ਜੀਵਨ ਦੇ ਰਣ-ਖੇਤਰ ਵਿਚ ਸਭ ਕੁਝ ਮਨੁੱਖ ਨੂੰ ਖ਼ੁਦ ਇਕੱਲੇ ਨੂੰ ਕਰਨਾ ਹੁੰਦਾ ਹੈ। ਉਸ ਨੂੰ ਅਸਤਰ-ਸ਼ਸਤਰ ਜੁਟਾਉਣੇ ਹੁੰਦੇ ਹਨ, ਨੀਤੀ ਤੈਅ ਕਰਨੀ ਹੁੰਦੀ ਹੈ ਅਤੇ ਲੜਨ ਲਈ ਤਾਕਤ ਵੀ ਖ਼ੁਦ ਹੀ ਪੈਦਾ ਕਰਨੀ ਪੈਂਦੀ ਹੈ। ਅਸਤਰ-ਸ਼ਸਤਰ, ਨੀਤੀ-ਯੋਜਨਾ ਅਤੇ ਤਾਕਤ ਵਿਚ ਜਦ ਸੰਤੁਲਨ ਨਹੀਂ ਰਹਿੰਦਾ, ਉਦੋਂ ਮਨੁੱਖ ਨਿਰਾਸ਼ ਹੋ ਜਾਂਦਾ ਹੈ ਅਤੇ ਪਲਾਇਨ ਵੱਲ ਵਧਣ ਲੱਗਦਾ ਹੈ। ਇਸ ਦਾ ਅੰਤ ਕਦੇ-ਕਦੇ ਜੀਵਨ ਨੂੰ ਖ਼ਤਮ ਕਰ ਦੇਣ ਵਿਚ ਹੁੰਦਾ ਹੈ। ਅਜਿਹਾ ਸੱਚ ਤੋਂ ਦੂਰ ਹੋ ਜਾਣ ਦੇ ਕਾਰਨ ਹੁੰਦਾ ਹੈ। ਸੱਚ ਇਹ ਹੈ ਕਿ ਹਰ ਜੀਵ ਦੇ ਅੰਦਰ ਪਰਮਾਤਮਾ ਦਾ ਵਾਸ ਹੈ। ਜਿਸ ਨੇ ਉਸ ਨੂੰ ਮਨ ਦੇ ਅੰਦਰ ਖੋਜ ਲਿਆ, ਉਹ ਆਤਮ-ਬਲ ਨਾਲ ਭਰਪੂਰ ਹੋ ਜਾਂਦਾ ਹੈ। ਆਤਮ-ਬਲ ਨਾਲ ਜੀਵਨ ਵਿਚ ਜਿੱਤ ਦਾ ਸੰਕਲਪ ਜਨਮ ਲੈਂਦਾ ਹੈ। ਜਿੱਤ ਦਾ ਸੰਕਲਪ ਹੀ ਅਸਤਰਾਂ-ਸ਼ਸਤਰਾਂ, ਯੋਜਨਾਵਾਂ ਅਤੇ ਭੌਤਿਕ ਬਲ ਦੀ ਸਾਰਥਿਕਤਾ ਹੈ। ਜਿਸ ਨੂੰ ਆਪਣੇ ਅੰਦਰ, ਆਪਣੇ ਆਲੇ-ਦੁਆਲੇ ਪਰਮਾਤਮਾ ਦਿਖਾਈ ਦੇ ਰਿਹਾ ਹੋਵੇ, ਉਹ ਕਦੇ ਹਤਾਸ਼ਾ ਦੇ ਹਨੇਰੇ ਵਿਚ ਜਾ ਹੀ ਨਹੀਂ ਸਕਦਾ। ਉਹ ਕਦੇ ਹਾਰ ਬਾਰੇ ਸੋਚ ਹੀ ਨਹੀਂ ਸਕਦਾ। ਉਸ ਵਾਸਤੇ ਹਰ ਦਿਨ ਇਕ ਨਵਾਂ ਮੌਕਾ ਬਣ ਕੇ ਸਾਹਮਣੇ ਆਉਂਦਾ ਹੈ। ਇਸ ਨੂੰ ਆਸ਼ਾਵਾਦ, ਹਾਂ-ਪੱਖੀ ਸੋਚ ਜਾਂ ਵੀਰਤਾ ਆਦਿ ਕੁਝ ਵੀ ਕਿਹਾ ਜਾ ਸਕਦਾ ਹੈ। ਪਲਾਇਨਵਾਦ ਜਾਂ ਜੀਵਨ ਦਾ ਅੰਤ ਕਰ ਲੈਣਾ ਤਾਂ ਹੁਣ ਤਕ ਜੋ ਕੁਝ ਇਕੱਠਾ ਕੀਤਾ ਹੈ, ਉਸ ਨੂੰ ਵੀ ਗੁਆ ਦੇਣਾ ਹੈ ਅਤੇ ਭਵਿੱਖ ਦੀਆਂ ਉਨ੍ਹਾਂ ਸੰਭਾਵਨਾਵਾਂ ਨੂੰ ਵੀ ਨਕਾਰ ਦੇਣਾ ਹੈ ਜੋ ਪਰਮਾਤਮਾ ਉਸ ਲਈ ਸਿਰਜਣਾ ਕਰਨ ਜਾ ਰਿਹਾ ਸੀ। ਸੰਸਾਰ ਵਿਚ ਬਹੁਤ ਸਾਰੇ ਯੋਧੇ ਅਜਿਹੇ ਹੋਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਬਹਾਦਰੀ ਦੇ ਬਲਬੂਤੇ ਇਤਿਹਾਸ ਵਿਚ ਜਗ੍ਹਾ ਮਿਲੀ ਹੈ। ਇਹ ਗੱਲ ਅਲੱਗ ਹੈ ਕਿ ਉਨ੍ਹਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਜਾਂ ਨਹੀਂ। ਉਂਜ ਤਾਂ ਟੀਚੇ ਦੀ ਪ੍ਰਾਪਤੀ ਮਹੱਤਵਪੂਰਨ ਹੁੰਦੀ ਹੈ ਪਰ ਜੇਕਰ ਉਸ ਵਿਚ ਅੜਿੱਕੇ ਹਨ ਤਾਂ ਯੋਜਨਾ, ਬਲ ਅਤੇ ਯੁਗਤਾਂ 'ਤੇ ਧਿਆਨ ਅਤੇ ਊਰਜਾ ਕੇਂਦ੍ਰਿਤ ਕਰਨਾ ਹੀ ਸਭ ਤੋਂ ਵਧੀਆ ਗੱਲ ਹੁੰਦੀ ਹੈ। ਸਫਲਤਾ ਕਦ ਅਤੇ ਕਿਸ ਰੂਪ ਵਿਚ ਸਾਹਮਣੇ ਆਵੇਗੀ, ਇਸ ਦੀ ਭਵਿੱਖਬਾਣੀ ਕਠਿਨ ਹੈ। ਇਹ ਵੀ ਹੋ ਸਕਦਾ ਹੈ ਕਿ ਸਫਲਤਾ ਤਾਉਮਰ ਨਾ ਮਿਲੇ ਪਰ ਜੇਕਰ ਇਨਸਾਨ ਦਾ ਸੰਕਲਪ ਅਤੇ ਬਲ ਬਣਿਆ ਹੋਇਆ ਹੈ ਤਾਂ ਇਸ ਨੂੰ ਇਤਿਹਾਸ ਸਦਾ ਯਾਦ ਰੱਖਦਾ ਹੈ। ਇਸ ਤੋਂ ਵੱਡੀ ਪ੍ਰਾਪਤੀ ਹੋਰ ਕੀ ਹੋਵੇਗੀ।

-ਡਾ. ਸਤਿੰਦਰਪਾਲ ਸਿੰਘ।

Posted By: Jagjit Singh