰਦੇ ਵਾਲੀਆਂ ਆਤਮਾਵਾਂ 'ਚੋਂ ਇਕ ਹਨ ਸ਼੍ਰੋਮਣੀ ਸੰਤ ਕਬੀਰ ਜੀ। ਵਿਸ਼ਵ ਦੇ ਕੋਨੇ-ਕੋਨੇ 'ਚ ਵੱਸਦੇ ਕਰੋੜਾਂ ਲੋਕ ਸੰਤ ਕਬੀਰ ਜੀ ਦੇ ਅਨੁਯਾਈ ਹਨ। ਸਵਾਮੀ ਰਾਮਾਨੰਦ ਜੀ ਆਪ ਦੇ ਗੁਰੂ ਸਨ, ਜਿਨ੍ਹਾਂ ਨੇ ਆਪ ਨੂੰ ਸੱਚਾਈ ਤੇ ਭਗਤੀ ਦੇ ਮਾਰਗ 'ਤੇ ਚੱਲਣ ਦੀ ਜੁਗਤ ਦੱਸੀ।

ਸੰਤ ਕਬੀਰ ਜੀ ਬਾਰੇ ਕਈ ਦ੍ਰਿਸ਼ਟਾਂਤ ਜਾਂ ਪ੍ਰਸੰਗ ਕਈ ਸਨਾਤਨ ਗ੍ਰੰਥਾਂ ਤੇ ਸ਼ਾਸਤਰਾਂ ਵਿਚ ਪੜ੍ਹਨ-ਸੁਣਨ ਨੂੰ ਮਿਲਦੇ ਹਨ। ਇਕ ਦ੍ਰਿਸ਼ਟਾਂਤ ਅਨੁਸਾਰ ਗੁਰੁ ਰਾਮਾਨੰਦ ਜੀ ਇਕ ਦਿਨ ਬ੍ਰਹਮ-ਮਹੂਰਤ ਸਮੇਂ ਇਸਨਾਨ ਕਰਨ ਪੰਚਗੰਗਾ ਘਾਟ ਗਏ ਤਾਂ ਘਾਟ ਦੀਆਂ ਪੌੜੀਆਂ 'ਤੇ ਕਬੀਰ ਜੀ ਲੇਟੇ ਹੋਏ ਸਨ। ਥੋੜ੍ਹਾ ਹਨੇਰਾ ਹੋਣ ਕਾਰਨ ਰਾਮਾਨੰਦ ਜੀ ਦੀ ਪੈਰ ਦੀ ਠੋਕਰ ਕਬੀਰ ਸਾਹਿਬ ਦੇ ਸਿਰ ਨੂੰ ਵੱਜੀ। ਸਵਾਮੀ ਰਾਮਾਨੰਦ ਜੀ ਬੇਹੱਦ ਭਾਵੁਕ ਹੋ ਗਏ। ਉਨ੍ਹਾਂ ਨੇ ਕਬੀਰ ਜੀ ਦਾ ਸਿਰ ਪਲੋਸਿਆ ਤੇ ਉਨ੍ਹਾਂ ਨੂੰ ਗਲ ਨਾਲ ਲਗਾਇਆ। ਉਨ੍ਹਾਂ ਕਬੀਰ ਜੀ ਨੂੰ ਆਖਿਆ, ''ਬੇਟਾ! ਪ੍ਰੇਮ ਨਾਲ ਰਾਮ-ਰਾਮ ਉਚਾਰੋ।'' ਕਬੀਰ ਜੀ ਵੱਲੋਂ ਰਾਮ-ਰਾਮ ਉਚਾਰਨ 'ਤੇ ਰਾਮਾਨੰਦ ਜੀ ਨੇ ਕਿਹਾ, ''ਇਸ ਤਰ੍ਹਾਂ ਸਵਾਸ-ਸਵਾਸ ਰਾਮ ਨਾਮ ਜਪਣ ਨਾਲ ਜੀਵਨ ਵਿਚਲਾ ਖ਼ਾਲੀਪਣ, ਦੁੱਖਾਂ, ਪਾਪਾਂ ਦਾ ਨਾਸ਼ ਹੁੰਦਾ ਹੈ। ਕਬੀਰ ਜੀ ਨੇ ਇਨ੍ਹਾਂ ਵਚਨਾਂ ਨੂੰ ਗੁਰੂ ਦੁਆਰਾ ਬਖ਼ਸ਼ਿਸ਼ 'ਗੁਰ-ਮੰਤਰ' ਸਮਝਦੇ ਹੋਣ ਆਪਣੇ ਰੋਮ-ਰੋਮ ਅੰਦਰ ਰਾਮ ਨਾਮ ਨੂੰ ਵਸਾ ਲਿਆ ਤੇ ਆਪਣੇ ਜੀਵਨ ਵਿਚ ਧਰੂ ਤਾਰੇ ਵਾਂਗ ਦੁਨੀਆ ਨੂੰ ਗਿਆਨ ਦੀ ਲੋਅ ਬਖ਼ਸ਼ੀ।

ਕਬੀਰ ਜੀ ਦੀ ਬਾਣੀ ਸਰਲ, ਆਨੰਦ ਦੇਣ ਵਾਲੀ ਤੇ ਮਨੁੱਖੀ ਮਨ ਦੇ ਨੇੜੇ ਹੈ। ਕਬੀਰ ਜੀ ਨੇ ਆਪਣੀਆਂ ਪਵਿੱਤਰ ਭਾਵਨਾਵਾਂ ਨੂੰ ਦੋਹਿਆਂ, ਭਜਨਾਂ, ਕੁੰਡਲੀਆਂ, ਸਾਖੀਆਂ ਦੇ ਰੂਪ ਵਿਚ ਪ੍ਰਗਟ ਕੀਤਾ ਹੈ। ਉਨ੍ਹਾਂ ਦੀ ਬਾਣੀ ਸਹੀ ਅਰਥਾਂ ਵਿਚ ਮਨੁੱਖਤਾ ਦੀ ਰਾਹ ਦਸੇਰਾ ਹੈ। ਉਨ੍ਹਾਂ ਦੀਆਂ ਮਾਨਵਵਾਦੀ ਸਿੱਖਿਆਵਾਂ ਲੋਕ ਮਨਾਂ ਨੂੰ ਝੰਜੋੜਦੀਆਂ ਤੇ ਵੰਗਾਰਦੀਆਂ ਹਨ। ਜੋ ਧਰਮ ਅਤੇ ਸੱਤਾ ਦੇ ਨਾਂ 'ਤੇ ਲੋਕਾਂ ਦਾ ਅਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਦੇ ਹਨ, ਕਬੀਰ ਸਾਹਿਬ ਦੀ ਬਾਣੀ ਉਨ੍ਹਾਂ ਲੋਕਾਂ ਲਈ ਇਕ ਵੰਗਾਰ ਹੈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਧਰਮ ਦੇ ਨਾਂ 'ਤੇ ਹੋ ਰਹੇ ਪਾਖੰਡਾਂ, ਕਰਮ-ਕਾਂਡਾਂ ਤੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ ਤੇ ਮਨੁੱਖੀ ਮਨਾਂ 'ਚ ਫੈਲੇ ਈਰਖਾ, ਨਫ਼ਰਤ ਤੇ ਵੈਰ-ਵਿਰੋਧ ਦੇ ਹਨ੍ਹੇਰੇ ਨੂੰ ਪ੍ਰੇਮ, ਗਿਆਨ ਤੇ ਭਗਤੀ ਦੇ ਪ੍ਰਕਾਸ਼ ਨਾਲ ਰੋਸ਼ਨ ਕੀਤਾ। ਕਬੀਰ ਜੀ ਆਪਣੀ ਬਾਣੀ ਵਿਚ ਈਸ਼ਵਰ ਨੂੰ ਕੇਵਲ ਈਸ਼ਵਰ ਵਜੋਂ ਹੀ ਨਹੀਂ ਸਗੋਂ ਪਿਤਾ, ਮਾਤਾ, ਸਖਾ ਤੇ ਸਵਾਮੀ ਦੇ ਰੂਪ ਵਿਚ ਦੇਖਦੇ ਹਨ। ਉਹ ਆਪਣੀ ਬਾਣੀ ਵਿਚ ਇਕ ਈਸ਼ਵਰ ਦੀ ਆਰਾਧਨਾ ਦੀ ਗੱਲ ਕਰਦੇ ਹਨ। ਪਵਿੱਤਰ ਨਗਰੀ ਕਾਸ਼ੀ ਵਿਚ ਵਿਚਰਦਿਆਂ ਸੰਤ ਕਬੀਰ ਜੀ ਨੇ ਨਿਰਗੁਣ ਭਗਤੀ ਧਾਰਾ ਨੂੰ ਅਪਣਾਉਂਦੇ ਹੋਏ ਨਿਰਾਕਾਰ ਬ੍ਰਹਮ ਦੀ ਉਪਾਸਨਾ 'ਤੇ ਜ਼ੋਰ ਦਿੱਤਾ। ਆਪ ਦੀ ਬਾਣੀ ਸਮਾਜ ਵਿਚਲੀਆਂ ਪਾਖੰਡਵਾਦੀ ਸੋਚਾਂ ਦਾ ਖੰਡਨ ਕਰਦੀ ਹੋਈ ਇਕ ਈਸ਼ਵਰ ਦੀ ਉਪਾਸਨਾ ਦਾ ਹੋਕਾ ਦਿੰਦੀ ਹੈ। ਕਬੀਰ ਜੀ ਲਈ ਰਾਮ ਅਤੇ ਰਹੀਮ, ਮੰਦਿਰ ਤੇ ਮਸਜਿਦ ਵਿਚ ਕੋਈ ਅੰਤਰ ਨਹੀਂ ਸੀ। ਉਨ੍ਹਾਂ ਅਨੁਸਾਰ ਦੋਵੇਂ ਸਥਾਨ ਉਸ ਪਰਮ ਪਿਤਾ ਪਰਮੇਸ਼ਵਰ ਦਾ ਘਰ ਹਨ। ਕਬੀਰ ਜੀ ਦੇ ਅਨੁਸਾਰ ਇਸ ਸਸਾਰ ਵਿਚ ਈਸ਼ਵਰ ਤੋਂ ਵੀ ਉੱਚਾ ਦਰਜ ਗੁਰੂ ਨੂੰ ਪ੍ਰਾਪਤ ਹੈ ਕਿਉਂਕਿ ਗੁਰੂ ਦੀ ਕ੍ਰਿਪਾ ਬਿਨਾਂ ਈਸ਼ਵਰ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਬੀਰ ਜੀ ਦਾ ਵਚਨ ਹੈ :

ਗੁਰੂ ਗੋਬਿੰਦ ਦੋਉ ਖੜ੍ਹੇ ਕਾ ਕੇ

ਲਾਗੂੰ ਪਾਯ।

ਬਲਿਹਾਰੀ ਗੁਰੂ ਆਪਨੋ ਗੋਬਿੰਦ ਦੀਯੋ ਮਿਲਾਯ।

ਅੱਜ ਧਰਮ ਵਿਚ ਵੀ ਦਿਖਾਵੇਬਾਜ਼ੀ ਘਰ ਕਰ ਗਈ ਹੈ। ਕਬੀਰ ਜੀ ਨੇ ਅਜਿਹੇ ਬੰਦਿਆਂ ਲਈ ਕਿਹਾ ਹੈ :

ਮਨ ਕਾ ਮਨਕਾ ਫੇਰ ਧਰੁਵ ਨੇ

ਫੇਰੀ ਮਾਲਾ।

ਧਰ ਚਤੁਰਭੁਜ ਰੂਪ ਮਿਲਾ ਹਰਿ ਮੁਰਲੀਵਾਲਾ।

ਕਹਿਤੇ ਦਾਸ ਕਬੀਰ ਮਾਲਾ ਪ੍ਰਹਲਾਦ ਨੇ ਫੇਰੀ, ਧਰ ਨਰਸਿੰਹ ਕਾ ਰੂਪ।

ਆਪ ਜੀ ਦਾ ਮੰਨਣਾ ਹੈ ਕਿ ਜੇ ਕੋਈ ਨਾਮ ਸਿਮਰਨ ਨਾਲ ਮਨ ਨੂੰ ਗੰਗਾਜਲ ਵਰਗਾ ਨਿਰਮਲ ਕਰ ਲੈਂਦਾ ਹੈ ਤਾਂ ਪਰਮਾਤਮਾ ਆਪ ਭਗਤ ਦੇ ਪਿੱਛੇ-ਪਿੱਛੇ ਘੁੰਮਣ ਲਈ ਮਜ਼ਬੂਰ ਹੋ ਜਾਂਦਾ ਹੈ :

ਕਬੀਰ ਮਨੁ ਨਿਰਮਲ ਭਇਆ ਜੈਸਾ ਗੰਗਾ ਨੀਰ।

ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ-ਕਬੀਰ।

ਅਜ਼ੋਕੇ ਸਮੇਂ ਦੁਨੀਆ ਅੰਦਰ ਜਾਤ-ਪਾਤ, ਧਰਮ ਤੇ ਸੰਪਰਦਾ ਦੇ ਨਾਂ 'ਤੇ ਨਫ਼ਰਤ ਦੀ ਸੰਘਣੀ ਧੁੰਦ ਫੈਲ ਰਹੀ ਹੈ। ਮਨੁੱਖਤਾ ਸੱਚ ਦਾ ਰਾਹ ਛੱਡ ਕੇ ਕੁਰਾਹੇ ਪੈ ਚੁੱਕੀ ਹੈ। ਲੋਕ ਇਕ ਦੂਜੇ ਪ੍ਰਤੀ ਨਿੰਦਿਆ ਤੇ ਨਫ਼ਰਤ ਦੀ ਅੱਗ 'ਚ ਸੜ ਰਹੇ ਹਨ। ਅਜਿਹੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਬੀਰ ਸਾਹਿਬ ਆਖਦੇ ਹਨ ਕਿ ਅਜਿਹੇ ਨਿੰਦਕ ਲੋਕਾਂ ਨੂੰ ਨਿੰਦਾਚ ਚੁਗਲੀ ਨਾਲ ਨਹੀਂ, ਬਲਕਿ ਪ੍ਰੇਮ ਅਤੇ ਮਿੱਤਰ ਭਾਵ ਨਾਲ ਵੀ ਸਮਝਾਇਆ ਜਾ ਸਕਦਾ ਹੈ :

ਨਿੰਦਕ ਨਿਯਰੇ ਰਾਖੀਏ, ਆਂਗਣ ਕੁਟੀ ਬਣਾਇ।

ਬਿਨੁ ਪਾਣੀ ਸਾਬੁਨ ਬਿਨ ਨਿਰਮਲ ਕਰੈ ਸੁਭਾਇ।

ਕਬੀਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ ਅਤੇ ਉਨ੍ਹਾਂ ਦੇ ਅਨੁਯਾਈਆਂ ਵੱਲੋਂ ਬੀਜ਼ਕ ਨਾਂ ਦੇ ਗ੍ਰੰਥ ਵਿਚ ਵੀ ਸੰਗ੍ਰਿਹ ਕੀਤਾ ਗਿਆ ਹੈ। ਬੀਜ਼ਕ ਗ੍ਰੰਥ ਦੇ ਤਿੰਨ ਭਾਗ ਹਨ - ਰਮੈਨੀ, ਸ਼ਬਦ ਤੇ ਸਾਖੀ। ਉਨ੍ਹਾਂ ਦੀ ਬਾਣੀ ਵਿਚ ਅਬਧੀ, ਬ੍ਰਜ਼ ਅਤੇ ਰਾਜਸਥਾਨੀ ਭਾਸ਼ਾ ਦੇ ਸ਼ਬਦ ਮਿਲਦੇ ਹਨ। ਅੱਜ ਵਿਸ਼ਵ ਭਰ ਵਿਚ ਕਬੀਰਪੰਥੀ ਵਿਚਾਰਧਾਰਾ ਵਿਸ਼ਵ ਨੂੰ ਸਹੀ ਦਿਸ਼ਾ ਤੇ ਸੁਨਿਹਰਾ ਭਵਿੱਖ ਦੇਣ ਲਈ ਨਿਰੰਤਰ ਵਹਿ ਰਹੀ ਹੈ। ਕਿਹਾ ਵੀ ਗਿਆ ਹੈ 'ਦੁਰਲਭ ਹੈ ਮਣੀ ਸਰਪ ਕੀ, ਦੁਰਲਭ ਤੱਤਵ ਗਿਆਨ।'

ਸੰਤ ਕਬੀਰ ਜੀ ਨੇ ਸੱਚਮੁੱਚ ਆਪਣੇ ਜੀਵਨ ਵਿਚ ਦੁਰਲੱਭ ਤੇ ਕਠੋਰ ਸਾਧਨਾ ਦੁਆਰਾ ਪ੍ਰਾਪਤ ਹੋਣ ਵਾਲੇ ਤੱਤਵ ਗਿਆਨ ਦੀ ਪ੍ਰਾਪਤੀ ਕਥਤੀ। ਉਨ੍ਹਾਂ ਨੇ ਗਿਆਨ ਦੇ ਇਸ ਦੀਪਕ ਨਾਲ ਹੀ ਸੰਸਾਰ ਵਿਚਲਾ ਧਾਰਮਿਕ ਕੱਟੜਤਾ ਤੇ ਨਫ਼ਰਤ ਦਾ ਹਨ੍ਹੇਰਾ ਦੂਰ ਕੀਤਾ।

ਸੰਤ ਕਬੀਰ ਜੀ ਦੀ ਜੈਅੰਤੀ ਮੌਕੇ ਉਨ੍ਹਾਂ ਪ੍ਰਤੀ ਇਹੀ ਸੱਚੀ ਸ਼ਰਧਾ ਹੋਵੇਗੀ ਕਿ ਅਸੀਂ ਜਾਤ-ਪਾਤ, ਧਰਮ-ਸੰਪਰਦਾ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਹਿੱਤ ਲਈ ਕੰਮ ਕਰੀਏ ਅਤੇ ਦੂਜੇ ਧਰਮਾਂ ਪ੍ਰਤੀ ਹਿਰਦੇ 'ਚ ਭਰੀ ਨਿੰਦ ਤੇ ਨਫ਼ਰਤ ਨੂੰ ਖ਼ਤਮ ਕਰ ਕੇ ਪ੍ਰੇਮ ਰੂਪੀ ਅੰਮ੍ਰਿਤ ਨਾਲ ਭਰੀਏ।

ਤਲਵਿੰਦਰ ਸ਼ਾਸਤਰੀ ਨਾਰੀਕੇ

94643-48258

Posted By: Harjinder Sodhi